![]()

ਪਿੰਡ ਨੱਥੋਵਾਲ ਵਿਖੇ ਟਰਾਈਸਾਈਕਲਾਂ ਅਤੇ ਸਿਲਾਈ ਮਸ਼ੀਨਾਂ ਦੀ ਵੰਡ
ਰਾਏਕੋਟ/ਲੁਧਿਆਣਾ, 6 ਅਪ੍ਰੈੱਲ ( ਸਤ ਪਾਲ ਸੋਨੀ ) : ”ਬੇਸਹਾਰਾ ਤੇ ਲੋਡ਼ਵੰਦ ਵਿਅਕਤੀ ਸਮਾਜ ਦਾ ਅਹਿਮ ਅੰਗ ਹੁੰਦੇ ਹਨ, ਇਨਾਂ ਦੀ ਸਹਾਇਤਾ ਕਰਨਾ ਸਭ ਤੋਂ ਅਹਿਮ ਸੇਵਾ ਹੁੰਦੀ ਹੈ।” ਇਹ ਵਿਚਾਰ ਗੁਰਮੇਲ ਸਿੰਘ ਮੱਲੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸਾਊਥਾਲ ਇੰਗਲੈਂਡ ਅਤੇ ਪ੍ਰਸਿੱਧ ਬਿਲਡਰ ਦੀਪਕ ਸਿੰਘਲ (ਦੀਪਕ ਬਿਲਡਰਜ਼) ਨੇ ਪਿੰਡ ਨੱਥੋਵਾਲ ਵਿਖੇ ਪ੍ਰਵਾਸੀ ਪੰਜਾਬੀ ਹਰਦਿਆਲ ਸਿੰਘ ਕਰਨ ਬੁੱਟਰ ਦੇ ਪਰਿਵਾਰ ਵੱਲੋਂ ਬੇਸਹਾਰਾ ਅਤੇ ਲੋਡ਼ਵੰਦ ਵਿਅਕਤੀਆਂ ਨੂੰ ਟਰਾਈਸਾਈਕਲ ਅਤੇ ਸਿਲਾਈ ਮਸ਼ੀਨਾਂ ਵੰਡੇ ਜਾਣ ਮੌਕੇ ਕਰਵਾਏ ਗਏ ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰ. ਮੱਲੀ ਅਤੇ ਸਿੰਘਲ ਨੇ ਇੰਗਲੈਂਡ ਨਿਵਾਸੀ ਹਰਦਿਆਲ ਸਿੰਘ ਬੁੱਟਰ ਤੇ ਉਸਦੇ ਸਹਿਯੋਗੀਆਂ ਵੱਲੋਂ ਕੀਤੇ ਗਏ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪਰਉਪਕਾਰ ਵਾਲੇ ਕਾਰਜਾਂ ਲਈ ਹਰੇਕ ਵਿਅਕਤੀ, ਖਾਸ ਕਰਕੇ ਪ੍ਰਵਾਸੀ ਪੰਜਾਬੀਆਂ ਨੂੰ ਅੱਗੇ ਆਉਣ ਦੀ ਲੋਡ਼ ਹੈ। ਉਨਾਂ ਦੀ ਮਿਹਨਤ ਨਾਲ ਕੀਤੀ ਕਿਰਤ ਕਮਾਈ ਨਾਲ ਕਈ ਲੋਡ਼ਵੰਦਾਂ ਦਾ ਜੀਵਨ ਪੰਧ ਸੌਖਾ ਹੋ ਸਕਦਾ ਹੈ। ਉਨਾਂ ਪ੍ਰਵਾਸੀ ਪੰਜਾਬੀਆਂ ਨੂੰ ਇਹ ਵੀ ਸੱਦਾ ਦਿੱਤਾ ਕਿ ਉਹ ਆਪੋ-ਆਪਣੇ ਪਿੰਡ ਅਤੇ ਕਸਬਿਆਂ ਦੇ ਵਿਕਾਸ ਲਈ ਹੰਭਲਾ ਮਾਰਨ।
ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਬਲਦੇਵ ਸਿੰਘ ਚੁੰਘਾਂ, ਪ੍ਰਸਿੱਧ ਕਾਰੋਬਾਰੀ ਬਲਜੀਤ ਸਿੰਘ ਮੱਲੀ ਇੰਗਲੈਂਡ, ਕੁਲਦੀਪ ਸਿੰਘ ਮੱਲੀ ਇੰਗਲੈਂਡ, ਹਨੀ ਸੇਖੋਂ ਓ. ਐੱਸ. ਡੀ. ਟੂ ਮੁੱਖ ਮੰਤਰੀ ਪੰਜਾਬ, ਨਵਜੋਤ ਸਿੰਘ ਮਾਹਲ ਐੱਸ. ਐੱਸ. ਪੀ. ਖੰਨਾ, ਕਮਲਜੀਤ ਸਿੰਘ ਢਿੱਲੋਂ ਏ. ਆਈ. ਜੀ. ਕਰਾਈਮ ਲੁਧਿਆਣਾ ਨੇ ਵੀ ਬੁੱਟਰ ਪਰਿਵਾਰ ਦੀ ਭਰਪੂਰ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਕਿ ਉਨਾਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਗਿਆ ਹੈ। ਉਨਾਂ ਇਸ ਪਰਿਵਾਰ ਨਾਲ ਆਪਣੀ ਨੇਡ਼ਤਾ ਦਾ ਪ੍ਰਗਟਾਵਾ ਕਰਦਿਆਂ ਬਾਕੀ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਕਾਸ ਉਪਰਾਲਿਆਂ ਲਈ ਇਸ ਪਰਿਵਾਰ ਤੋਂ ਸੋਝੀ ਲੈਣ। ਉਨਾਂ ਦੱਸਿਆ ਕਿ ਇਹ ਪਰਿਵਾਰ ਇਸ ਤੋਂ ਪਹਿਲਾਂ ਹੀ ਅਜਿਹੇ ਉਪਰਾਲੇ ਕਰਦਾ ਰਹਿੰਦਾ ਹੈ, ਜਿਨਾਂ ਦਾ ਅੱਜ ਤੱਕ ਸੈਂਕਡ਼ੇ ਲੋਕ ਲਾਹਾ ਲੈ ਚੁੱਕੇ ਹਨ।
ਇਸ ਸਮਾਗਮ ਵਿੱਚ 100 ਵਿਅਕਤੀਆਂ ਨੂੰ ਟਰਾਈਸਾਈਕਲ ਅਤੇ 100 ਲੋਡ਼ਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ। ਇਸ ਤੋਂ ਪਹਿਲਾਂ ਪਰਿਵਾਰ ਵੱਲੋਂ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਰਪੰਚ ਬੀਬੀ ਗੁਰਪ੍ਰੀਤ ਕੌਰ ਅਤੇ ਸੇਵਕ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲਜੀਤ ਸਿੰਘ ਧਾਲੀਵਾਲ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ, ਬਲਵਿੰਦਰ ਸਿੰਘ ਬਿੱਲਾ ਗਿੱਲ,ਤਜਿੰਦਰ ਸਿੰਘ ਸੇਖੋਂ, ਅਜੀਤ ਸਿੰਘ ਵਾਲੀਆ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਮਨਪ੍ਰੀਤ ਸਿੰਘ ਬੁੱਟਰ, ਕਲੱਬ ਪ੍ਰਧਾਨ ਜਗਪ੍ਰੀਤ ਸਿੰਘ ਬੁੱਟਰ, ਸਾਬਕਾ ਸਰਪੰਚ ਕ੍ਰਿਪਾਲ ਸਿੰਘ ਬੁੱਟਰ, ਸ੍ਰ. ਅਮਰਜੀਤ ਸਿੰਘ, ਹਰਪ੍ਰੀਤ ਸਿੰਘ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।