![]()

ਮੁਸਲਮਾਨਾਂ ਨੂੰ ਸੁਪਰੀਮ ਕੋਰਟ ਦਾ ਫੈਸਲਾ ਮਨਜ਼ੂਰ ਹੋਵੇਗਾ : ਸ਼ਾਹੀ ਇਮਾਮ ਪੰਜਾਬ
ਲੁਧਿਆਣਾ, 6 ਦਸੰਬਰ ( ਸਤ ਪਾਲ ਸੋਨੀ ) : 1992 ਨੂੰ 6 ਦਸੰਬਰ ਦੇ ਦਿਨ ਅਯੋਧਿਆ ‘ਚ ਸ਼ਹੀਦ ਕਰ ਦਿੱਤੀ ਗਈ ਬਾਬਰੀ ਮਸਜਿਦ ਦੀ ਬਰਸੀ ਦੇ ਮੌਕੇ ‘ਤੇ ਅੱਜ ਇੱਥੇ ਮਜਲਿਸ ਅਹਿਰਾਰ ਇਸਲਾਮ ਹਿੰਦ ਵੱਲੋਂ ਜਾਮਾ ਮਸਜਿਦ ‘ਚ ਰੋਸ਼ ਸਭਾ ਕੀਤੀ ਗਈ, ਜਿਸਦੀ ਪ੍ਰਧਾਨਗੀ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਨੇ ਕੀਤੀ। ਇਸ ਮੌਕੇ ‘ਤੇ ਪਵਿੱਤਰ ਕੁਰਆਨ ਸ਼ਰੀਫ ਪੜ ਕੇ ਸ਼ਹੀਦ ਬਾਬਰੀ ਮਸਜਿਦ ਲਈ ਦੁਆ ਕਰਵਾਈ ਗਈ । ਰੋਸ਼ ਸਭਾ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਅੱਜ 6 ਦਸੰਬਰ ਦਾ ਦਿਨ ਭਾਰਤ ਦੇ ਇਤਹਾਸ ‘ਚ ਕਾਲੇ ਅੱਖਰਾਂ ‘ਚ ਲਿਖਿਆ ਹੋਇਆ ਹੈ ਕਿਉਂਕਿ ਅੱਜ ਦੇ ਦਿਨ ਕਾਨੂੰਨ ਅਤੇ ਸੰਵਿਧਾਨ ਨੂੰ ਤੋੜਦੇ ਹੋਏ ਇਤਿਹਾਸਿਕ ਬਾਬਰੀ ਮਸਜਿਦ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਧਰਮ ਦੇ ਨਾਮ ‘ਤੇ ਦੇਸ਼ ਭਰ ‘ਚ ਦੰਗੇ ਕਰਵਾ ਕੇ ਸੈਂਕਡ਼ੀਆਂ ਬੇਗੁਨਾਹਾਂ ਦੀ ਕੁਰਬਾਨੀ ਦੇ ਦਿੱਤੀ ਗਈ ਸੀ। ਸ਼ਾਹੀ ਇਮਾਮ ਨੇ ਕਿਹਾ ਕਿ ਕੇਂਦਰ ‘ਚ ਭਾਜਪਾ ਸਰਕਾਰ ਸੱਤਾ ‘ਚ ਆਉਣ ਤੋਂ ਬਾਅਦ ਲਗਾਤਾਰ ਆਪਸੀ ਸਹਿਮਤੀ ਲਈ ਮੁਸਲਮਾਨਾਂ ‘ਤੇ ਦਬਾਅ ਬਣਾ ਰਹੀ ਹੈ । ਕੀ ਸਹਿਮਤੀ ਦੀ ਗੱਲ ਕਰਨ ਵਾਲੀਆਂ ਨੂੰ ਅਦਾਲਤ ‘ਤੇ ਭਰੋਸਾ ਨਹੀਂ ਹੈ? ਉਨਾਂ ਕਿਹਾ ਕਿ 70 ਸਾਲ ਇੱਕ ਮੁਕੱਦਮਾ ਚੱਲਣ ਤੋਂ ਬਾਅਦ ਹੁਣ ਜਦੋਂ ਫੈਸਲੇ ਦੀ ਘੜੀ ਕਰੀਬ ਆ ਗਈ ਹੈ ਤਾਂ ਅਦਾਲਤ ਦੇ ਬਾਹਰ ਗੱਲਬਾਤ ਕਰਣਾ ਕਿਸੇ ਵੀ ਤਰਾਂ ਉਚਿਤ ਨਹੀਂ । ਸ਼ਾਹੀ ਇਮਾਮ ਨੇ ਕਿਹਾ ਕਿ ਮੁਸਲਮਾਨਾਂ ਨੂੰ ਸੁਪਰੀਮ ਕੋਰਟ ਦਾ ਹਰ ਫੈਸਲਾ ਮਨਜ਼ੂਰ ਹੋਵੇਗਾ ਅਤੇ ਸਾਨੂੰ ਉਂਮੀਦ ਹੈ ਕਿ ਅਦਾਲਤ ਕਿਸੇ ਵੀ ਪੱਖ ਦੇ ਨਾਲ ਬੇਇਨਸਾਫ਼ੀ ਨਹੀਂ ਕਰੇਗੀ । ਸ਼ਾਹੀ ਇਮਾਮ ਨੇ ਕਿਹਾ ਕਿ ਧਰਮ ਦੇ ਨਾਮ ‘ਤੇ ਸੱਤਾ ਦੇ ਲਾਲਚੀ ਲੋਕਸਭਾ ਚੋਣਾਂ ਆਉਂਦੇ ਹੀ ਇੱਕ ਵਾਰ ਫਿਰ ਤੋਂ ਸ਼ਹੀਦ ਬਾਬਰੀ ਮਸਜਿਦ ਅਤੇ ਰਾਮ ਮੰਦਿਰ ਦਾ ਮੁੱਦਾ ਚੁੱਕ ਰਹੇ ਹਨ, ਜਦੋਂ ਕਿ ਗੁਜ਼ਰੇ 5 ਸਾਲਾਂ ‘ਚ ਸੱਤਾ ਦਾ ਸੁੱਖ ਭੋਗਦੇ ਹੋਏ ਇਨਾਂ ਨੂੰ ਕਦੇ ਇਹ ਮੁੱਦਾ ਯਾਦ ਨਹੀਂ ਆਇਆ । ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਫਿਰਕੂ ਤਾਕਤਾਂ ਦੇਸ਼ ਭਰ ‘ਚ ਇਸ ਮੁੱਦੇ ਨੂੰ ਲੈ ਕੇ ਘੱਟ ਗਿਣਤੀਆਂ ਨੂੰ ਡਰਾਉਣਾ ਚਾਹੁੰਦੀਆਂ ਹਨ । ਉਹ ਇਹ ਖਿਆਲ ਆਪਣੇ ਦਿਮਾਗ ‘ਚੋਂ ਕੱਢ ਦੇਣ ਕੋਈ ਕਿਸੇ ਤੋਂ ਡਰਣ ਵਾਲਾ ਨਹੀਂ ਹੈ, ਦੇਸ਼ ਦੀ ਜਨਤਾ ਜਾਗਰੂਕ ਹੋ ਚੁੱਕੀ ਹੈ । ਉਨਾਂ ਕਿਹਾ ਕਿ ਸ਼ਹੀਦ ਬਾਬਰੀ ਮਸਜਿਦ ਦੀ ਇਮਾਰਤ ਡੇਗ ਦਿੱਤੀ ਗਈ ਹੈ ਲੇਕਿਨ ਕਿਆਮਤ ਤੱਕ ਉਹ ਮਸਜਿਦ ਹੀ ਰਹੇਗੀ । ਇਸ ਮੌਕੇ ‘ਤੇ ਕਾਰੀ ਅਲਤਾਫ ਉਰ ਰਹਿਮਾਨ, ਗੁਲਾਮ ਹਸਨ ਕੈਸਰ, ਕਾਰੀ ਮੁਹੰਮਦ ਇਬਰਾਹਿਮ, ਮੌਲਾਨਾ ਮੁਹੰਮਦ ਮੌਹਤਰਮ, ਬਾਬੁਲ ਖਾਨ, ਸ਼ਾਹ ਨਵਾਜ ਖਾਨ, ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਅਤੇ ਮੁਹੰਮਦ ਮੁਸਤਕੀਮ ਅਹਿਰਾਰੀ ਵੀ ਮੌਜੂਦ ਸਨ।