![]()
ਲੁਧਿਆਣਾ, 18 ਅਕਤੂਬਰ ( ਸਤ ਪਾਲ ਸੋਨੀ ) :ਆਬੋ ਹਵਾ ਦੇ ਮਿਆਰ ਵਿੱਚ ਲਗਾਤਾਰ ਆ ਰਹੀ ਗਿਰਾਵਟ ਕਾਰਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਮੂਹ ਪੰਜਾਬੀਆਂ ਨੂੰ ਹਰੀ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੈ। ਇਹ ਅਪੀਲ ਕਰਦਿਆਂ ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂ ਨੇ ਕਿਹਾ ਕਿ ਦੀਵਾਲੀ ਦਾ ਪਵਿੱਤਰ ਤਿਓਹਾਰ ਦੀਵਿਆਂ ਦੀ ਲੋਅ ਵਿੱਚ ਹੈ ਜਿਸ ਨੂੰ ਸ਼ੋਰ ਅਤੇ ਹਵਾ ਪ੍ਰਦੂਸ਼ਣ ਨਾਲ ਨਾਂ ਧੁੰਆਂਖ ਕੇ ਇਸ ਵਰੇ ਕੁਦਰਤ ਪੱਖੀ ਹਰੀ ਦੀਵਾਲੀ ਮਨਾਉਣ ਦਾ ਸਾਰਿਆਂ ਨੂੰ ਪ੍ਰਣ ਲੈਣਾ ਚਾਹੀਦਾ ਹੈ।
ਸ. ਪੰਨੂ ਨੇ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੀ ਹਵਾ ਕੁਆਲਿਟੀ ਦੇ ਇੰਡੈਕਸ ਦਾ ਅੰਕਡ਼ਾ ਜੋ ਪਹਿਲਾਂ ਹੀ 290 ਨੂੰ ਛੂਹ ਗਿਆ ਹੈ, ਜਾਰੀ ਕਰਦਿਆਂ ਕਿਹਾ ਕਿ ਇਹ ਅੰਕਡ਼ਾ 100 ਤੱਕ ਸੀਮਤ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਹਵਾ ਦੀ ਕੁਆਲਿਟੀ ਦੇ ਇੰਡੈਕਸ ਵਿੱਚ ਲਗਾਤਾਰ ਹੋ ਰਿਹਾ ਵਾਧਾ, ਬੱਚਿਆਂ, ਗਰਭਵਤੀ ਔਰਤਾਂ, ਬਿਮਾਰਾਂ ਅਤੇ ਬਜੁਰਗਾਂ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਇੰਡੈਕਸ ਦੀਵਾਲੀ ਵਾਲੇ ਦਿਨ 500 ਤੱਕ ਛੂਹ ਜਾਣ ਦੀ ਸੰਭਾਵਨਾਂ ਬਣੀ ਹੋਈ ਹੈ, ਜਿਹਡ਼ੀ ਕਿ ਤੰਦਰੁਸਤ ਆਵਾਮ ‘ਤੇ ਵੀ ਅਸਰ ਪਾਵੇਗੀ। ਉਨਾਂ ਅੱਗੇ ਦੱਸਿਆ ਕਿ ਹਵਾ ਵਿੱਚ ਮੌਜੂਦ ਮਹੀਨ ਕਣ, ਅਤਿ ਮਹੀਨ ਕਣ, ਸਲਫਰ ਡਾਈਆਕਸਾਈਡ ਗੈਸ ਅਤੇ ਨਾਈਟ੍ਰੋਜਨ ਦੇ ਆਕਸਾਈਡਾਂ ਦੀ ਮਾਤਰਾ ਵਿੱਚ ਹੋ ਰਿਹਾ ਵਾਧਾ ਪੰਜਾਬ ਦੀ ਆਬੋ ਹਵਾ ਨੂੰ ਪਲੀਤ ਕਰ ਰਿਹਾ ਹੈ, ਜਿਸ ਕਾਰਨ ਮਨੁੱਖ ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਉਨਾਂ ਕਿਹਾ ਕਿ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਟਾਖੇ ਚਲਾਉਣ ਦਾ ਸਮਾਂ ਸਿਰਫ ਦੀਵਾਲੀ ਵਾਲੇ ਦਿਨ ਸ਼ਾਮ 6:30 ਵਜੇ ਤੋਂ ਰਾਤ 9:30 ਵਜੇ ਤੱਕ ਨਿਰਧਾਰਤ ਕੀਤਾ ਹੈ ਅਤੇ ਦੀਵਾਲੀ ਵਾਲੇ ਦਿਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਪਟਾਖੇ ਚਲਾਉਣ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ।
ਸ਼੍ਰੀ ਪੰਨੂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਂਦੇ ਹੋਏ ਇਸ ਵਰੇ ਹਰੀ ਦੀਵਾਲੀ ਮਨਾਉਣ ਲਈ ਆਮ ਆਵਾਮ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ ਕਿਉਂਕਿ ਕੁਤਾਹੀ ਕਰਨ ਵਾਲੇ ਖਿਲਾਫ ਕੋਰਟ ਦੇ ਹੁਕਮਾਂ ਅਨੁਸਾਰ ਲੋਡ਼ੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਵਾ ਦੀ ਕੁਆਲਿਟੀ ਵਿੱਚ ਆ ਰਹੇ ਲਗਾਤਾਰ ਨਿਘਾਰ ਬਾਰੇ ਸ਼੍ਰੀ ਪੰਨੂੰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਪਲੀਤ ਆਬੋ ਹਵਾ ਦਾ ਸਭ ਤੋਂ ਪਹਿਲਾ ਸ਼ਿਕਾਰ ਕਿਸਾਨ ਖੁਦ ਬਣਦੇ ਹਨ, ਸ਼ਹਿਰਾਂ ਵਿੱਚ ਪਲੀਤ ਹਵਾ ਬਾਅਦ ਵਿੱਚ ਪਹੁੰਚਦੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਕੁਤਰਾ ਕਰਕੇ ਖੇਤ ਵਿੱਚ ਹੀ ਮਿਲਾਉਣ ਕਿਉਂਕਿ ਇਸ ਪਰਾਲੀ ਵਿੱਚ ਆਰਗੈਨਿਕ ਮਾਦੇ ਤੋਂ ਇਲਾਵਾ ਹੋਰ ਵੀ ਬਹੁਤ ਖੁਰਾਕੀ ਤੱਤ ਮੌਜੂਦ ਹਨ, ਜੋ ਅਗਲੀ ਫਸਲ ਲਈ ਲੋਡ਼ੀਂਦੇ ਹਨ। ਜਿਸ ਨਾਲ ਕਿਸਾਨਾਂ ਦੀ ਰਸਾਇਣਕ ਖਾਦਾਂ ‘ਤੇ ਨਿਰਭਰਤਾ ਘਟੇਗੀ, ਖਰਚਾ ਘਟੇਗਾ, ਮਿੱਟੀ ਦੀ ਸਿਹਤ ਨਰੋਈ ਹੋਵੇਗੀ ਤੇ ਪ੍ਰਤੀ ਏਕਡ਼ ਝਾਡ਼ ਵੀ ਵਧੇਗਾ। ਉਨਾਂ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਲਈ ਹੋਏ ਖਰਚੇ ਨੂੰ ਖਰਚਾ ਨਾ ਮੰਨ ਕੇ ਇਸ ਨੂੰ ਇੱਕ ਬੱਚਤ ਵਜੋਂ ਲਿਆ ਜਾਵੇ।