ਪੰਜਾਬ ਸਰਕਾਰ ਲੋਕਾਂ ਨੂੰ ਚੰਗੀ ਸਿਹਤ ਦੇਣ ਲਈ ਵਚਨਬੱਧ-ਸਿਹਤ ਮੰਤਰੀ

Loading

 


ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦਾ ਵਿਸ਼ੇਸ਼ ਯੋਗਦਾਨ

ਲੁਧਿਆਣਾ, 13 ਨਵੰਬਰ ( ਸਤ ਪਾਲ ਸੋਨੀ ) :  ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਚੰਗੀ ਸਿਹਤ ਦੇਣ ਅਤੇ ਸਿਹਤਮੰਦ ਸਮਾਜ ਸਿਰਜਣ ਲਈ ਵਚਨਬੱਧ ਹੈ। ਉਹ ਅੱਜ ਇਥੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ 128ਵੇਂ ਜਨਮ ਦਿਵਸ ਸੰਬੰਧੀ ਸਤ ਪਾਲ ਮਿੱਤਲ ਰਾਸ਼ਟਰੀ ਪੁਰਸਕਾਰ ਵੰਡ ਸਮਾਰੋਹ ਵਿੱਚ ਸ਼ਿਰਕਤ ਕਰਨ ਆਏ ਸਨ।
ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ, ਉਥੇ ਹੀ ਸਭ ਤੋਂ ਵਧੇਰੇ ਤਵੱਜੋਂ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਦਿੱਤੀ ਜਾ ਰਹੀ ਹੈ। ਧੂੰਏਂ ਅਤੇ ਧੁੰਦ ਕਾਰਨ ਖ਼ਰਾਬ ਹੋਏ ਵਾਤਾਵਰਨ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਨਾਂ ਕਿਹਾ ਕਿ ਦਿਨੋਂ ਦਿਨ ਵਧ ਰਹੇ ਪ੍ਰਦੂਸ਼ਣ ਦੇ ਪੱਕੇ ਹੱਲ ਲਈ ਜ਼ਰੂਰੀ ਹੈ ਕਿ ਸਾਰੀਆਂ ਰਾਜਸੀ ਧਿਰਾਂ ਹੋਛੀ ਰਾਜਨੀਤੀ ਛੱਡ ਕੇ ਸਾਂਝੇ ਯਤਨ ਕਰਨ ਵੱਲ ਤੁਰਨ।
ਉਨਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਕੱਲ ਜਾਰੀ ਕੀਤੀ ਗਈ ਰਿਪੋਰਟ ਵਿੱਚ ਪਤਾ ਲੱਗਾ ਹੈ ਕਿ ਇਸ ਵਾਰ ਵਾਤਾਵਰਣ ਵਿੱਚ ਪ੍ਰਦੂਸ਼ਣ 44 ਫੀਸਦੀ ਘਟਿਆ ਹੈ, ਜੋ ਕਿ ਇੱਕ ਚੰਗਾ ਸੰਕੇਤ ਹੈ ਪਰ ਫਿਰ ਵੀ ਇਸ ਮਸਲੇ ਦੇ ਪੱਕੇ ਹੱਲ ਲਈ ਸਾਰੀਆਂ ਸਰਕਾਰਾਂ ਨੂੰ ਸਖ਼ਤ ਹੋਣਾ ਪੈਣਾ ਹੈ। ਉਨਾਂ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਉਹ ਅਤੇ ਉਨਾਂ ਦੀ ਪਾਰਟੀ ਪਰਾਲੀ ਸਾਡ਼ਨ ਵਾਲੇ ਮੁੱਦੇ ‘ਤੇ ਰਾਜਨੀਤੀ ਨਾ ਕਰੇ। ਉਨਾਂ ਕਿਹਾ ਕਿ ਡੇਂਗੂ ‘ਤੇ ਕਾਬੂ ਪਾਉਣ ਲਈ ਜਿੱਥੇ ਵਿਭਾਗ ਵੱਲੋਂ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ, ਉਥੇ ਹੀ ਇਸ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਪੰਜਾਬ ਦੇ ਵਿਗਡ਼ੇ ਹਾਲਾਤਾਂ ਨੂੰ ਦਰੁਸਤ ਕਰਨ ਲਈ ਹਾਲੇ ਥੋਡ਼ਾ ਸਮਾਂ ਹੋਰ ਲੱਗੇਗਾ।
ਉਨਾਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਿੱਚ ਉਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਉਨਾਂ ਆਜ਼ਾਦੀ ਉਪਰੰਤ ਲੋਕਤੰਤਰ ਦਾ ਰਾਹ ਚੁਣ ਕੇ ਦੇਸ਼ ਦੀ ਮਜ਼ਬੂਤੀ ਦੀ ਨੀਂਹ ਰੱਖੀ। ਇਸ ਮੌਕੇ ਉਨਾਂ ਨਹਿਰੂ ਸਿਧਾਂਤ ਕੇਂਦਰ ਟਰੱਸਟ ਵੱਲੋਂ ਗਰੀਬ ਅਤੇ ਹੋਣਹਾਰ ਬੱਚਿਆਂ ਨੂੰ ਦਿੱਤੇ ਜਾਂਦੇ ਵਜ਼ੀਫਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਮਾਜਿਕ ਕਾਰਜ ਲਈ ਪੰਜਾਬ ਸਰਕਾਰ ਨਹਿਰੂ ਸਿਧਾਂਤ ਕੇਂਦਰ ਟਰੱਸਟ ਅਤੇ ਭਾਰਤੀ ਮਿੱਤਲ ਪਰਿਵਾਰ ਦੀ ਰਿਣੀ ਹੈ। ਇਸ ਮੌਕੇ ਉਨਾਂ  ਰਵਿੰਦਰਨਾਥ, ਮੰਗੂ ਸਿੰਘ,  ਨਿਤਿਨ ਕੁਮਾਰ ਨੰਦ ਅਤੇ ਅਸ਼ੋਕ ਚਿਤਲੇ ਨੂੰ ਉਨਾਂ ਦੀਆਂ ਸ਼ਾਨਦਾਰ ਸਮਾਜਿਕ ਸੇਵਾਵਾਂ ਲਈ ਸਤਪਾਲ ਮਿੱਤਲ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨਾਂ ਸੈਂਕਡ਼ੇ ਹੋਣਹਾਰ ਅਤੇ ਗਰੀਬ ਵਿਦਿਆਰਥੀਆਂ ਨੂੰ ਸਾਲਾਨਾ ਵਜ਼ੀਫਾ ਯੋਜਨਾ ਤਹਿਤ ਰਾਸ਼ੀ ਦੀ ਵੰਡ ਕੀਤੀ।
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਟਰੱਸਟ ਦੇ ਚੇਅਰਮੈਨ ਸ੍ਰੀ ਰਾਕੇਸ਼ ਭਾਰਤੀ ਮਿੱਤਲ ਨੇ ਟਰੱਸਟ ਵੱਲੋਂ ਸਿੱਖਿਆ, ਸਿਹਤ ਅਤੇ ਹੋਰ ਖੇਤਰਾਂ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਪੇਸ਼ ਕਰਦਿਆਂ ਇਸ ਦਿਸ਼ਾ ਵਿੱਚ ਪੰਜਾਬ ਸਰਕਾਰ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਉਨਾਂ ਦੱਸਿਆ ਕਿ ਟਰੱਸਟ ਵੱਲੋਂ ਹਰ ਸਾਲ ਕਰੀਬ 50 ਲੱਖ ਰੁਪਏ ਰਾਸ਼ੀ ਦੇ ਵਜੀਫ਼ੇ ਅਤੇ 5 ਲੱਖ ਰੁਪਏ ਤੋਂ ਵਧੇਰੀ ਰਾਸ਼ੀ ਦੇ ਪੁਰਸਕਾਰ ਵੰਡੇ ਜਾਂਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ  ਸੁਰਿੰਦਰ ਡਾਬਰ, ਵਿਧਾਇਕ ਸੰਜੇ ਤਲਵਾਡ਼, ਬਿਪਨ ਗੁਪਤਾ, ਜੀ. ਐੱਲ. ਬੱਸੀ, ਸ੍ਰੀ ਸੁਨੀਲ ਗੁਪਤਾ, ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ,  ਗੁਰਪ੍ਰੀਤ ਗੋਗੀ ਤੇ ਗੁਰਦੇਵ ਸਿੰਘ ਲਾਪਰਾਂ ਜ਼ਿਲਾ ਪ੍ਰਧਾਨ ਕਾਂਗਰਸ ਪਾਰਟੀ,  ਅਮਰਜੀਤ ਸਿੰਘ ਟਿੱਕਾ ਜਨਰਲ ਸਕੱਤਰ ਪੰਜਾਬ ਕਾਂਗਰਸ, ਸ਼ੈਂਪੀ ਭਨੋਹਡ਼ ਸੀਨੀਅਰ ਕਾਂਗਰਸੀ ਆਗੂ, ਹੋਰ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

7960cookie-checkਪੰਜਾਬ ਸਰਕਾਰ ਲੋਕਾਂ ਨੂੰ ਚੰਗੀ ਸਿਹਤ ਦੇਣ ਲਈ ਵਚਨਬੱਧ-ਸਿਹਤ ਮੰਤਰੀ

Leave a Reply

Your email address will not be published. Required fields are marked *

error: Content is protected !!