![]()

ਵੱਖ-ਵੱਖ ਧਿਰਾਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਹਰਿਆਵਲ ਵਧਾਈ ਜਾਵੇਗੀ-ਪੂਨਮ ਪ੍ਰੀਤ ਕੌਰ
ਲੁਧਿਆਣਾ, 6 ਸਤੰਬਰ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸ਼ਹਿਰ ਨੂੰ ਹਰਾ-ਭਰਾ ਅਤੇ ਸੁੰਦਰ ਬਣਾਉਣ ਲਈ ਥਾਂ-ਥਾਂ ਪੌਦੇ ਲਗਾਏ ਜਾ ਰਹੇ ਹਨ। ਇਸ ਕੰਮ ਵਿੱਚ ਜਿੱਥੇ ਸਰਕਾਰੀ ਅਦਾਰੇ ਅਤੇ ਲੋਕ ਸਹਿਯੋਗ ਕਰ ਰਹੇ ਹਨ, ਉਥੇ ਹੀ ਨਿੱਜੀ ਅਤੇ ਅਰਧ ਸਰਕਾਰੀ ਖੇਤਰ ਦੀਆਂ ਕਈ ਕੰਪਨੀਆਂ ਵੀ ਅੱਗੇ ਆਈਆਂ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਨਗਰ ਨਿਗਮ ਲੁਧਿਆਣਾ ਦੇ ਸੰਯੁਕਤ ਕਮਿਸ਼ਨਰ ਡਾ. ਪੂਨਮ ਪ੍ਰੀਤ ਕੌਰ ਨੇ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਪੌਦੇ ਲਗਾਉਣ ਦੀ ਰਸਮ ਤੋਂ ਬਾਅਦ ਕੀਤਾ।
ਉਨਾਂ ਦੱਸਿਆ ਕਿ ਵੱਖ-ਵੱਖ ਧਿਰਾਂ ਵੱਲੋਂ ਮਿਲ ਰਹੇ ਭਰਵੇਂ ਸਹਿਯੋਗ ਨਾਲ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਫ਼ਲ ਕਰਨ ਲਈ ਲਗਾਤਾਰ ਯਤਨ ਜਾਰੀ ਹਨ। ਨਗਰ ਨਿਗਮ ਲੁਧਿਆਣਾ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਅਤੇ ‘ਸਵੱਛਤਾ ਸਰਵੇਖਣ-2019’ ਨੂੰ ਧਿਆਨ ਵਿੱਚ ਰੱਖਕੇ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਜਾ ਰਹੇ ਹਨ, ਜਿਸ ਵਿੱਚੋਂ 18 ਹਜ਼ਾਰ ਤੋਂ ਵਧੇਰੇ ਪੌਦੇ ਗਲਾਡਾ ਨੇ ਹੀ ਮੁਹੱਈਆ ਕਰਵਾਉਣੇ ਹਨ। ਇਹ ਕੰਮ ਜਲਦ ਮੁਕੰਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਗਾਮੀ ‘ਸਵੱਛ ਸਰਵੇਖਣ-2019’ ਵਿੱਚ ਸ਼ਹਿਰ ਲੁਧਿਆਣਾ ਦੀ ਦਰਜਾਬੰਦੀ ਵਿੱਚ ਸੁਧਾਰ ਕਰਨ ਲਈ ਨਗਰ ਨਿਗਮ ਲੁਧਿਆਣਾ ਨੇ ਕਮਰਕੱਸ ਲਈ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸ਼ਹਿਰ ਵਿੱਚ ਹਰਿਆਵਲ ਅਤੇ ਸਫ਼ਾਈ ਨੂੰ ਵਧਾਉਣ ‘ਤੇ ਸਭ ਤੋਂ ਵੱਧ ਜ਼ੋਰ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਉਨਾਂ ਸ਼ਹਿਰ ਦੇ ਨਾਗਰਿਕਾਂ ਅਤੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨਾਂ ਨੂੰ ਸੰਭਾਲਣ ਲਈ ਯਤਨ ਕਰਨ। ਇਸ ਮੌਕੇ ਕਾਲਜ ਦੇ ਵਿਹੜੇ ਵਿੱਚ ਅਤੇ ਕਾਲਜ ਦੇ ਆਲੇ-ਦੁਆਲੇ 200 ਤੋਂ ਵਧੇਰੇ ਪੌਦੇ ਲਗਾਏ ਗਏ। ਇਸ ਮੌਕੇ ਉਨਾਂ ਭਾਰਤੀ ਤੇਲ ਨਿਗਮ ਲਿਮਿਟਡ ਅਤੇ ਅਰੁਣ ਗੈਸ ਏਜੰਸੀ ਲੁਧਿਆਣਾ ਵੱਲੋਂ ਦਿੱਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ। ਇਸ ਮੌਕੇ ਸਰਕਾਰੀ ਕਾਲਜ (ਲੜਕੀਆਂ) ਦਾ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਵੀ ਹਾਜ਼ਰ ਸਨ।