![]()

ਧੀਆਂ ਦੀ ਲੋਹਡ਼ੀ ਦੌਰਾਨ 21 ਬੱਚੀਆਂ ਨੂੰ ਕੰਬਲ ਅਤੇ ਉਜਵਲਾ ਯੋਜਨਾ ਦੇ 7 ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨਾਂ ਦੀ ਵੰਡ
ਲੁਧਿਆਣਾ, 17 ਜਨਵਰੀ ( ਸਤ ਪਾਲ ਸੋਨੀ ) : ਜ਼ਿਲਾ ਪ੍ਰੋਗਰਾਮ ਅਫ਼ਸਰ ਰੁਪਿੰਦਰ ਕੌਰ ਨੇ ਕਿਹਾ ਹੈ ਕਿ ‘ਬੇਟੀ ਬਚਾਓ-ਬੇਟੀ ਪਡ਼ਾਓ’ ਯੋਜਨਾ ਸ਼ੁਰੂ ਹੋਣ ਤੋਂ ਬਾਅਦ ਜ਼ਿਲਾ ਲੁਧਿਆਣਾ ਸਮੇਤ ਪੰਜਾਬ ਭਰ ਵਿੱਚ ਬੇਟੀਆਂ ਦੇ ਜਨਮ ਦਰ ਵਿੱਚ ਵਾਧਾ ਵੇਖਿਆ ਜਾ ਰਿਹਾ ਹੈ।ਉਨਾਂ ਕਿਹਾ ਕਿ ਲੋਕਾਂ ਦੀ ਮਾਨਸਿਕਤਾ ਵਿੱਚ ਬੇਟੀਆਂ ਪ੍ਰਤੀ ਬਦਲਾਓ ਆਉਣ ਨਾਲ ਲਿੰਗ ਅਨੁਪਾਤ ਵਿੱਚ ਫਰਕ ਪੈ ਰਿਹਾ ਹੈ। ਉਨਾਂ ਕਿਹਾ ਕਿ ਬੇਟੀਆਂ ਦੇ ਨਾਲ-ਨਾਲ ਮਾਵਾਂ ਨੂੰ ਆਪਣੇ ਮੁੰਡਿਆਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ।ਉਨਾਂ ਨੂੰ ਘਰ ਦੇ ਕੰਮ-ਕਾਜ਼ ਤੋਂ ਵੀ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਕਿ ਉਹ ਘਰ ਵਿੱਚ ਆਪਣੀਆਂ ਪਤਨੀਆਂ ਨਾਲ ਵੀ ਹੱਥ ਵੰਡਾ ਸਕਣ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅੰਮ੍ਰਿਤਸਰ ਸਥਿਤ ਫੀਲਡ ਆਊਟਰੀਚ ਬਿਊਰੋ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਹਿਲਾਵਾਂ ਅਤੇ ਬੇਟੀਆਂ ਲਈ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਗਰੂਕ ਕਰਨ ਲਈ ਕਰਵਾਏ ਗਏ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਬੋਲਦਿਆਂ ਜ਼ਿਲਾ ਪ੍ਰੋਗਰਾਮ ਅਫ਼ਸਰ ਨੇ ਕਿਹਾ ਕਿ ਬੇਟੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਬਲਕਿ ਉਨਾਂ ਨੂੰ ਚੰਗੀ ਪਡ਼ਾਈ ਕਰਵਾ ਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲਾ ਬਣਾਉਣਾ ਚਾਹੀਦਾ ਹੈ।ਉਨਾਂ ਮਾਵਾਂ ਨੂੰ ਵੀ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਕੀਤੀ।ਇਸ ਮੌਕੇ 21 ਨਵ-ਜੰਮੀਆਂ ਬੱਚੀਆਂ ਦੀ ਲੋਹਡ਼ੀ ਦੀਆਂ ਵਧਾਈਆਂ ਦਿੰਦਿਆਂ ਪ੍ਰੋਗਰਾਮ ਦੌਰਾਨ ਉਨਾਂ ਨੂੰ ਕੰਬਲ ਵੀ ਵੰਡੇ ਗਏ।ਜ਼ਿਲਾ ਲੀਡ ਬੈਂਕ ਅਧਿਕਾਰੀ ਅਨਿਲ ਕੁਮਾਰ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਸਨ।
ਇਸ ਮੌਕੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜ਼ਿਲਾ ਖੁਰਾਕ ਅਤੇ ਸਪਲਾਈ ਦਫ਼ਤਰ ਦੇ ਨੁਮਾਇੰਦੇ ਭਾਰਤ ਦਿਵਾਨ ਨੇ ਦੱਸਿਆ ਕਿ ਇਸ ਯੋਜਨਾ ਦੌਰਾਨ ਹੁਣ ਹਰ ਇੱਕ ਉਸ ਮਹਿਲਾ ਨੂੰ ਇਸਦਾ ਲਾਭ ਮਿਲ ਸਕਦਾ ਹੈ ਜੋ ਸਰਕਾਰ ਵੱਲੋਂ ਰੱਖੀਆਂ 14 ਸ਼ਰਤਾਂ ਨੂੰ ਪੂਰਾ ਕਰਦਾ ਹੋਵੇ।ਇਸ ਮੌਕੇ ਉਜਵਲਾ ਯੋਜਨਾ ਦੇ 7 ਲਾਭਪਾਤਰੀ ਮਹਿਲਾਵਾਂ ਨੂੰ ਸਹਾਇਕ ਖੁਰਾਕ ਅਤੇ ਸਪਲਾਈ ਅਧਿਕਾਰੀ ਨਵਨੀਤ ਕੌਰ ਅਤੇ ਵਿਭਾਗ ਦੇ ਹੋਰ ਅਧਿਕਾਰੀਆਂ ਸਮੇਤ ਫੀਲਡ ਪਬਲਿਸਿਟੀ ਅਧਿਕਾਰੀ ਰਾਜੇਸ਼ ਬਾਲੀ ਵੱਲੋਂ ਗੈਸ ਕੁਨੈਕਸ਼ਨ ਵੀ ਵੰਡੇ ਗਏ।
ਜਿੱਥੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਯੋਜਨਾ ਬਾਰੇ ਰਾਏਕੋਟ ਦੀ ਸੀਡੀਪੀਓ ਕੰਵਲਜੀਤ ਕੌਰ ਨੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਉੱਥੇ ਹੀ ਪ੍ਰਧਾਨ ਮੰਤਰੀ ਸੁਕੰਨਿਆ ਸਮਰਿਧੀ ਯੋਜਨਾ ਬਾਰੇ ਲੀਡ ਬੈਂਕ ਦੇ ਨੁਮਾਇੰਦੇ ਪਰਮਜੀਤ ਸਿੰਘ ਅਤੇ ਬੇਟੀ ਬਚਾਓ-ਬੇਟੀ ਪਡ਼ਾਓ ਬਾਰੇ ਨਿਖਿਲ ਅਰੋਡ਼ਾ ਨੇ ਜਾਗਰੂਕ ਕੀਤਾ। ਜ਼ਿਲਾ ਪ੍ਰੋਗਰਾਮ ਅਧਿਕਾਰੀ ਨੇ ਪੋਸ਼ਣ ਅਭਿਆਨ ਬਾਰੇ ਹਾਜ਼ਰ ਔਰਤਾਂ ਨੂੰ ਜਾਗਰੂਕ ਕੀਤਾ।ਪ੍ਰੋਗਰਾਮ ਦੌਰਾਨ ਵੱਖ-ਵੱਖ ਯੋਜਨਾਵਾਂ ਉੱਤੇ ਕੁਇੰਜ਼ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਸੀਡੀਪੀਓ ਅਨੁਪ੍ਰੀਆ ਵੱਲੋਂ ਇਨਾਮ ਤਸਦੀਕ ਕੀਤੇ ਗਏ।ਉਨਾਂ ਇਸ ਪ੍ਰੋਗਰਾਮ ਵਿੱਚ ਆਈਆਂ ਆਂਗਣਵਾਡ਼ੀ ਕਾਰਜਕਰਤਾਵਾਂ ਅਤੇ ਆਮ ਲੋਕਾਂ ਦਾ ਧੰਨਵਾਦ ਕਰਨ ਦੇ ਨਾਲ ਹੀ ਉਨਾਂ ਨੂੰ ਇਨਾਂ ਜਾਣਕਾਰੀਆਂ ਨੂੰ ਹੋਰਨਾਂ ਨਾਲ ਸਾਂਝੀ ਕਰਨ ਦੀ ਵੀ ਅਪੀਲ ਕੀਤੀ।