ਪੰਜਾਬ ਸਰਕਾਰ ਵੱਲੋਂ ਅਦਾਕਾਰ ਸਤੀਸ਼ ਕੌਲ ਨੂੰ 5 ਲੱਖ ਰੁਪਏ ਦੀ ਮਾਲੀ ਮਦਦ

Loading

ਅਦਾਕਾਰ ਦੀਆਂ ਲੋਡ਼ਾਂ ਅਤੇ ਮੰਗਾਂ ਬਾਰੇ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ-ਐੱਸ.ਡੀ.ਐੱਮ.

ਲੁਧਿਆਣਾ, 12 ਜਨਵਰੀ ( ਸਤ ਪਾਲ ਸੋਨੀ ) :  ਪੰਜਾਬੀ ਸਮੇਤ ਕਈ ਭਾਸ਼ਾਵਾਂ ਵਿੱਚ ਅਦਾਕਾਰੀ ਦੇ ਜ਼ੌਹਰ ਦਿਖਾ ਚੁੱਕੇ ਅਦਾਕਾਰ ਸਤੀਸ਼ ਕੌਲ ਨੂੰ ਪੰਜਾਬ ਸਰਕਾਰ ਨੇ 5 ਲੱਖ ਰੁਪਏ ਦੀ ਮਾਲੀ ਮਦਦ ਭੇਜੀ ਹੈ। ਇਹ ਸਹਾਇਤਾ ਰਾਸ਼ੀ ਅੱਜ ਲੁਧਿਆਣਾ (ਪੱਛਮੀ) ਦੇ ਐੱਸ. ਡੀ. ਐੱਮ.  ਸਾਗਰ ਸੇਤੀਆ ਨੇ ਸਤੀਸ਼ ਕੌਲ ਨੂੰ ਉਨਾਂ ਦੇ ਘਰ ਜਾ ਕੇ ਖੁਦ ਭੇਟ ਕੀਤੀ। ਇਸ ਮੌਕੇ ਉਨਾਂ ਨਾਲ ਤਹਿਸੀਲਦਾਰ ਲੁਧਿਆਣਾ (ਕੇਂਦਰੀ)  ਕੰਵਰ ਨਰਿੰਦਰ ਸਿੰਘ, ਜ਼ਿਲਾ  ਰੈੱਡ ਕਰਾਸ ਸੁਸਾਇਟੀ ਦੇ ਸਕੱਤਰ  ਐਰੀ ਅਤੇ ਹੋਰ ਵੀ ਹਾਜ਼ਰ ਸਨ। 
ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੀਸ਼ ਕੌਲ ਬਾਰੇ ਵੱਖ-ਵੱਖ ਮੀਡੀਆ ਵਿੱਚ ਛਪੀਆਂ ਖ਼ਬਰਾਂ ਦਾ ਤੁਰੰਤ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੂੰ ਹਦਾਇਤ ਕੀਤੀ ਸੀ ਕਿ ਉਹ ਇਸ ਸਦਾਬਹਾਰ ਅਦਾਕਾਰ ਦੀਆਂ ਲੋਡ਼ਾਂ ਅਤੇ ਮੰਗਾਂ ਬਾਰੇ ਪੰਜਾਬ ਸਰਕਾਰ ਨੂੰ ਤੁਰੰਤ ਰਿਪੋਰਟ ਭੇਜਣ। ਜਿਸ ‘ਤੇ ਸਤੀਸ਼  ਕੌਲ ਦਾ ਹਾਲ-ਚਾਲ ਜਾਨਣ ਲਈ ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਵਿਸ਼ੇਸ਼ ਤੌਰ ‘ਤੇ ਉਨਾਂ ਦੇ ਘਰ  ਪਹੁੰਚੇ ਸਨ ਅਤੇ ਉਨਾਂ ਦੀਆਂ ਮੰਗਾਂ ਅਤੇ ਲੋਡ਼ਾਂ ਬਾਰੇ ਜਾਣਕਾਰੀ ਹਾਸਿਲ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਿਪੋਰਟ ਭੇਜੀ ਸੀ। 
ਇਸ ਮੌਕੇ ਲੁਧਿਆਣਾ (ਪੱਛਮੀ) ਦੇ ਐੱਸ. ਡੀ. ਐੱਮ. ਸਾਗਰ ਸੇਤੀਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਨੂੰ ਸਤੀਸ਼  ਕੌਲ ਨੇ ਕਿਹਾ ਸੀ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਗੁਰਬਤ ਦਾ ਜੀਵਨ ਜੀਅ ਰਹੇ ਹਨ, ਜਿਸ ਵਿੱਚੋਂ ਨਿਕਲਣ ਲਈ ਉਨਾਂ ਨੂੰ ਸਹਾਇਤਾ ਦੀ ਜ਼ਰੂਰਤ ਹੈ। ਉਨਾਂ ਮੰਗ ਕੀਤੀ ਸੀ ਕਿ ਉਨਾਂ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਬੰਦ ਕੀਤੀ ਗਈ ਪੈਨਸ਼ਨ ਦੀ ਬਹਾਲੀ ਕੀਤੀ ਜਾਵੇ, ਮੁਫ਼ਤ ਦਵਾਈਆਂ ਸਮੇਤ ਹੋਰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਰਹਿਣ ਲਈ ਮਕਾਨ ਦਿੱਤਾ ਜਾਵੇ ਅਤੇ ਸਾਂਭ ਸੰਭਾਲ ਲਈ ਇੱਕ ਅਟੈਂਡੈਂਟ ਲਡ਼ਕਾ ਮੁਹੱਈਆ ਕਰਵਾਇਆ ਜਾਵੇ। ਇਸ ਸੰਬੰਧੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਹੋਈ ਹੈ, ਜਿਸ ‘ਤੇ ਗੌਰ ਕੀਤੀ ਜਾ ਰਹੀ ਹੈ। 
ਇਸ ਮੌਕੇ ਖੁਸ਼ ਮੁਦਰਾ ਵਿੱਚ ਨਜ਼ਰ ਆ ਰਹੇ ਸਤੀਸ਼  ਸਤੀਸ਼ ਕੌਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦਾ ਇਸ ਮਾਲੀ ਮਦਦ ਭੇਜਣ ਵਿਸ਼ੇਸ਼ ਧੰਨਵਾਦ ਕੀਤਾ। 

32320cookie-checkਪੰਜਾਬ ਸਰਕਾਰ ਵੱਲੋਂ ਅਦਾਕਾਰ ਸਤੀਸ਼ ਕੌਲ ਨੂੰ 5 ਲੱਖ ਰੁਪਏ ਦੀ ਮਾਲੀ ਮਦਦ

Leave a Reply

Your email address will not be published. Required fields are marked *

error: Content is protected !!