ਭਾਰਤੀ ਹਵਾਈ ਫੌਜ ਦੇ ਹਲਵਾਰਾ ਸਟੇਸ਼ਨ ਵਿਖੇ ਨਵੇਂ ਸਿਵਲ ਅੰਤਰਰਾਸ਼ਟਰੀ ਹਵਾਈ ਟਰਮੀਨਲ ਵਾਸਤੇ ਪੰਜਾਬ ਸਰਕਾਰ ਵੱਲੋਂ ਏ.ਏ.ਆਈ ਨਾਲ ਸਮਝੌਤੇ ‘ਤੇ ਸਹੀ

Loading

ਲੁਧਿਆਣਾ, 20 ਦਸੰਬਰ ( ਸਤ ਪਾਲ ਸੋਨੀ) :   ਭਾਰਤੀ ਹਵਾਈ ਫੌਜ ਦੇ ਸਟੇਸ਼ਨ ਹਲਵਾਰਾ (ਲੁਧਿਆਣਾ) ਵਿਖੇ ਇਕ ਨਵਾਂ ਸਿਵਲ ਅੰਤਰਰਾਸ਼ਟਰੀ ਹਵਾਈ ਟਰਮੀਨਲ ਸਥਾਪਤ ਕਰਨ ਦੀ ਪ੍ਰਵਾਨਗੀ ਦੇਣ ਵਾਸਤੇ ਮੰਤਰੀ ਮੰਡਲ ਵੱਲੋਂ 3 ਦਸੰਬਰ, 2018 ਨੂੰ ਲਏ ਗਏ ਫੈਸਲੇ ਦੇ ਸੰਦਰਭ ਵਿੱਚ ਪੰਜਾਬ ਸਰਕਾਰ ਨੇ ਅੱਜ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ) ਨਾਲ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਇਸ ਸਹਿਮਤੀ ਪੱਤਰ ‘ਤੇ ਪੰਜਾਬ ਸਰਕਾਰ ਦੇ ਤਰਫੋਂ ਸ਼ਹਿਰੀ ਹਵਾਬਾਜ਼ੀ ਸਕੱਤਰ ਤੇਜਵੀਰ ਸਿੰਘ ਅਤੇ ਏ.ਏ.ਆਈ ਦੀ ਤਰਫੋਂ ਏ.ਏ.ਆਈ ਦੇ ਕਾਰਜਕਾਰੀ ਡਾਇਰੈਕਟਰ ਜੀ. ਡੀ ਗੁਪਤਾ ਨੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਏ.ਏ.ਆਈ ਦੇ ਚੇਅਰਮੈਨ ਗੁਰਪ੍ਰਸਾਦ ਮੋਹਾਪਾਤਰਾ ਦੀ ਹਾਜ਼ਰੀ ਵਿੱਚ ਹਸਤਾਖਰ ਕੀਤੇ।
ਇਸ ਦੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਪ੍ਰਾਜੈਕਟ ਇਕ ਜਾਇੰਟ ਵੈਂਚਰ ਕੰਪਨੀ (ਜੇ.ਵੀ.ਸੀ) ਦੇ ਰਾਹੀਂ ਲਾਗੂ ਕੀਤਾ ਜਾਵੇਗਾ ਜਿਸ ਵਿੱਚ ਬਹੁਮਤ ਹਿੱਸੇਦਾਰੀ 51 ਫੀਸਦੀ ਏ.ਏ.ਆਈ ਦੀ ਹੈ ਜਦਕਿ ਗ੍ਰੇਟਰ ਲੁਧਿਆਣਾ ਵਿਕਾਸ ਅਥਾਰਟੀ (ਗਲਾਡਾ) ਦੇ ਰਾਹੀਂ ਸੂਬਾ ਸਰਕਾਰ ਦੀ ਹਿੱਸੇਦਾਰੀ 49 ਫੀਸਦੀ ਹੈ।
ਉਨਾਂ ਅੱਗੇ ਦੱਸਿਆ ਕਿ ਨਵਾਂ ਹਵਾਈ ਅੱਡਾ ਵਿਕਸਤ ਕਰਨ ਲਈ ਸਾਰਾ ਪੂੰਜੀ ਖਰਚਾ ਏ.ਏ.ਆਈ ਵੱਲੋਂ ਸਹਿਣ ਕੀਤਾ ਜਾਵੇਗਾ ਜਦਕਿ ਪੰਜਾਬ ਸਰਕਾਰ ਪ੍ਰਾਜੈਕਟ ਲਈ ਸਾਰੀਆਂ ਰੁਕਾਵਟਾਂ ਮੁਕਤ ਕਰਨ ਤੋਂ ਇਲਾਵਾ 135.54 ਏਕਡ਼ ਜ਼ਮੀਨ ਮੁਫ਼ਤ ਵਿੱਚ ਮੁਹੱਈਆ ਕਰਵਾਏਗੀ। ਬੁਲਾਰੇ ਅਨੁਸਾਰ ਇਸ ਨੂੰ ਚਲਾਉਣ, ਪ੍ਰਬੰਧਨ ਅਤੇ ਰੱਖ-ਰਖਾਅ ਦਾ ਖਰਚਾ ਜੇ.ਵੀ.ਸੀ ਸਹਿਣ ਕਰੇਗੀ। ਉਮੀਦ ਹੈ ਕਿ 135.54 ਏਕਡ਼ ਰਕਬੇ ‘ਤੇ ਨਵੇਂ ਅੰਤਰਰਾਸ਼ਟਰੀ ਸਿਵਲ ਇਨਕਲੇਵ ਦੇ ਪਹਿਲੇ ਪਡ਼ਾਅ ਦਾ ਕੰਮ ਤਿੰਨ ਸਾਲਾਂ ਵਿੱਚ ਹਵਾਈ ਜ਼ਹਾਜਾਂ ਦੀ ਕੋਡ 4-ਸੀ ਟਾਈਪ ਦੀਆਂ ਉਡਾਨਾਂ ਵਾਸਤੇ ਮੁਕੰਮਲ ਹੋ ਜਾਵੇਗਾ।
ਲੁਧਿਆਣਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡਾ ਸਿਰਫ ਵਪਾਰਕ ਉਡਾਨਾਂ ਲਈ ਹੀ ਨਹੀਂ ਹੋਵੇਗਾ ਸਗੋਂ ਸੂਬੇ ਵਿੱਚ ਹਵਾਈ ਯਾਤਰੀਆਂ ਨੂੰ ਹਵਾਈ ਸੰਪਰਕ ਦੀਆਂ ਵਧੀਆ ਸਹੂਲਤਾਂ ਵੀ ਮੁਹੱਈਆ ਕਰਵਾਏਗਾ। ਇਸ ਦੇ ਨਾਲ ਸੂਬੇ ਦੇ ਉਦਯੋਗ ਨੂੰ ਵੀ ਲਾਭ ਪਹੁੰਚੇਗਾ।


ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਵਧੀਕ ਮੁੱਖ ਸਕੱਤਰ (ਸਨਅਤਾਂ) ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ, ਸ਼ਹਿਰੀ ਅਤੇ ਯੋਜਨਾਬੰਦੀ ਡਾਇਰੈਕਟਰ ਗੁਰਨੀਤ ਤੇਜ, ਗਲਾਡਾ ਦੇ ਮੁੱਖ ਪ੍ਰਸ਼ਾਸਕ  ਪੀ.ਐਸ. ਗਿੱਲ ਅਤੇ ਡਾਇਰੈਕਟਰ ਸ਼ਹਿਰੀ ਹਵਾਬਾਜ਼ੀ ਗਿਰੀਸ਼ ਦਿਆਲਨ, ਮੁਹਾਲੀ ਕੌਮਾਂਤਰੀ ਹਵਾਈ ਅੱਡਾ ਦੇ ਸੀ.ਈ.ਓ. ਸੁਨੀਲ ਦੱਤ ਅਤੇ ਸੰਯੁਕਤ ਜੀ.ਐਮ. (ਇੰਜ) ਅਸ਼ੋਕ ਕੁਮਾਰ ਵੀ ਹਾਜ਼ਰ ਸਨ।

30460cookie-checkਭਾਰਤੀ ਹਵਾਈ ਫੌਜ ਦੇ ਹਲਵਾਰਾ ਸਟੇਸ਼ਨ ਵਿਖੇ ਨਵੇਂ ਸਿਵਲ ਅੰਤਰਰਾਸ਼ਟਰੀ ਹਵਾਈ ਟਰਮੀਨਲ ਵਾਸਤੇ ਪੰਜਾਬ ਸਰਕਾਰ ਵੱਲੋਂ ਏ.ਏ.ਆਈ ਨਾਲ ਸਮਝੌਤੇ ‘ਤੇ ਸਹੀ

Leave a Reply

Your email address will not be published. Required fields are marked *

error: Content is protected !!