![]()

ਬੇਰੁਜਗਾਰ ਲਾਈਨਮੈਨ ਯੂਨੀਅਨ ਵੱਲੋਂ ਪਾਵਰਕਾਮ ਦੀ ਮੈਨੇਜਮੈਂਟ ਤੋਂ 3500 ਪੋਸਟਾਂ ਅਤੇ ਉਮਰ ਹੱਦ 45 ਸਾਲ ਕਰਨ ਦੀ ਕੀਤੀ ਮੰਗ
ਲੁਧਿਆਣਾ, 15 ਅਕਤੂਬਰ ( ਸਤ ਪਾਲ ਸੋਨੀ ) : ਪਿਛਲੇ 20 ਸਾਲਾਂ ਤੋਂ ਬਿਜਲੀ ਨਿਗਮ ਵਿੱਚ ਬੇਰੁਜਗਾਰ ਲਾਈਨਮੈਨ ਦੀ ਭਰਤੀ ਲਈ ਸੰਘਰਸ਼ ਕਰਦੀ ਆ ਰਹੀ ਜੁਝਾਰੂ ਜੱਥੇਬੰਦੀ ਬੇਰੁਜਗਾਰ ਲਾਈਨਮੈਨ ਯੂਨੀਅਨ ਨੇ ਜਿਥੇ ਪਹਿਲਾਂ 2000 ਲਾਈਨਮੈਨਾਂ ਨੂੰ ਭਰਤੀ ਕਰਵਾ ਦਿੱਤਾ ਹੈ ਉਥੇ ਹੀ ਹੁਣ ਬਾਕੀ ਬਚਦੇ ਲਾਈਨਮੈਨਾਂ ਨੂੰ ਵੀ ਭਰਤੀ ਕਰਵਾਉਣ ਲਈ ਸੰਘਰਸ਼ ਦੇ ਰਾਹ ਤੁਰੀ ਹੋਈ ਹੈ। ਏਥੇ ਏਹ ਵੀ ਜਿਕਰਯੋਗ ਹੈ ਕਿ ਯੂਨੀਅਨ ਨੇ ਨੌਕਰੀ ਦੇ ਸੰਘਰਸ਼ ਦੇ ਨਾਲ ਨਾਲ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬਾ ਪ੍ਰਧਾਨ ਪਿਰਮਲ ਸਿੰਘ ਨੂੰ ਆਮ ਆਦਮੀਂ ਪਾਰਟੀ ਵੱਲੋਂ ਖਡ਼ੇ ਕਰਕੇ ਉਸ ਨੂੰ ਵੀ ਵੱਡੀ ਲੀਡ ਨਾਲ ਚੋਣ ਜਿਤਾ ਕੇ ਵਿਧਾਨ ਸਭਾ ਵਿੱਚ ਭੇਜ ਦਿੱਤਾ ਹੈ। ਸੂਬਾ ਪ੍ਰਧਾਨ ਦੇ ਵਿਧਾਇਕ ਬਣ ਜਾਣ ਕਾਰਨ ਬੇਰੁਜਗਾਰ ਲਾਈਨਮੈਨਾਂ ਨੂੰ ਹੁਣ ਸਰਕਾਰ ਖਿਲਾਫ ਲਡ਼ਾਈ ਲਡ਼ਨੀ ਵੀ ਸੌਖੀ ਹੋ ਗਈ ਹੈ। ਸੂਬਾ ਪ੍ਰਧਾਨ ਵਿਧਾਇਕ ਬਣਨ ਤੋਂ ਬਾਦ ਹੁਣ ਵੀ ਸੂਬੇ ਦਾ ਪ੍ਰਧਾਨ ਹੀ ਹੈ ਤੇ ਜੱਥੇਬੰਦੀ ਨੂੰ ਮਜਬੂਤ ਰੱਖਣ ਲਈ ਪੰਜਾਬ ਭਰ ਵਿੱਚ ਖੁਦ ਮੀਟਿੰਗਾਂ ਕਰ ਰਿਹਾ ਹੈ। ਅੱਜ ਵੀ ਬੇਰੁਜ਼ਗਾਰ ਲਾਈਨਮੈਨ ਯੂਨੀਅਨ (ਪੰਜਾਬ) ਦੀ ਸੂਬਾ ਪੱਧਰੀ ਮੀਟਿੰਗ ਭਾਈ ਚਤਰ ਸਿੰਘ ਪਾਰਕ ਵਿੱਚ ਸੂਬਾ ਪ੍ਰਧਾਨ ਪਿਰਮਲ ਸਿੰਘ (ਵਿਧਾਇਕ ਆਮ ਆਦਮੀਂ ਪਾਰਟੀ) ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਨੀਅਨ ਦੇ ਵਫ਼ਦ ਦੀ ਮੀਟਿੰਗ ਪਿਛਲੇ ਦਿਨੀਂ 13 ਅਕਤੂਬਰ ਨੂੰ ਪਾਵਰਕਾਮ ਦੀ ਮੈਨੇਜਮੈਂਟ ਨਾਲ ਹੋਈ ਸੀ। ਮੀਟਿੰਗ ਵਿੱਚ ਪਾਵਰਕਾਮ ਦੀ ਮੈਨੇਜਮੈਂਟ ਨੇ ਮੰਨਿਆ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਸਹਾਇਕ ਲਾਈਨਮੈਨ ਦੀਆਂ 2800 ਅਸਾਮੀਆਂ (ਉਮਰ ਹੱਦ 42 ਸਾਲ) ਦੀ ਭਰਤੀ ਜਲਦੀ ਕਰਨ ਜਾ ਰਹੇ ਹਾਂ ਤੇ ਰੀ-ਨੋਟੀਫਿਕੇਸ਼ਨ ਨਵੰਬਰ ਦੇ ਪਹਿਲੇ ਹਫ਼ਤੇ ਆਉਣ ਦੀ ਸੰਭਾਵਨਾ ਹੈ। ਬੇਰੁਜ਼ਗਾਰ ਲਾਈਨਮੈਨ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਭਰਤੀ ਮੁਕੰਮਲ ਨਾ ਕਰਨ ਤੇ ਕਾਫ਼ੀ ਸਾਥੀ ਆਪਣੀ ਉਮਰ ਹੱਦ ਪਾਰ ਕਰ ਚੁੱਕੇ ਹਨ। ਇਸ ਲਈ ਪੋਸਟਾਂ ਦੀ ਗਿਣਤੀ 3500 ਤੇ ਉਮਰ ਹੱਦ 45 ਸਾਲ ਕੀਤੀ ਜਾਵੇ। ਜੇਕਰ ਸਰਕਾਰ ਨੇ ਇਨਾਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਯੂਨੀਅਨ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਭੋਲਾ ਸਿੰਘ ਗੱਗਡ਼ਪੁਰ, ਸੋਮਾ ਸਿੰਘ ਭਡ਼ੋ, ਜਰਨੈਲ ਸਿੰਘ, ਜਗਤਾਰ ਸਿੰਘ ਹੁਸ਼ਿਆਰਪੁਰ, ਹਰਪ੍ਰੀਤ ਸਿੰਘ ਕੋਟਕਪੂਰਾ, ਜਗਤਾਰ ਸਿੰਘ ਮਾਹੀਨੰਗਲ, ਰਾਜਿੰਦਰ ਸਿੰਘ ਗੁਰਦਾਸਪੁਰ ਅਤੇ ਸੁਰਿੰਦਰ ਧਰਾਂਗਵਾਲਾ ਆਦਿ ਹਾਜ਼ਰ ਸਨ।