![]()

ਈ ਵੀ ਐਮ ‘ਚ ਗੜਬੜੀ ਕਰਕੇ ਭਾਜਪਾ ਜਿੱਤ ਰਹੀ ਹੈ ਚੋਣਾਂ : ਸੁਮਨ, ਰਾਜੂ
ਲੁਧਿਆਣਾ, 3 ਮਾਰਚ ( ਸਤ ਪਾਲ ਸੋਨੀ ) : ਬਹੁਜਨ ਸਮਾਜ ਪਾਰਟੀ ਦੀ ਕੌਮੀਂ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਵੱਲੋਂ ਬਸਪਾ ਦੇ ਸੰਸਥਾਪਕ ਸ੍ਰੀ ਕਾਂਸ਼ੀ ਰਾਮ ਦੇ ਜਨਮ ਦਿਨ ਤੇ 15 ਮਾਰਚ ਨੂੰ ਚੰਡੀਗੜ ਦੇ ਰੈਲੀ ਗਰਾਊਂਡ ਸੈਕਟਰ 25 ਵਿਖੇ ਮਹਾਂਰੈਲੀ ਰੱਖੀ ਗਈ ਹੈ ਜਿਸ ਦੀਆਂ ਤਿਆਰੀਆਂ ਦੇ ਸਬੰਧ ‘ਚ ਅੱਜ ਸਥਾਨਕ ਸਰਕਟ ਹਾਊਸ ਵਿਖੇ ਮੀਟਿੰਗ ਰੱਖੀ ਗਈ। ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਪੰਜਾਬ ਦੇ ਕੋਆਰਡੀਨੇਟਰ ਨਿਰਮਲ ਸਿੰਘ ਸੁਮਨ ਅਤੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਪਹੁੰਚੇ। ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਦੋਵਾਂ ਆਗੂਆਂ ਨੇ ਦੱਸਿਆ ਸ੍ਰੀ ਕਾਂਸੀ ਰਾਮ ਨੇ ਆਪਣੀ ਸਾਰੀ ਜਿੰਦਗੀ ਬਹੁਜਨਾਂ ਨੂੰ ਉੱਪਰ ਚੁੱਕਣ ਲਈ ਲਗਾਈ ਹੈ। ਉਨਾਂ ਵੱਲੋਂ ਪਹਿਲਾਂ ਬਾਮਸੇਫ, ਫੇਰ ਡੀ ਐਸ ਫੋਰ ਅਤੇ ਉਸਤੋਂ ਬਾਅਦ 1984 ਵਿੱਚ ਬਹੁਜਨ ਸਮਾਜ ਪਾਰਟੀ ਬਣਾਈ ਜਿਸ ਦੇ ਹਾਥੀ ਨਿਸ਼ਾਨ ਵਾਲੇ ਨੀਲੇ ਰੰਗ ਨੇ ਜਿਥੇ ਕਈ ਰਾਜਾਂ ਵਿੱਚ ਵਿਧਾਇਕ ਤੇ ਸੰਸਦ ਮੈਂਬਰ ਪੇਦਾ ਕੀਤੇ ਉਥੇ ਹੀ ਦੇਸ਼ ਦੇ ਸੱਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਚਾਰ ਵਾਰ ਬਸਪਾ ਦੀ ਸਰਕਾਰ ਬਣਾਈ ਜਿਸ ਨੇ ਆਪਣੇ ਕਾਰਜਕਾਲ ਦੌਰਾਨ ਇਤਿਹਾਸਿਕ ਕੰਮ ਕੀਤੇ। ਉਨਾਂ ਕਿਹਾ ਕਿ ਸ੍ਰੀ ਕਾਸ਼ੀ ਰਾਮ ਨੇ ਦੇਸ਼ ਦੇ ਪਿਛੜੇ ਅਤੇ ਦਲਿਤਾਂ ਲਈ ਇੱਕ ਵੱਖਰੀ ਕਿਸਮ ਦੀ ਸਿਆਸਤ ਦੀ ਪਾਰੀ ਖੇਡੀ ਜਿਸ ਦੇ ਚੱਲਦਿਆਂ ਉਨਾਂ ਨੂੰ ਵਾਰ ਵਾਰ ਨਮਨ ਕਰਨ ਨੂੰ ਦਿਲ ਕਰਦਾ ਹੈ। ਏਸੇ ਹੀ ਮਨੋਰਥ ਨਾਲ ਬਸਪਾ ਵੱਲੋਂ ਉਨਾਂ ਦੇ ਜਨਮ ਦਿਨ ਤੇ 15 ਮਾਰਚ ਨੂੰ ਚੰਡੀਗੜ ਦੇ ਸੈਕਟਰ 25 ਸਥਿਤ ਰੈਲੀ ਗਰਾਊਂਡ ਵਿੱਚ ਮਹਾਂਰੈਲੀ ਰੱਖੀ ਗਈ ਹੈ ਜਿਸ ਨੂੰ ਬਸਪਾ ਮੁੱਖੀ ਭੈਣ ਕੁਮਾਰੀ ਮਾਇਅਵਤੀ ਖੁਦ ਪਹੁੰਚ ਕੇ ਸੰਬੋਧਨ ਕਰਨਗੇ। ਉਨਾਂ ਇਸ ਨੂੰ ਸਾਲ 2019 ‘ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨਾਲ ਜੋੜਦਿਆਂ ਕਿਹਾ ਕਿ ਏਹ ਮਹਾਂਰੈਲੀ ਇਨਾਂ ਚੋਣਾਂ ਲਈ ਉੱਤਰੀ ਭਾਰਤ ਦੇ ਇਧਰ ਵਾਲੇ ਖਿੱਤੇ ਵਿੱਚ ਆਪਣਾ ਮਜਬੂਤ ਮੁੱਢ ਬੰਨੇਗੀ। ਇਸ ਤੋਂ ਇਲਾਵਾ ਉਨਾਂ ਕਿਹਾ ਕਿ 1992 ਵਿੱਚ ਲੋਕਤੰਤਰ ਦੀ ਰੱਖਿਆ ਕਰਦੇ ਬਸਪਾ ਦੇ ਵਰਕਰਾਂ ਨੂੰ ਪੰਜਾਬ ਭਰ ‘ਚ ਸ਼ਹੀਦ ਕੀਤਾ ਗਿਆ ਸੀ ਅਤੇ ਜਸਪਾਲ ਬਾਂਗਰ ‘ਚ ਸ਼ਹੀਦ ਹੋਏ 6 ਵਰਕਰਾਂ ਦੀ ਯਾਦ ਨੂੰ ਤਾਜਾ ਰੱਖਣ ਲਈ ਹਰ ਸਾਲ ਦੀ ਤਰਾਂ ਇਸ ਵਾਰ ਵੀ 11 ਮਾਰਚ ਨੂੰ ਸ਼ਹੀਦੀ ਸਮਾਰਕ ਤੇ ਸਮਾਗਮ ਰੱਖਿਆ ਗਿਆ ਹੈ। ਨਗਰ ਨਿਗਮ ਦੀਆਂ ਹੋਈਆਂ ਚੋਣਾਂ ‘ਚ ਕਾਂਗਰਸ ਉੱਪਰ ਧਾਂਧਲੀਆਂ ਕਰਕੇ ਚੋਣਾਂ ਜਿੱਤਣ ਦੇ ਆਰੋਪ ਲਗਾਉਂਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਕਾਂਗਰਸ ਨੇ ਚਿੱਟੇ ਦਿਨ ਲੋਕਤੰਤਰ ਦਾ ਕਤਲ ਕੀਤਾ ਹੈ ਜਿਸ ਦੇ ਲਈ ਲੋਕ ਇਨਾਂ ਨੂੰ ਕਦੇ ਮੁਆਫ ਨਹੀ ਕਰਨਗੇ। ਉਨਾਂ ਕਿਹਾ ਕਈ ਥਾਂਵਾ ਤੇ ਕਾਂਗਰਸੀ ਆਗੂਆਂ ਵੱਲੋਂ ਵੋਟਰਾਂ ਅਤੇ ਵਿਰੋਧੀਆਂ ਪਾਰਟੀਆਂ ਦੇ ਆਗੂਆਂ ਨੂੰ ਡਰਾਇਆ ਧਮਕਾਇਆ ਗਿਆ, ਵੋਟਾਂ ਵਾਲੇ ਦਿਨ ਬੂਥਾਂ ਤੇ ਕਬਜੇ ਕਰਕੇ ਬੂਥ ਲੁੱਟੇ ਗਏ ਅਤੇ ਫੇਰ ਵੀ ਹਾਰ ਹੁੰਦੀ ਦੇਖ ਮੋਦੀ ਦੇ ਰਾਹ ਚੱਲਦਿਆਂ ਮਸ਼ੀਨਾਂ ਵਿੱਚ ਗੜਬੜ ਕੀਤੀ ਗਈ। ਕਈ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਅੱਜ ਆਏ ਨਤੀਜਿਆਂ ‘ਚ ਭਾਜਪਾ ਦੀ ਜਿੱਤ ਤੇ ਉਨਾਂ ਕਿਹਾ ਕਿ ਈ ਵੀ ਐਮ ‘ਚ ਗੜਬੜੀ ਕਰਕੇ ਭਾਜਪਾ ਚੋਣਾਂ ਜਿੱਤ ਰਹੀ ਹੈ। ਭਾਜਪਾ ਨੇ ਦੇਸ਼ ‘ਚ ਜਿਸ ਪ੍ਰਕਾਰ ਦੇ ਹਾਲਾਤ ਪੈਦਾ ਕੀਤੇ ਹਨ ਉਨਾਂ ਤਹਿਤ ਤਾਂ ਉਹ ਪੰਚੀ ਦੀ ਚੋਣ ਵੀ ਨਹੀ ਜਿੱਤ ਸਕਦੀ। ਉਨਾਂ ਕਿਹਾ ਕਿ ਬਸਪਾ ਈ ਵੀ ਐਮ ਮਸ਼ੀਨਾਂ ਤੇ ਬੈਨ ਲਈ ਸੁਪਰੀਮ ਕੋਰਟ ਵਿੱਚ ਰਿੱਟ ਪਾ ਚੁੱਕੀ ਹੈ ਅਤੇ ਬਸਪਾ ਮੁੱਖੀ ਦੀ ਮੰਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਬੈਲਟ ਪੇਪਰਾਂ ਤੇ ਕਰਾਈਆਂ ਜਾਣ। ਦੋਵਾਂ ਆਗੂਆਂ ਨੇ ਕਿਹਾ ਕਿ ਜੇਕਰ ਬੈਲਟ ਪੇਪਰ ਦੀ ਗੱਲ ਨਾ ਮੰਨੀ ਗਈ ਤਾਂ ਬਸਪਾ ਵਰਕਰ ਬੁਲਟ ਚੁੱਕਣ ਲਈ ਵੀ ਮਜਬੂਤ ਹੋ ਸਕਦੇ ਹਨ। ਦੋਵਾਂ ਆਗੂਆਂ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ਆਪਣਾ ਰਾਜ ਕਾਇਮ ਕਰਕੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਤਾਂ ਕਿ ਗੈਰ ਮਨੁੱਖਤਾਵਾਦੀ ਹਿੰਦੂ ਰਾਸ਼ਟਰ ਸਥਾਪਿਤ ਕੀਤਾ ਜਾ ਸਕੇ। ਪਰ ਬਸਪਾ ਅਜਿਹਾ ਕਦੇ ਵੀ ਹੋਣ ਨਹੀ ਦੇਵੇਗੀ। ਇਸ ਮੌਕੇ ਜਿਲਾ ਪ੍ਰਧਾਨ ਜੀਤਰਾਮ ਬਸਰਾ ਅਤੇ ਨਿਰਮਲ ਸਿੰਘ ਸਾਇਆਂ, ਚਰਨਜੀਤ ਸਿੰਘ ਜਸਪਾਲ ਬਾਂਗਰ, ਕੁਲਵੰਤ ਸਿੰਘ, ਰਾਮ ਸਿੰਘ ਗੋਗੀ, ਬਿੱਕਰ ਸਿੰਘ ਨੱਤ, ਬਲਵੀਰ ਸਿੰਘ ਰਾਜਗੜ, ਸੁਰੇਸ ਸੋਨੂੰ, ਵਿੱਕੀ ਕੁਮਾਰ, ਮਾਨ ਸਿੰਘ, ਰਵੀਕਾਂਤ ਜੱਖੂ, ਜਸਪਾਲ ਭੋਰਾ, ਤੇਜਪਾਲ ਡੋਗਰਾ, ਸੁਖਵਿੰਦਰ ਕੌਰ, ਸੁਰਿੰਦਰ ਕੌਰ, ਲਾਭ ਸਿੰਘ ਭਾਮੀਆਂ, ਨਰੇਸ਼ ਬਸਰਾ, ਹੰਸਰਾਜ, ਰਾਜਿੰਦਰ ਨਿੱਕਾ, ਪ੍ਰਗਣ ਬਿਲਗਾ, ਸੋਨੂੰ ਬੰਗੜ, ਸੁਖਦੇਵ ਭਟੋਏ, ਰਾਮਨੰਦ, ਸੁਰਿੰਦਰ ਜੱਖੂ, ਸਾਬਕਾ ਕੌਂਸਲਰ ਤਾਰਾ ਸਿੰਘ ਤੇ ਸੁਰਿੰਦਰ ਛੱਪਰਾ, ਸੁਰਿੰਦਰ ਸਿੰਘ ਲੰਬੜਦਾਰ, ਅਵਤਾਰ ਸਿੰਘ ਕਾਕ, ਕੈਪਟਨ ਗੁਰਦੀਪ ਸਿੰਘ, ਬਿੱਟੂ ਸ਼ੇਰਪੁਰ ਅਤੇ ਹੋਰ ਹਾਜਰ ਸਨ।