![]()

ਲੁਧਿਆਣਾ 9 ਜਨਵਰੀ ( ਸਤ ਪਾਲ ਸੋਨੀ ) : ਭਗਵੰਤ ਮੈਮੋਰੀਅਲ (ਚੈਰੀਟੇਬਲ) ਟਰੱਸਟ ਰਜਿ: (1970) ਪਿੰਡ ਨਾਰੰਗਵਾਲ, ਜ਼ਿਲਾ ਲੁਧਿਆਣਾ ਦੇ ਨਵੇਂ ਦਫਤਰ ਦਾ ਉਦਘਾਟਨ ਪਿੰਡ ਨਾਰੰਗਵਾਲ ਵਿਖੇ ਕੀਤਾ ਗਿਆ। ਰੀਬਨ ਕੱਟਣ ਦੀ ਰਸਮ ਪਿੰਡ ਦੇ ਮਾਨਯੋਗ ਸਰਪੰਚ ਗੁਰਪ੍ਰੀਤ ਕੌਰ ਵੱਲੋਂ ਕੀਤੀ ਗਈ। ਇਸ ਸਮੇਂ ਪਰਮਿੰਦਰ ਸਿੰਘ, ਪਿੰਡ ਦੇ ਸਾਰੇ ਪੰਚ ਸਾਹਿਬਾਨ, ਲੰਬੜਦਾਰ, ਇਲਾਕੇ ਦੇ ਹੋਰ ਪਤਵੰਤੇ ਸੱਜਣ ਹਾਜ਼ਿਰ ਸਨ। ਟਰੱਸਟ ਵੱਲੋਂ ਰਣਜੀਤ ਸਿੰਘ ਗਰੇਵਾਲ (ਮੈਨਜਿੰਗ ਟਰੱਸਟੀ), ਰਾਮ ਆਸਰਾ ਸਿੰਘ (ਟਰੱਸਟੀ) ਅਤੇ ਜਸਵਿੰਦਰ ਸਿੰਘ ਐਡਵੋਕੇਟ (ਟਰੱਸਟੀ) ਨੇ ਸਮੂਹ ਪੰਚਾਇਤ ਦਾ ਧੰਨਵਾਦ ਕੀਤਾ। ਟਰੱਸਟ ਵੱਲੋਂ ਪਿੰਡ ਦੇ ਸਰਪੰਚ ਗੁਰਪ੍ਰੀਤ ਕੌਰ ਨੂੰ ਟਰੱਸਟ ਦਾ ਨਵਾਂ ਟਰੱਸਟੀ ਨਿਯੁਕਤ ਕੀਤਾ ਗਿਆ। ਰਣਜੀਤ ਸਿੰਘ ਗਰੇਵਾਲ (ਮੈਨਜਿੰਗ ਟਰੱਸਟੀ) ਨੇ ਸਰਪੰਚ ਸਾਹਿਬਾ ਨੂੰ ਟਰੱਸਟ ਦਾ ਨਿਯੁਕਤੀ ਪੱਤਰ ਭੇਂਟ ਕੀਤਾ। ਇਸ ਖੁਸ਼ੀ ਵਿੱਚ ਆਈ ਸਾਰੀ ਸੰਗਤ ਨੂੰ ਲੱਡੂ ਵੀ ਵੰਡੇ ਗਏ। ਪਿੰਡ ਦੇ ਸਰਪੰਚ ਅਤੇ ਪੰਚਾਇਤ ਨੇ ਭਗਵੰਤ ਮੈਮੋਰੀਅਲ ਹਸਪਤਾਲ ਨੂੰ ਦੁਬਾਰਾ ਚਾਲੂ ਕਰਾਉਣ ਲਈ ਆਪਣਾ ਸਾਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਅਤੇ ਲੋੜ ਪੈਣ ‘ਤੇ ਅਦਾਲਤੀ ਪ੍ਰਕਿਰਿਆ ਸ਼ੁਰੂ ਕਰਨ ਦਾ ਵੀ ਫੈਸਲਾ ਲਿਆ। ਟਰੱਸਟ ਨੇ ਪਿੰਡ ਨਾਰੰਗਵਾਲ ਵਿੱਚ ਇੱਕ ਨਵਾਂ ਐਮ.ਬੀ.ਬੀ.ਐਸ. ਮੈਡੀਕਲ ਕਾਲਜ ਵੀ ਜਲਦੀ ਲਿਆਉਣ ਲਈ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਟਰੱਸਟ ਵੱਲੋਂ ਪਿੰਡ ਵਾਸੀਆਂ ਨੂੰ ਮੈਡੀਕਲ ਹਸਪਤਾਲ ਦੀਆਂ ਦੁਬਾਰਾ ਮੁਫਤ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ। ਸਾਰੇ ਪਿੰਡ ਵਾਸੀਆਂ ਅਤੇ ਪੰਚਾਇਤ ਨੇ ਟਰੱਸਟ ਦੇ ਇਸ ਉਪਰਾਲੇ ਸਬੰਧੀ ਬਹੁਤ ਖੁਸ਼ੀ ਜਾਹਿਰ ਕੀਤੀ।