![]()

ਬਿਨਾਂ ਸਹਿਮਤੀ ਲਗਾਈ ਪ੍ਰਚਾਰ ਸਮੱਗਰੀ ਤੁਰੰਤ ਉਤਾਰੀ ਜਾਵੇਗੀ
ਲੁਧਿਆਣਾ, 20 ਫਰਵਰੀ ( ਸਤ ਪਾਲ ਸੋਨੀ ) : ਨਗਰ ਨਿਗਮ ਲੁਧਿਆਣਾ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਪੋਸਟਰਾਂ, ਬੈਨਰਾਂ ਅਤੇ ਹੋਰ ਪ੍ਰਚਾਰ ਸਮੱਗਰੀ ‘ਤੇ ਕੀਤੇ ਜਾ ਰਹੇ ਖਰਚ ਅਤੇ ਬਿਨਾਂ ਸਹਿਮਤੀ ਨਿੱਜੀ ਜਾਇਦਾਦ ‘ਤੇ ਲਗਾਈ ਜਾ ਰਹੀ ਸਮੱਗਰੀ ‘ਤੇ ਨਜ਼ਰ ਰੱਖਣ ਲਈ ਨਗਰ ਨਿਗਮ ਲੁਧਿਆਣਾ ਨੇ 9 ਵਿਸ਼ੇਸ਼ ਟੀਮਾਂ ਦਾ ਗਠਨ ਕਰ ਦਿੱਤਾ ਹੈ, ਜਿਨਾਂ ਨੇ ਤੁਰੰਤ ਪ੍ਰਭਾਵ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਕਮਿਸ਼ਨਰ, ਨਗਰ ਨਿਗਮ ਸਤਵੰਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਹਰੇਕ ਰਿਟਰਨਿੰਗ ਅਫ਼ਸਰ ਦੇ ਨਾਲ–ਨਾਲ ਇੱਕ–ਇੱਕ ਟੀਮ ਲਗਾ ਦਿੱਤੀ ਹੈ, ਜੋ ਕਿ ਆਪਣੇ ਅਧੀਨ ਆਉਂਦੇ ਖੇਤਰਾਂ ਵਿੱਚ ਲਗਾਤਾਰ ਘੁੰਮ ਰਹੀਆਂ ਹਨ। ਇਨਾਂ ਟੀਮਾਂ ਵੱਲੋਂ ਦੇਖਿਆ ਜਾ ਰਿਹਾ ਹੈ ਕਿ ਉਮੀਦਵਾਰਾਂ ਵੱਲੋਂ ਜੋ ਪ੍ਰਚਾਰ ਸਮੱਗਰੀ ਲੋਕਾਂ ਦੇ ਘਰਾਂ ‘ਤੇ ਲਗਾਈ ਜਾ ਰਹੀ ਹੈ, ਕੀ ਉਸ ਸੰਬੰਧੀ ਉਨਾਂ ਵੱਲੋਂ ਸੰਬੰਧਤ ਘਰਾਂ ਦੇ ਮਾਲਕ ਤੋਂ ਸਹਿਮਤੀ ਲਈ ਗਈ ਹੈ? ਜੇਕਰ ਸਹਿਮਤੀ ਲੈ ਕੇ ਇਹ ਸਮੱਗਰੀ ਲਗਾਈ ਗਈ ਹੈ ਤਾਂ ਇਨਾਂ ਦਾ ਰਿਕਾਰਡ ਇਕੱਤਰ ਕਰਕੇ ਸਬੰਧਤ ਰਿਟਰਨਿੰਗ ਅਫ਼ਸਰ ਨੂੰ ਭੇਜਿਆ ਜਾ ਰਿਹਾ ਹੈ ਤਾਂ ਜੋ ਉਸ ਦਾ ਖ਼ਰਚਾ ਉਮੀਦਵਾਰ ਦੇ ਚੋਣ ਖ਼ਰਚੇ ਵਿੱਚ ਜੋਡ਼ਿਆ ਜਾ ਸਕੇ।
ਉਨਾਂ ਕਿਹਾ ਕਿ ਜੇਕਰ ਸੰਬੰਧਤ ਨਿੱਜੀ ਜਾਇਦਾਦ ਦਾ ਮਾਲਕ ਸਹਿਮਤੀ ਨਾ ਹੋਣ ਬਾਰੇ ਕਹਿੰਦਾ ਹੈ ਤਾਂ ਇਨਾਂ ਟੀਮਾਂ ਵੱਲੋਂ ਇਹ ਚੋਣ ਸਮੱਗਰੀ ਤੁਰੰਤ ਉਤਾਰੀ ਜਾ ਰਹੀ ਹੈ। ਸ੍ਰ. ਸਤਵੰਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਜੋ ਪ੍ਰਚਾਰ ਸਮੱਗਰੀ ਸਰਕਾਰੀ ਇਮਾਰਤਾਂ ‘ਤੇ ਅਤੇ ਨਿੱਜੀ ਜਾਇਦਾਦਾਂ ‘ਤੇ ਬਿਨਾਂ ਸਹਿਮਤੀ ਲਗਾਈ ਗਈ ਹੈ, ਉਹ ਤੁਰੰਤ ਉਤਾਰ ਦਿੱਤੀ ਜਾਵੇਗੀ।