![]()
ਨਵੇਂ ਚੁਣੇ ਪੰਚਾਂ/ਸਰਪੰਚਾਂ/ਪੰਚਾਇਤ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਮੈਂਬਰਾਂ ਨੂੰ ਸੂਬੇ ਦੇ ਸਰਬਪੱਖੀ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਸੱਦਾ
ਭ੍ਰਿਸ਼ਟਾਚਾਰ ਬਾਰੇ ਚੁਣੇ ਨੁਮਾਇੰਦਿਆਂ ਅਤੇ ਅਧਿਕਾਰੀਆਂ ‘ਤੇ ਪੰਜਾਬ ਸਰਕਾਰ ਦੀ ਤਿੱਖੀ ਨਜ਼ਰ-ਰਵਨੀਤ ਸਿੰਘ ਬਿੱਟੂ
ਕਿਲਾ ਰਾਏਪੁਰ (ਲੁਧਿਆਣਾ), 11 ਜਨਵਰੀ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਿਸੇ ਵੀ ਤਰਾਂ ਦਾ ਭ੍ਰਿਸ਼ਟਾਚਾਰ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹੇ ਕਿਸੇ ਵੀ ਮਾਮਲੇ ਵਿੱਚ ਲਿਪਤ ਪਾਏ ਜਾਂਦੇ ਕਿਸੇ ਵੀ ਵਿਅਕਤੀ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨਾਂ ਇਹ ਸ਼ਬਦ ਅੱਜ ਪਿੰਡ ਕਿਲਾ ਰਾਏਪੁਰ ਵਿਖੇ ਨਵੇਂ ਚੁਣੇ ਪੰਚਾਂ/ਸਰਪੰਚਾਂ/ਪੰਚਾਇਤ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਮੈਂਬਰਾਂ ਨੂੰ ਸਹੁੰ ਚੁਕਾਉਣ ਲਈ ਆਯੋਜਿਤ ਕੀਤੇ ਗਏ ਜ਼ਿਲਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸਹੁੰ ਚੁਕਾਉਣ ਦੀ ਰਸਮ ਉਨਾਂ ਵੱਲੋਂ ਨਿਭਾਈ ਗਈ। ਇਸ ਮੌਕੇ ਸਮੂਹ ਹਾਜ਼ਰੀਨ ਨੂੰ ਸੂਬੇ ਵਿੱਚੋਂ ਨਸ਼ੇ ਖ਼ਤਮ ਕਰਨ ਲਈ ਡੈਪੋ ਪ੍ਰੋਗਰਾਮ ਤਹਿਤ ਵੀ ਸਹੁੰ ਚੁਕਾਈ ਗਈ।
ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਨਵੇਂ ਚੁਣੇ ਪੰਚਾਂ/ਸਰਪੰਚਾਂ/ਪੰਚਾਇਤ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਪਿੰਡਾਂ ਅਤੇ ਖੇਤਰਾਂ ਦਾ ਵਿਕਾਸ ਕਰਨ ਲਈ ਪੂਰੀ ਦ੍ਰਿਡ਼ਤਾ ਨਾਲ ਕੰਮ ਕਰਨ ਕਿਉਂਕਿ ਇਸੇ ਵਿਕਾਸ ਦੇ ਨਾਲ ਹੀ ਸੂਬੇ ਦਾ ਸਰਬਪੱਖੀ ਵਿਕਾਸ ਸੰਭਵ ਹੋਵੇਗਾ। ਉਨਾਂ ਚੁਣੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਆਪਣੇ ਪਿੰਡਾਂ ਨੂੰ ਮਾਡਲ ਪਿੰਡ ਵਜੋਂ ਵਿਕਸਤ ਕਰਨ ਲਈ ਯਤਨ ਕਰਨ, ਇਸ ਸੰਬੰਧੀ ਪ੍ਰੇਰਨਾ ਲੈਣ ਲਈ ਉਹ ਜ਼ਿਲਾ ਜਲੰਧਰ ਦੇ ਪਿੰਡ ਹਰੀਪੁਰ ਅਤੇ ਸੀਚੇਵਾਲ ਦਾ ਵੀ ਦੌਰਾ ਕਰ ਸਕਦੇ ਹਨ। ਉਨਾਂ ਕਿਹਾ ਕਿ ਵਿਕਾਸ ਲਈ ਮੁਹੱਈਆ ਕਰਵਾਏ ਜਾਂਦੇ ਫੰਡਾਂ ਦੀ ਪਾਰਦਰਸ਼ਤਾ ਨਾਲ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ।
ਉਨਾਂ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਵੀ ਕਮੀ ਨਹੀਂ ਹੈ। ਜ਼ਿਲਾ ਲੁਧਿਆਣਾ ਦੀਆਂ ਪੰਚਾਇਤਾਂ ਲਈ 24 ਕਰੋਡ਼ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਉਨਾਂ ਪ੍ਰਸਾਸ਼ਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੇ-ਦਰਬਾਰੇ ਪੰਚਾਂ ਸਰਪੰਚਾਂ ਸਮੇਤ ਚੁਣੇ ਹੋਏ ਨੁਮਾਇੰਦਿਆਂ ਨੂੰ ਬਣਦਾ ਮਾਣ ਸਨਮਾਨ ਦੇਣਾ ਯਕੀਨੀ ਬਣਾਉਣ। ਉਨਾਂ ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੀ ਹੈ, ਜਿਸਨੇ ਔਰਤਾਂ ਨੂੰ ਸਥਾਨਕ ਚੋਣਾਂ ਵਿੱਚ 50 ਫੀਸਦੀ ਰਾਖਵਾਂਕਰਨ ਦਾ ਪ੍ਰਬੰਧ ਕੀਤਾ ਹੈ ਕਿਉਂਕਿ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਸੂਬੇ ਦੇ ਵਿਕਾਸ ਸੰਬੰਧੀ ਲਏ ਜਾਣ ਵਾਲੇ ਹਰੇਕ ਫੈਸਲੇ ਵਿੱਚ ਔਰਤਾਂ ਦੀ ਵੀ ਬਰਾਬਰ ਦੀ ਭਾਗੀਦਾਰੀ ਹੋਵੇ।
ਉਨਾਂ ਕਿਹਾ ਕਿ ਜਲਦ ਹੀ ਸਾਰੇ ਪਿੰਡਾਂ ਨੂੰ ਸੀਵਰੇਜ ਸਮੇਤ ਹੋਰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਚੁਣੇ ਨੁਮਾਇੰਦਿਆਂ ਨੂੰ ਆਪਣੇ-ਆਪਣੇ ਖੇਤਰ ਵਿੱਚ ਉਨਾਂ ਖੇਤਰਾਂ ਦਾ ਪਹਿਲ ਦੇ ਆਧਾਰ ‘ਤੇ ਵਿਕਾਸ ਕਰਨ ਦੀ ਅਪੀਲ ਕੀਤੀ ਜਿੱਥੇ ਕਿ ਆਰਥਿਕ ਪੱਖੋਂ ਗਰੀਬ ਲੋਕ ਜੀਵਨ ਬਸਰ ਕਰਦੇ ਹਨ। ਉਨਾਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਪੰਚਾਇਤਾਂ ਨੂੰ ਮਗਨਰੇਗਾ ਯੋਜਨਾ ਦਾ ਵੀ ਭਰਪੂਰ ਲਾਭ ਲੈਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਵਿੱਤੀ ਬੇਨਿਯਮੀਆਂ ਵਰਗੇ ਮਾਮਲੇ ਸਰਕਾਰ ਤੱਕ ਪਹੁੰਚਾਉਣ ਲਈ ਲੋਕਾਂ ਨੂੰ ਸੋਸ਼ਲ ਮੀਡੀਆ ਆਦਿ ਦਾ ਉਸਾਰੂ ਸਹਾਰਾ ਲੈਣਾ ਚਾਹੀਦਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਰੋਕਣ ਲਈ ਚੁਣੇ ਹੋਏ ਨੁਮਾਇੰਦਿਆਂ ਅਤੇ ਅਧਿਕਾਰੀਆਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨਾਂ ਚੁਣੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਫੰਡਾਂ ਦੀ ਪਾਰਦਰਸ਼ਤਾ ਨਾਲ ਸੁਚਾਰੂ ਵਰਤੋਂ ਕਰਨ। ਸਮਾਗਮ ਦੌਰਾਨ ਇਸ਼ਮੀਤ ਸੰਗੀਤ ਅਕਾਦਮੀ, ਸਿਹਤ ਵਿਭਾਗ ਦੀ ਟੀਮ ਅਤੇ ਭਾਈ ਦਾਨ ਸਿੰਘ ਪਬਲਿਕ ਸਕੂਲ ਮਾਣੂੰਕੇ ਦੇ ਬੱਚਿਆਂ ਵੱਲੋਂ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਅਮਰੀਕ ਸਿੰਘ ਢਿੱਲੋਂ, ਗੁਰਕੀਰਤ ਸਿੰਘ ਕੋਟਲੀ, ਕੁਲਦੀਪ ਸਿੰਘ ਵੈਦ ਅਤੇ ਲਖ਼ਬੀਰ ਸਿੰਘ ਲੱਖਾ (ਸਾਰੇ ਵਿਧਾਇਕ) ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ, ਜ਼ਿਲਾ ਪੁਲਿਸ ਮੁੱਖੀ ਖੰਨਾ ਧਰੂਵ ਦਹਿਆ, ਜ਼ਿਲਾ ਪੁਲਿਸ ਮੁੱਖੀ ਲੁਧਿਆਣਾ (ਦਿਹਾਤੀ) ਵਰਿੰਦਰ ਸਿੰਘ ਬਰਾਡ਼, ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਅਮਰਜੀਤ ਸਿੰਘ ਬੈਂਸ, ਜ਼ਿਲਾ ਕਾਂਗਰਸ ਕਮੇਟੀ (ਦਿਹਾਤੀ) ਪ੍ਰਧਾਨ ਕਰਨਜੀਤ ਸਿੰਘ ਸੋਨੀ, ਡਾ. ਅਮਰ ਸਿੰਘ, ਸਤਵਿੰਦਰ ਕੌਰ ਬਿੱਟੀ, ਕਮਲਜੀਤ ਸਿੰਘ ਕਡ਼ਵਲ,ਰਣਜੀਤ ਸਿੰਘ ਮਾਂਗਟ, ਕਰਨ ਵਡ਼ਿੰਗ, ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

