![]()

ਲੁਧਿਆਣਾ, 26 ਅਗਸਤ ( ਸਤ ਪਾਲ ਸੋਨੀ ) : ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਵਾਹਨਾਂ ‘ਤੇ ਵਰਤੇ ਜਾਂਦੇ ਪ੍ਰੈਸ਼ਰ/ਪਟਾਕਾ ਮਾਰਨ ਵਾਲੇ ਅਤੇ ਵੱਖ-ਵੱਖ ਆਵਾਜ਼ਾਂ ਕੱਢਣ ਵਾਲੇ ਹਾਰਨਾਂ ‘ਤੇ ਹਰ ਤਰਾਂ ਦੀ ਪਾਬੰਦੀ ਲਗਾਉਣ ਦੀ ਤਿਆਰੀ ਕਰ ਲਈ ਹੈ। ਬੋਰਡ ਨੇ ਲਗਾਈ ਜਾਣ ਵਾਲੀ ਪਾਬੰਦੀ ਬਾਰੇ ਸੰਬੰਧਤ ਧਿਰਾਂ ਤੋਂ ਉਨਾਂ ਦੇ ਇਤਰਾਜ਼ ਅਤੇ ਸੁਝਾਅ ਮੰਗ ਲਏ ਹਨ, ਤਾਂ ਜੋ ਇਸ ਉਪਰੰਤ ਲੋਡ਼ਂੀਂਦੀ ਕਾਰਵਾਈ ਕੀਤੀ ਜਾ ਸਕੇ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਸ੍ਰ. ਕਾਹਨ ਸਿੰਘ ਪੰਨੂੰ ਵੱਲੋਂ ਸੰਬੰਧਤ ਐਕਟ ਨਾਲ ਸੰਬੰਧਤ ਵਿਭਾਗਾਂ ਦੇ ਮੁੱਖੀਆਂ, ਡਿਪਟੀ ਕਮਿਸ਼ਨਰਾਂ ਨੂੰ ਪੱਤਰ ਭੇਜ ਕੇ ਆਮ ਲੋਕਾਂ ਅਤੇ ਅਜਿਹੇ ਹਾਰਨਾਂ ਦੇ ਹਰ ਤਰਾਂ ਦੇ ਕਾਰੋਬਾਰ ਨਾਲ ਜੁਡ਼ੇ ਵਿਅਕਤੀਆਂ ਤੋਂ ਪਾਬੰਦੀ ਪ੍ਰਸਤਾਵ ਬਾਰੇ ਸੁਝਾਅ ਅਤੇ ਇਤਰਾਜ਼ ਮੰਗੇ ਗਏ ਹਨ। ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਆਵਾਜ਼ ਪ੍ਰਦੂਸ਼ਣ ਨੂੰ ਏਅਰ (ਪ੍ਰਵੈਨਸ਼ਨ ਐਂਡ ਕੰਟਰੋਲ ਆਫ਼ ਪੋਲਿਊਸ਼ਨ) ਐਕਟ, 1981 ਤਹਿਤ ਹਵਾ ਪ੍ਰਦੂਸ਼ਣ ਦਾ ਹੀ ਹਿੱਸਾ ਮੰਨਿਆ ਗਿਆ ਹੈ, ਜੋ ਕਿ ਮਨੁੱਖਾਂ, ਜੀਵਾਂ ਅਤੇ ਵਾਤਾਵਰਨ ਲਈ ਬਹੁਤ ਹੀ ਘਾਤਕ ਹੈ।
ਉਨਾਂ ਕਿਹਾ ਕਿ ਆਮ ਤੌਰ ‘ਤੇ ਸੁਣਨ ਅਤੇ ਦੇਖਣ ਵਿੱਚ ਆਉਂਦਾ ਹੈ ਕਿ ਵੱਖ-ਵੱਖ ਵਾਹਨਾਂ (ਖਾਸ ਕਰਕੇ ਦੁਪੱਹੀਆ ਵਾਹਨਾਂ) ‘ਤੇ ਪ੍ਰੈਸ਼ਰ ਹਾਰਨ, ਵੱਖ-ਵੱਖ ਆਵਾਜ਼ਾਂ ਕੱਢਣ ਵਾਲੇ ਹਾਰਨ ਅਤੇ ਪਟਾਕੇ ਦੀ ਆਵਾਜ਼ ਵਾਲੇ ਹਾਰਨ ਲਗਾਏ ਜਾਂਦੇ ਹਨ, ਜਿਸ ਨਾਲ ਵਾਤਾਵਰਨ ਵੱਡੀ ਪੱਧਰ ‘ਤੇ ਪ੍ਰਦੂਸ਼ਿਤ ਹੁੰਦਾ ਹੈ। ਬੋਰਡ ਨੇ ਇਨਾਂ ਹਾਰਨਾਂ ਦੇ ਉਤਪਾਦਨ, ਵੇਚ, ਖਰੀਦ, ਫਿਟਿੰਗ ਅਤੇ ਵਰਤੋਂ ‘ਤੇ ਮੁਕੰਮਲ ਪਾਬੰਦੀ ਲਗਾਉਣ ਦਾ ਪ੍ਰਸਤਾਵ ਲਿਆਂਦਾ ਹੈ। ਬੋਰਡ ਨੇ ਇਸ ਕਾਰੋਬਾਰ ਨਾਲ ਜੁਡ਼ੇ ਮੈਨੂੰਫੈਕਚਰਰਜ਼, ਡੀਲਰਾਂ, ਟਰੇਡਰਾਂ, ਮਕੈਨਿਕਾਂ, ਦੁਕਾਨਦਾਰਾਂ ਅਤੇ ਵਰਤੋਂਕਾਰਾਂ ਤੋਂ ਇਨਾਂ ਹਾਰਨਾਂ ‘ਤੇ ਮੁਕੰਮਲ ਪਾਬੰਦੀ ਲਗਾਉਣ ਬਾਰੇ ਸੁਝਾਅ ਅਤੇ ਇਤਰਾਜ਼ ਮੰਗੇ ਹਨ।
ਸ੍ਰੀ ਅਗਰਵਾਲ ਨੇ ਕਿਹਾ ਕਿ ਸੰਬੰਧਤ ਧਿਰਾਂ ਇਹ ਸੁਝਾਅ ਅਤੇ ਇਤਰਾਜ਼ ਜਲਦ ਤੋਂ ਜਲਦ ਬੋਰਡ ਦੇ ਈਮੇਲ ਪਤੇ msppcb0gmail.com ‘ਤੇ ਜਾਂ ਫਿਰ ਰਜਿਸਟਰਡ ਡਾਕ ਰਾਹੀਂ ਮੈਂਬਰ ਸਕੱਤਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਵਾਤਾਵਰਨ ਭਵਨ, ਨਾਭਾ ਸਡ਼ਕ, ਪਟਿਆਲਾ ਵਿਖੇ ਭੇਜ ਸਕਦੇ ਹਨ।