![]()

ਕੇਂਦਰ ਸਰਕਾਰ ਨੂੰ ਵਾਅਦੇ ਯਾਦ ਕਰਾਉਣ ਲਈ ਕਾਲੇ ਕੱਪਡ਼ੇ ਪਾ ਕੇ ਆਉਣ ਸਾਰੇ-ਰਵਨੀਤ ਸਿੰਘ ਬਿੱਟੂ
-ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਦਿੱਤਾ ਜਾਵੇਗਾ ਜ਼ੋਰਦਾਰ ਧਰਨਾ
ਲੁਧਿਆਣਾ, 29 ਮਈ ( ਸਤ ਪਾਲ ਸੋਨੀ ) : ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਲ ਕੀਮਤਾਂ ਵਿੱਚ ਦਿਨੋਂ ਦਿਨ ਹੋ ਰਹੇ ਵਾਧੇ ਦੇ ਖ਼ਿਲਾਫ਼ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਮਿਤੀ 31 ਮਈ ਨੂੰ ਜ਼ਿਲਾ ਪੱਧਰੀ ਧਰਨੇ ਦਿੱਤੇ ਜਾ ਰਹੇ ਹਨ ਤਾਂ ਜੋ ਕੇਂਦਰ ਸਰਕਾਰ ਦਾ ਧਿਆਨ ਇਸ ਲੋਕ ਮੁੱਦੇ ਵੱਲ ਲਿਆਂਦਾ ਜਾ ਸਕੇ। ਉਨਾਂ ਦੱਸਿਆ ਕਿ ਇਨਾਂ ਧਰਨਿਆਂ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਚੋਣ ਵਾਅਦੇ ਯਾਦ ਕਰਾਏ ਜਾਣਗੇ।
ਬਿੱਟੂ ਨੇ ਕਿਹਾ ਕਿ ਮਿਤੀ 31 ਮਈ ਨੂੰ ਜ਼ਿਲਾ ਕਾਂਗਰਸ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਦੇ ਬਾਹਰ 11.00 ਵਜੇ ਧਰਨਾ ਸ਼ੁਰੂ ਕੀਤਾ ਜਾਵੇਗਾ। ਜਿਸ ਨੂੰ ਉਨਾਂ ਸਮੇਤ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਰੇ ਵਿਧਾਇਕ, ਜ਼ਿਲਾ ਪ੍ਰਧਾਨ ਅਤੇ ਪ੍ਰਮੁੱਖ ਸਖ਼ਸ਼ੀਅਤਾਂ ਸੰਬੋਧਨ ਕਰਨਗੀਆਂ। ਧਰਨੇ ਦੇ ਅੰਤ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਕੇਂਦਰ ਸਰਕਾਰ ਦੇ ਨਾਮ ਇੱਕ ਮੈਮੋਰੰਡਮ ਭੇਜਿਆ ਜਾਵੇਗਾ, ਜਿਸ ਵਿੱਚ ਕੇਂਦਰ ਸਰਕਾਰ ਨੂੰ ਚੋਣ ਵਾਅਦੇ ਯਾਦ ਕਰਾਉਣ ਦੇ ਨਾਲ-ਨਾਲ ਇਹ ਵਾਅਦੇ ਪੂਰੇ ਕਰਨ ਲਈ ਕਿਹਾ ਜਾਵੇਗਾ।
ਬਿੱਟੂ ਨੇ ਸਮੂਹ ਵਿਧਾਇਕਾਂ, ਜ਼ਿਲਾ ਪ੍ਰਧਾਨਾਂ, ਯੂਥ ਆਗੂਆਂ, ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਜ਼ਿਲਾ ਪੱਧਰੀ ਧਰਨੇ ਵਿੱਚ ਵਧ ਚਡ਼ ਕੇ ਹਿੱਸਾ ਲੈਣ ਤਾਂ ਜੋ ਕੇਂਦਰ ਸਰਕਾਰ ਨੂੰ ਡੂੰਘੀ ਨੀਂਦ ਤੋਂ ਜਗਾਇਆ ਜਾ ਸਕੇ। ਉਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਕੋਸ਼ਿਸ਼ ਕਰਨ ਕਿ ਧਰਨੇ ਵਿੱਚ ਕਾਲੇ ਕੱਪਡ਼ੇ ਪਾ ਕੇ ਆਇਆ ਜਾਵੇ ਤਾਂ ਜੋ ਇਸ ਰੋਸ ਨੂੰ ਹੋਰ ਤਿੱਖਾ ਕੀਤਾ ਜਾ ਸਕੇ।