![]()

ਕਿਸੇ ਵੀ ਅਣਸੁਖਾਵੀਂ ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣ ਦੀ ਹਦਾਇਤ
ਲੋਕ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ–ਡਿਪਟੀ ਕਮਿਸ਼ਨਰ
ਲੁਧਿਆਣਾ, 28 ਫਰਵਰੀ ( ਸਤ ਪਾਲ ਸੋਨੀ ) : ਭਾਰਤ-ਪਾਕਿਸਤਾਨ ਸਰਹੱਦ ‘ਤੇ ਪੈਦਾ ਹੋਈ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਜ਼ਿਲਾ ਪ੍ਰਸਾਸ਼ਨ, ਪੁਲਿਸ ਪ੍ਰਸਾਸ਼ਨ ਅਤੇ ਸਥਾਨਕ ਫੌਜ ਅਥਾਰਟੀਜ਼ ਵੱਲੋਂ ਸਾਂਝੀ ਮੀਟਿੰਗ ਸਥਾਨਕ ਬਚਤ ਭਵਨ ਵਿਖੇ ਕੀਤੀ ਗਈ, ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤੀ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜੇਕਰ ਕੋਈ ਹੰਗਾਮੀ ਸਥਿਤੀ ਪੈਦਾ ਹੁੰਦੀ ਹੈ ਤਾਂ ਇਸ ਦਾ ਮੁਕਾਬਲਾ ਕਰਨ ਲਈ ਸਮੂਹ ਧਿਰਾਂ ਨੂੰ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ ਅਤੇ ਲੋੜੀਦੇ ਪ੍ਰਬੰਧ ਸਮਾਂ ਰਹਿੰਦੇ ਮੁਕੰਮਲ ਕਰ ਲੈਣੇ ਚਾਹੀਦੇ ਹਨ।
ਅਗਰਵਾਲ ਨੇ ਕਿਹਾ ਕਿ ਕਿਸੇ ਵੀ ਹੰਗਾਮੀ ਸਥਿਤੀ ਦਾ ਮੁਕਾਬਲਾ ਕਰਨ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਕੰਟਰੋਲ ਰੂਮ (0161-2433100, 2404055) ਸਥਾਪਤ ਕਰ ਦਿੱਤਾ ਗਿਆ ਹੈ, ਜੋ ਕਿ 24 ਘੰਟੇ ਚਾਲੂ ਰਹੇਗਾ। ਇਸ ਤੋਂ ਇਲਾਵਾ ਸਥਾਨਕ ਫੌਜ ਟੁਕੜੀ ਵੱਲੋਂ ਹੈੱਲਪਲਾਈਨ ਨੰਬਰ (9878698405, 9991347241) ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਸਮੂਹ ਐੱਸ. ਡੀ. ਐੱਮਜ਼ ਨੂੰ ਹਦਾਇਤ ਕੀਤੀ ਗਈ ਕਿ ਉਹ ਵੀ ਸਬ ਡਵੀਜਨ ਪੱਧਰ ‘ਤੇ ਕੰਟਰੋਲ ਰੂਮ ਸਥਾਪਤ ਕਰਕੇ ਉਨਾਂ ਨੂੰ ਰੋਜ਼ਾਨਾ 24 ਘੰਟੇ ਚਾਲੂ ਰੱਖਣ। ਇਸ ਤੋਂ ਇਲਾਵਾ ਹਰੇਕ ਵਿਭਾਗ ਦੇ ਜ਼ਿਲਾ ਪੱਧਰੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣਾ ਮੋਬਾਈਲ ਫੋਨ ਹਰ ਸਮੇਂ ਚਾਲੂ ਰੱਖਣਗੇ ਅਤੇ ਕਿਸੇ ਵੀ ਤਰਾਂ ਦੀ ਜਾਣਕਾਰੀ ਮਿਲਣ ‘ਤੇ ਤੁਰੰਤ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਗੇ। ਅਗਰਵਾਲ ਨੇ ਲੋਕਾਂ, ਖਾਸ ਕਰਕੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਇਸ ਸਥਿਤੀ ਵਿੱਚ ਗੁੰਮਰਾਹਕੁੰਨ ਸੋਸ਼ਲ ਮੀਡੀਆ ਪ੍ਰਚਾਰ ਤੋਂ ਸੁਚੇਤ ਰਹਿਣ। ਜੰਗ ਨਾਲ ਸੰਬੰਧਤ ਅਜਿਹੀ ਕੋਈ ਵੀ ਜਾਣਕਾਰੀ ਬਿਨਾਂ ਪੁਸ਼ਟੀ ਅੱਗੇ ਫਾਰਵਰਡ ਨਾ ਕੀਤੀ ਜਾਵੇ, ਜਿਸ ਨਾਲ ਲੋਕਾਂ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਪੈਦਾ ਹੋਵੇ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਇਸ ਸਥਿਤੀ ‘ਤੇ ਕੂਟਨੀਤਿਕ ਤਰੀਕਿਆਂ ਨਾਲ ਕਾਬੂ ਪਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਲਈ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਇਸਦੇ ਨਾਲ ਪੁਲਿਸ ਨੂੰ ਹਦਾਇਤ ਕੀਤੀ ਗਈ ਕਿ ਢੁੱਕਵੀਆਂ ਥਾਵਾਂ ‘ਤੇ ਲੋਡ਼ ਅਨੁਸਾਰ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਕਰ ਦਿੱਤੀ ਜਾਵੇ।
ਅਗਰਵਾਲ ਨੇ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜ)ਇਕਬਾਲ ਸਿੰਘ ਸੰਧੂ, ਲੁਧਿਆਣਾ ਪੁਲਿਸ ਪ੍ਰਸਾਸ਼ਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਸਥਾਨਕ) ਦੀਪਕ ਪਾਰਿਕ, ਲੁਧਿਆਣਾ ਨੂੰ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ। ਇਸੇ ਤਰਾਂ ਲੁਧਿਆਣਾ (ਦਿਹਾਤੀ) ਪੁਲਿਸ, ਖੰਨਾ ਪੁਲਿਸ, ਹਵਾਈ ਅੱਡਾ ਹਲਵਾਰਾ ਅਤੇ ਸਥਾਨਕ ਫੌਜੀ ਟੁਕੜੀਆਂ ਵੱਲੋਂ ਆਪਣੇ-ਆਪਣੇ ਨੋਡਲ ਅਫ਼ਸਰ ਲਗਾ ਦਿੱਤੇ ਗਏ ਹਨ, ਤਾਂ ਜੋ ਹੰਗਾਮੀ ਸਥਿਤੀ ਵਿੱਚ ਆਪਸੀ ਤਾਲਮੇਲ ਕਰਨ ਵਿੱਚ ਕੋਈ ਸਮੱਸਿਆ ਪੇਸ਼ ਨਾ ਆਵੇ।
ਉਨਾਂ ਕਿਹਾ ਕਿ ਐਨ.ਡੀ.ਆਰ.ਐਫ. ਦੇ ਜਵਾਨਾਂ ਦੀ ਟੀਮ ਨੂੰ ਵੀ ਤਿਆਰ ਰੱਖਿਆ ਜਾਵੇ ਤਾਂ ਜੋ ਲੋੜ ਪੈਣ ‘ਤੇ ਉਨਾਂ ਦੀਆਂ ਸੇਵਾਵਾਂ ਲਈਆਂ ਜਾ ਸਕਣ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲੇ ਵਿੱਚ ਪੈਂਦੇ ਸਾਰੇ ਹਸਪਤਾਲਾਂ ਦੀ ਸੂਚੀ ਬਣਾਉਣ ਦੇ ਨਾਲ-ਨਾਲ ਲੋੜੀਦੀਆਂ ਦਵਾਈਆਂ ਅਤੇ ਮਸ਼ੀਨਰੀ ਦਾ ਪ੍ਰਬੰਧ ਕੀਤਾ ਜਾਵੇ। ਉਨਾਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨੂੰ ਲੋੜ ਪੈਣ ‘ਤੇ ਪਸ਼ੂਆਂ ਲਈ ਚਾਰਾ ਆਦਿ ਦਾ ਪ੍ਰਬੰਧ ਰੱਖਣ ਬਾਰੇ ਕਿਹਾ ਗਿਆ।ਉਨਾਂ ਜ਼ਿਲਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨੂੰ ਖਾਣ–ਪੀਣ ਦੀ ਸਮੱਗਰੀ, ਮਿੱਟੀ ਦਾ ਤੇਲ, ਪੈਟਰੋਲ ਅਤੇ ਗੈਸ ਸਿਲੰਡਰਾਂ ਦਾ ਪ੍ਰਬੰਧ ਕਰਨ ਲਈ ਕਿਹਾ। ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਨੂੰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਗੱਡੀਆਂ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਰਿਕਵਰੀ ਵੈਨਾਂ, ਮਸ਼ੀਨਰੀ, ਕਿਸ਼ਤੀਆਂ, ਫਾਇਰ ਟੈਂਡਰ ਆਦਿ ਦੇ ਪ੍ਰਬੰਧ ਕਰਨ ਬਾਰੇ ਵੀ ਕਿਹਾ ਗਿਆ।
ਡਿਪਟੀ ਕਮਿਸ਼ਨਰ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰੀ ਅਦਾਰਿਆਂ ਵਿਸ਼ੇਸ਼ ਕਰਕੇ ਹਸਪਤਾਲਾਂ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਜ਼ਿਲੇ ਦੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਗਿਆ ਤੋਂ ਬਿਨਾਂ ਡਿਊਟੀ ਸਥਾਨ ਨਾ ਛੱਡਣ ਅਤੇ ਆਪਣੇ ਮੋਬਾਇਲ 24 ਘੰਟੇ ਅਟੈਂਡ ਕਰਨੇ ਯਕੀਨੀ ਬਣਾਉਣ। ਮੀਟਿੰਗ ਵਿੱਚ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਨੀਰੂ ਕਤਿਆਲੂ ਗੁਪਤਾ, ਸਮੂਹ ਐੱਸ. ਡੀ. ਐੱਮਜ਼, ਜ਼ਿਲਾ ਮਾਲ ਅਫ਼ਸਰ ਸਵਿਤਾ ਤੋਂ ਇਲਾਵਾ ਵੱਖ–ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਿਲ ਹੋਏ।