![]()

ਸ਼ਰਾਰਤੀ ਤੱਤ ਅੱਤਵਾਦੀ ਹਮਲੇ ਦੀ ਆਡ਼ ‘ਚ ਪੰਜਾਬ ‘ਚ ਗੁੰਡਾਗਰਦੀ ਕਰਨਾ ਚਾਹੁੰਦੇ ਹਨ : ਸ਼ਾਹੀ ਇਮਾਮ
ਲੁਧਿਆਣਾ, 24 ਫਰਵਰੀ ( ਸਤ ਪਾਲ ਸੋਨੀ ) : ਸ਼ਹਿਰ ਦੀ ਇਤਿਹਾਸਿਕ ਜਾਮਾ ਮਸਜਿਦ ਤੋਂ ਜਾਰੀ ਪ੍ਰੈਸ ਰਿਲੀਜ ‘ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਕੇਂਦਰ ਸਰਕਾਰ ਪਾਕਿਸਤਾਨ ਦੇ ਖਿਲਾਫ ਜੋ ਵੀ ਕਾਰਵਾਈ ਕਰੇਗੀ ਦੇਸ਼ ਦੇ ਮੁਸਲਮਾਨ ਉਸ ‘ਚ ਆਪਣਾ ਯੋਗਦਾਨ ਦੇਣਗੇ, ਲੇਕਿਨ ਇਸ ਦੌਰਾਨ ਅੱਤਵਾਦ ਦੇ ਖਿਲਾਫ ਜੰਗ ਨੂੰ ਫਿਰਕਾਪ੍ਰਸਤੀ ਦੀ ਹਵਾ ਦੇ ਰਹੇ ਸ਼ਰਾਰਤੀ ਤੱਤਾਂ ਨੂੰ ਵੀ ਦੇਸ਼ ਦਾ ਮਾਹੌਲ ਖ਼ਰਾਬ ਕਰਨ ਤੋਂ ਰੋਕਨਾ ਹੋਵੇਗਾ । ਸ਼ਾਹੀ ਇਮਾਮ ਨੇ ਕਿਹਾ ਕਿ ਪਾਕਿਸਤਾਨ ਦਾ ਨਾਮ ਲੈ ਕੇ ਭਾਰਤੀ ਮੁਸਲਮਾਨਾਂ ਨੂੰ ਧਮਕੀਆਂ ਦੇਣਾ ਨਿੰਦਣਯੋਗ ਹੈ। ਉਨਾਂ ਕਿਹਾ ਕਿ ਬੀਤੇ ਇੱਕ ਹਫ਼ਤੇ ਤੋਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਹਨ ਕਿ ਸ਼ਰਾਰਤੀ ਤੱਤ ਅੱਤਵਾਦੀ ਹਮਲੇ ਦੀ ਨਿੰਦਾ ਦੀ ਆਡ਼ ‘ਚ ਗੁੰਡਾਗਰਦੀ ਕਰਨਾ ਚਾਹੁੰਦੇ ਹਨ ।
ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਖਾਸ ਕਰ ਲੁਧਿਆਣਾ ਪੁਲਿਸ ਪ੍ਰਸ਼ਾਸਨ ਨੂੰ ਇਸ ‘ਤੇ ਜਲਦੀ ਸਖ਼ਤ ਕਰਵਾਈ ਕਰਨੀ ਚਾਹੀਦੀ ਹੈ । ਉਨਾਂ ਕਿਹਾ ਕਿ ਸਾਡੇ ਪੂਰਵਜਾਂ ਨੇ ਉਸ ਸਮੇਂ ਪਾਕਿਸਤਾਨ ਮੁਰਦਾਬਾਦ ਦਾ ਨਾਰਾ ਲਾ ਦਿੱਤਾ ਸੀ ਜਦੋਂ ਮੁਸਲਿਮ ਲਿਗੀ ਸਾਹਮਣੇ ਸਨ। ਸ਼ਾਹੀ ਇਮਾਮ ਨੇ ਕਿਹਾ ਕਿ ਕਿਸੇ ਗਰੀਬ ਆਦਮੀ ਨੂੰ ਸਡ਼ਕ ‘ਤੇ ਰੋਕ ਕੇ ਬਦਮਾਸ਼ੀ ਨਾਲ ਧਮਕਾਉਣਾ ਬਹਾਦਰੀ ਨਹੀਂ ਬੁਜ਼ਦਿੱਲੀ ਹੈ । ਇੱਕ ਸਵਾਲ ਦੇ ਜਵਾਬ ‘ਚ ਸ਼ਾਹੀ ਇਮਾਮ ਨੇ ਕਿਹਾ ਕਿ ਸਾਰੇ ਮੁਸਲਮਾਨ ਸੱਚੇ ਭਾਰਤੀ ਹਨ ਸਾਨੂੰ ਕਿਸੇ ਤੋਂ ਦੇਸ਼ ਭਗਤੀ ਦੇ ਸਰਟੀਫਿਕੇਟ ਲੈਣ ਦੀ ਲੋਡ਼ ਨਹੀਂ ਹੈ। ਉਨਾਂ ਕਿਹਾ ਕਿ ਅਸੀਂ ਜਿੱਥੇ ਆਪਣੇ ਦੇਸ਼ ਦੀ ਰੱਖਿਆ ਅਤੇ ਅਖੰਡਤਾ ਲਈ ਜਾਨ ਦੇ ਸਕਦੇ ਹਾਂ ਉਥੇ ਦੇਸ਼ ‘ਚ ਗੁੰਡਾਗਰਦੀ ਕਰਨ ਦੀ ਹਰਗਿਜ਼ ਇਜਾਜਤ ਨਹੀਂ ਦੇ ਸਕਦੇ । ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਅਗਲੇ ਸ਼ੁੱਕਰਵਾਰ ਨੂੰ ਲੱਖਾਂ ਮੁਸਲਮਾਨ ਆਪਣੇ ਆਤਮ – ਸਨਮਾਨ ਲਈ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਜਾਣਗੇ ।