ਪੰਜਾਬ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਾਉਣ ਲਈ ਵਚਨਬੱਧ-ਚਰਨਜੀਤ ਸਿੰਘ ਚੰਨੀ

Loading

ਸਰਕਾਰੀ ਉਦਯੋਗਿਕ ਸੰਸਥਾਵਾਂ ਵਿੱਚ ਸਨਅਤਾਂ ਦੀ ਮੰਗ ਮੁਤਾਬਿਕ ਕੋਰਸ ਸ਼ੁਰੂ ਕੀਤੇ ਜਾਣਗੇ

ਮੌਜੂਦਾ ਕੋਰਸਾਂ ਨੂੰ ਸਨਅਤਾਂ ਦੀ ਲੋਡ਼ ਮੁਤਾਬਿਕ ਅਪਗ੍ਰੇਡ ਕੀਤਾ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਨੌਜਵਾਨ ਲਾਭ ਲੈ ਸਕਣ

ਲੁਧਿਆਣਾ, 19 ਨਵੰਬਰ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖ਼ਲਾਈ, ਰੋਜ਼ਗਾਰ ਉਤਪਤੀ ਮੰਤਰੀ  ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਉਨਾਂ ਦੀ ਯੋਗਤਾ ਮੁਤਾਬਿਕ ਨੌਕਰੀਆਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਘਰ-ਘਰ ਰੋਜ਼ਗਾਰ ਯੋਜਨਾ’ ਤਹਿਤ ਸੂਬੇ ਵਿੱਚ ਥਾਂ-ਥਾਂ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿਨਾਂ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।


ਅੱਜ ਸਥਾਨਕ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ, ਗਿੱਲ ਸਡ਼ਕ ਵਿਖੇ ਚਾਰ ਰੋਜ਼ਾ ਮੈਗਾ ਰੋਜ਼ਗਾਰ ਮੇਲੇ ਦਾ ਉਦਘਾਟਨ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਲੁਧਿਆਣਾ ਵਿਖੇ ਮਿਤੀ 19 ਤੋਂ 22 ਨਵੰਬਰ, 2018 ਤੱਕ ਮੈਗਾ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਚੰਨੀ ਨੇ ਕਿਹਾ ਕਿ ਸਨਅਤਾਂ ਦੀਆਂ ਲੋਡ਼ਾਂ ਜਾਣਨ ਲਈ ਪੰਜਾਬ ਸਰਕਾਰ ਲਗਾਤਾਰ ਉਨਾਂ ਦੇ ਸੰਪਰਕ ਵਿੱਚ ਹੈ। ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾਵਾਂ (ਆਈ. ਟੀ. ਆਈਜ਼) ਅਤੇ ਹੋਰ ਤਕਨੀਕੀ ਸੰਸਥਾਵਾਂ ਵਿੱਚ ਸਨਅਤਾਂ ਦੀ ਲੋਡ਼ ਮੁਤਾਬਿਕ ਕੋਰਸ ਸ਼ੁਰੂ ਕਰਵਾਏ ਜਾਣਗੇ। ਓਹੀ ਕੋਰਸ ਸ਼ੁਰੂ ਕਰਵਾਏ ਜਾਣਗੇ, ਜਿਨਾਂ ਦੀ ਸਨਅਤਾਂ ਵਿੱਚ ਮੰਗ ਹੈ। ਮੌਜੂਦਾ ਕੋਰਸਾਂ ਨੂੰ ਵੀ ਸਮੇਂ ਦੀ ਲੋਡ਼ ਮੁਤਾਬਿਕ ਅਪਗ੍ਰੇਡ ਕੀਤਾ ਜਾਵੇਗਾ, ਤਾਂ ਜੋ ਇਨਾਂ ਨੂੰ ਕਰਕੇ ਨੌਜਵਾਨ ਵੱਧ ਤੋਂ ਵੱਧ ਲਾਭ ਲੈ ਸਕਣ।
ਉਨਾਂ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਕੋਰਸਾਂ ਨੂੰ ਅਪਗ੍ਰੇਡ ਕਰਨ ਸੰਬੰਧੀ ਉਨਾਂ ਨਾਲ ਜਾਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਰਾਬਤੇ ਵਿੱਚ ਰਹਿਣ। ਸਨਅਤਕਾਰਾਂ ਨਾਲ ਵੱਖਰੇ ਤੌਰ ‘ਤੇ ਗੱਲਬਾਤ ਕਰਦਿਆਂ ਸ੍ਰ. ਚੰਨੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਨਅਤਕਾਰਾਂ ਦੀ ਲੋਡ਼ ਮੁਤਾਬਿਕ ਅਪਗ੍ਰੇਡ ਕੀਤਾ ਜਾਵੇ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸੂਬੇ ਵਿੱਚ 2017 ਵਿੱਚ ਸਰਕਾਰ ਬਣਾਈ ਸੀ। ਚੋਣ ਏਜੰਡੇ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਾਉਣ ਨੂੰ ਪ੍ਰਮੁੱਖਤਾ ਦਿੱਤੀ ਗਈ ਸੀ।  ਉਨਾਂ ਕਿਹਾ ਕਿ ਅੱਜ ਤੱਕ ਲੱਖਾਂ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।
ਇਸ ਮੌਕੇ ਹਾਜ਼ਰ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਤਿੰਨ ਅਲੱਗ-ਅਲੱਗ ਜਗਾ ‘ਤੇ ਰੋਜ਼ਗਾਰ ਮੇਲੇ ਲਗਾਏ ਗਏ ਹਨ। ਪਹਿਲੇ ਦਿਨ ਇਨਾਂ ਮੇਲਿਆਂ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਭਾਗ ਲਿਆ। ਉਨਾਂ ਕਿਹਾ ਕਿ ਇਨਾਂ ਮੇਲਿਆਂ ਵਿੱਚ ਚਾਰ ਦਿਨਾਂ ਦੌਰਾਨ 866 ਕੰਪਨੀਆਂ ਵੱਲੋਂ 76166 ਨੌਕਰੀਆਂ ਲਈ ਨੌਜਵਾਨਾਂ ਦੀ ਇੰਟਰਵਿਊ ਲਈ ਜਾਵੇਗੀ।
ਉਨਾਂ ਦੱਸਿਆ ਕਿ ਲੁਧਿਆਣਾ ਵਿਖੇ ਇਹ ਰੋਜ਼ਗਾਰ ਮੇਲੇ ਸਰਕਾਰੀ ਆਈ.ਟੀ.ਆਈ (ਲਡ਼ਕੇ) ਲੁਧਿਆਣਾ, ਸਰਕਾਰੀ ਟੈਕਸਟਾਈਲ ਕੈਮਿਸਟਰੀ ਐਂਡ ਨਿੰਟਿੰਗ ਅਕੈਡਮੀ ਰਿਸ਼ੀ ਨਗਰ, ਗੁਰੂ ਨਾਨਕ ਦੇਵ ਪੋਲੀਟੈਕਨਿਕ ਗਿੱਲ ਰੋਡ ਲੁਧਿਆਣਾ ਵਿਖੇ ਸ਼ੁਰੂ ਹੋਏ ਹਨ। ਉਨਾਂ ਕਿਹਾ ਕਿ ਭਾਵੇਂ ਕਿ ਇਹ ਮੈਗਾ ਰੋਜ਼ਗਾਰ ਮੇਲੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਗਾਏ ਜਾ ਰਹੇ ਹਨ ਪਰ ਨੌਜਵਾਨਾਂ ਨੂੰ ਲੁਧਿਆਣਾ ਵਿਖੇ ਨੌਕਰੀਆਂ ਪ੍ਰਾਪਤ ਕਰਨ ਦੇ ਸਭ ਤੋਂ ਵਧੇਰੇ ਮੌਕੇ ਹਨ ਕਿਉਂਕਿ ਇਕੱਲੇ ਲੁਧਿਆਣਾ ਸ਼ਹਿਰ ਨਾਲ ਸਬੰਧਤ ਸਨਅਤੀ ਇਕਾਈਆਂ ਨੂੰ ਹੀ 65 ਹਜ਼ਾਰ ਤੋਂ ਵਧੇਰੇ ਕਾਮਿਆਂ ਦੀ ਜ਼ਰੂਰਤ ਹੈ।ਲੁਧਿਆਣਾ ਵਿਖੇ ਪਹੁੰਚਣ ਵਾਲੀਆਂ ਜ਼ਿਆਦਾਤਰ ਕੰਪਨੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਹਨ, ਜਿੱਥੇ ਨੌਜਵਾਨ ਚੰਗੇ ਪੈਕੇਜ਼ ਵੀ ਪ੍ਰਾਪਤ ਕਰ ਸਕਣਗੇ।ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ 4 ਰੋਜ਼ਾ ਮੈਗਾ ਰੋਜ਼ਗਾਰ ਮੇਲਿਆਂ ਦਾ ਭਰਪੂਰ ਲਾਹਾ ਲੈਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ  ਸੰਜੇ ਤਲਵਾਡ਼, ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ  ਦਲਜੀਤ ਕੌਰ ਸਿੱਧੂ, ਡਿਪਟੀ ਡਾਇਰੈਕਟਰ  ਹਰਪਾਲ ਸਿੰਘ, ਐੱਸ. ਡੀ. ਐੱਮ. ਖੰਨਾ  ਸੰਦੀਪ ਸਿੰਘ, ਪ੍ਰਿੰਸੀਪਲ ਜਸਵੰਤ ਸਿੰਘ ਭੱਠਲ, ਸੀਨੀਅਰ ਕਾਂਗਰਸੀ ਆਗੂ  ਈਸ਼ਵਰਜੋਤ ਸਿੰਘ ਚੀਮਾ ਅਤੇ ਹੋਰ ਹਾਜ਼ਰ ਸਨ।

28750cookie-checkਪੰਜਾਬ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਾਉਣ ਲਈ ਵਚਨਬੱਧ-ਚਰਨਜੀਤ ਸਿੰਘ ਚੰਨੀ

Leave a Reply

Your email address will not be published. Required fields are marked *

error: Content is protected !!