![]()
ਲੁਧਿਆਣਾ , 2 ਜੂਨ ( ਸਤ ਪਾਲ ਸੋਨੀ ) : ਪੰਜਾਬ ਦਾ ਖੇਡ ਵਿਭਾਗ ਅਤੇ ਸੁਰਜੀਤ ਹਾਕੀ ਅਕੈਡਮੀ ਵਧਾਈ ਦੇ ਪਾਤਰ ਹਨ ਜਿਨਾਂ ਸਦਾਕ ਪੰਜਾਬ ਨੂੰ ਭਾਰਤੀ ਹਾਕੀ ਟੀਮ ‘ਚ ਵੱਡੀ ਨੁਮਾਇੰਦਗੀ ਮਿਲੀ ਹੈ। ਪੰਜਾਬ ਦੇ ਨੌਂ ਖਿਡਾਰੀਆਂ ਦਾ ਭਾਰਤੀ ਹਾਕੀ ਟੀਮ ਵਿਚ ਆਉਣਾ ਇਕ ਸ਼ੁਭ ਸ਼ਗਨ ਹੈ ਪਰ ਪੰਜਾਬ ਇੰਟੀਚਿਊਟ ਆਫ ਸਪੋਰਟਸ (ਪੀਆਈਐਸ) ਵੱਲੋਂ ਇਸ ਪ੍ਰਾਪਤੀ ਦਾ ਲਾਹਾ ਲੈਣਾ ਮੰਦਭਾਗਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਓਲੰਪੀਅਨ ਬਲਦੇਵ ਸਿੰਘ ਨੇ ਕਰਦਿਆਂ ਆਖਿਆ ਕਿ ਪੀਆਈਐਸ ਵਾਰ-ਵਾਰ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ‘ਤੇ ਦਾਅਵਾ ਜਤਾ ਰਹੀ ਹੈ ਕਿ ਭਾਰਤਿ ਹਾਕੀ ਟੀਮ ਲਈ ਚੁਣੇ ਪੰਜਾਬ ਦੇ 9 ਖਿਡਾਰੀ ਉਨਾਂ ਦੀ ਪੈਦਾਇਸ਼ ਹਨ। ਜਦਕਿ ਪੀਆਈਐਸ ਆਕਲੀ ਭਾਜਪਾ ਸਰਕਾਰ ਵੇਲੇ 1915-16 ਵਿਚ ਬਣੀ ਹੈ। ਜਦਕਿ ਪੰਜਾਬ ਦੇ ਬਾਰੀ ਟੀਮ ਲਈ ਚੁਣੇ ਗਏ ਖਿਡਾਰੀ 2009-11, 2011-12 ਆਦਿ ਵਰ੍ਹਿਆਂ ਵਿਚ ਸੁਰਜੀਤ ਹਾਕੀ ਅਕੈਡਮੀ ਅਤੇ ਹੋਰ ਅਕੈਡਮੀਆਂ ਵੱਲੋਂ ਖੇਡਦੇ ਸਨ। ਉਸ ਵੇਲੇ ਸੁਰਜੀਤ ਅਕੈਡਮੀ ਖੇਡ ਵਿਭਾਗ ਦੇ ਦਾਇਰੇ ‘ਚ ਸੀ, ਫਿਰ ਪੀਆਈਐਸ ਇਸ ਦਾਅਵਾ ਕਿਵੇਂ ਜਤਾ ਸਕਦੀ ਹੈ ਕਿ ਇਸ ਉਸਦੇ ਖਿਡਾਰੀ ਹਨ। ਇਹ ਸਾਰੇ ਖਿਡਾਰੀ ਇਸ ਵੇਲੇ ਪੰਜਾਬ ਪਲਿਸ, ਓਐਨਜੀਸੀ ਰੇਲਵੇ ਆਦਿ ਵਿਭਾਗਾਂ ਵਿਚ ਪਿਛਲੇ ਕਈ ਸਾਲਾਂ ਤੋਂ ਨੋਕਰੀਆਂ ‘ਤੇ ਤਾਇਨਾਤ ਹਨ। ਪੰਜਾਬ ਦਿ ਪੀਆਈਐਸ ਦੀ ਖੇਡ ਪ੍ਰਣਾਲੀ ਤੋਂ ਖਫ਼ਾ ਹੋਏ ਓਲੰਪੀਅਨ ਬਲਦੇਵ ਸਿੰਘ ਨੇ ਆਖਿਆ ਕਿ ਪੀਆਈਐਸ ਦਾ ਢਾਂਚਾ ਬਣਨਾ ਕੋਈ ਮਾਡ਼ੀ ਗੱਲ ਨਹੀਂ ਪਰ ਉਸਦੇ ਡਾਇਰੈਕਟਰ ਤੇ ਉਸਦੇ ਚੇਲੇ ਬਾਲਕਿਆਂ ਵੱਲੋਂ ਝੂਠੀ ਬਿਆਨਬਾਜ਼ੀ ਨਾਲ ਫੋਕੀ ਸ਼ੋਹਰਤ ਲੈਣਾ ਪੰਜਾਬ ਦੀਆਂ ਖੇਡਾਂ ਦੀ ਤਰੱਕੀ ਲਈ ਘਾਤਕ ਸਾਬਿਤ ਹੋ ਰਿਹਾ ਹੈ।
ਉਨਾਂ ਆਖਿਆ ਕਿ ਪੀਆਈਐਸ ਦਾ ਡਾਇਰੈਕਟਰ ਆਪਣੇ ਆਪ ਨੂੰ ਓਲੰਪੀਅਨ ਖਿਡਾਰੀ ਲਿਖ ਰਿਹਾ ਹੈ। ਕੀ ਉਹ ਦੱਸ ਸਕਦੈ ਕਿ ਉਹ ਕਿਹਡ਼ੀ ਓਲੰਪਿਕ ਖੇਡਿਆ ਹੈ ? ਫਿਰ ਲੁਧਿਆਣਾ ‘ਚ ਚੱਲ ਰਹੇ ਪੀਆਈਐਸ ਸੈਂਟਰ ਜਗਵੀਰ ਸਿੰਘ ਨਾਂਅ ਦਾ ਬੰਦਾ ਆਪਣੇ ਆਪ ਨੂੰ ਪੀਆਈਐਸ ਦਾ ਸਪੋਕਸਮੈਨ ਦੱਸ ਰਿਹਾ ਹੈ। ਉਸਨੂੰ ਕਿਹਡ਼ੀ ਸਰਕਾਰ ਨੇ ਕਿਸ ਖੇਡ ਅਧਿਕਾਰੀ ਨੇ ਸਪੋਕਸਮੈਨ ਜਾਂ ਉਥੋਂ ਦੇ ਇੰਚਾਰਜ ਦਾ ਰੁਤਬਾ ਦਿੱਤਾ ਹੈ। ਉਹ ਏ.ਸੀ ਦਫ਼ਤਰ ਅਤੇ ਹੋਰ ਸਹੂਲਤਾਂ ਦਾ ਅਨੰਦ ਮਾਣ ਰਿਹਾ ਹੈ। ਉਸਦੀ ਹੋਂਦ ”ਨਾ ਤਿੰਨਾਂ ਵਿਚ ਹੈ ਨਾ ਹੀ ਤੇਰਾਂ ”ਚ, ਨਾ ਪਲੇਅਰਾਂ ‘ਚ ਨਾ ਸਪੇਅਰਾਂ ‘ਚ”। ਬੱਸ ਇਕ ਗੱਲ ਜਰੂਰ ਹੈ ਕਿ ਉਹ ਪੀਆਈਐਸ ਦੇ ਡਾਇਰੈਕਟਰ ਦਾ ਭਰਾ ਹੈ ਅਤੇ ਖਿਡਾਰੀਆਂ ਅਤੇ ਕੋਚਾਂ ‘ਤੇ ਆਪਣੀਆਂ ਚੰਮ ਦੀਆਂ ਚਲਾ ਰਿਹਾ ਹੈ। ਇਹੋ ਜਿਹੀ ਭਤੀਜਾਵਾਦ ਨੇ ਪਹਿਲਾਂ ਪੰਜਾਬ ਦੀਆਂ ਖੇਡਾਂ ਨੂੰ ਡੋਬਿਆ ਤੇ ਹੁਣ ਪੀਆਈਐਸ ਦੀ ਆਡ਼ ਵਿਚ ਇਹ ਭਾਈ ਭਤੀਜਾਵਾਦ ਦਾ ਚੱਕਰ ਜਿਉਂ ਦਾ ਤਿਉਂ ਚੱਲ ਰਿਹਾ ਹੈ। ਇਸ ਵਕਤ ਵੱਡੀ ਲੋਡ਼ ਪੰਜਾਬ ਦੀ ਖੇਡ ਵਿਭਾਗ ਨੂੰ ਮਜਬੂਤ ਕਰਨ ਦੀ ਲੋਡ਼ ਹੈ। ਜੁੁਗਾਡ਼ੀ, ਸਿਫਾਰਸ਼ੀ ਅਤੇ ਰਿਟਾਇਰ ਕੋਚਾਂ ਨੂੰ ਫਾਰਗ ਕਰਕੇ ਨੌਜਵਾਨ ਕੋਚਾਂ ਨੂੰ ਅਤੇ ਖੇਡਾਂ ਪ੍ਰਤੀ ਸਮਰਪਿਤ ਅਧਿਕਾਰੀਆਂ ਨੂੰ ਮੌਕਾ ਦਿੱਤਾ ਜਾਵੇ। ਪੰਜਾਬ ਦਾ ਖੇਡ ਸਿਸਟਮ ਆਪਣੇ ਆਪ ਤਰੱਕੀ ਕਰ ਜਾਵੇਗਾ। ਓਲੰਪੀਅਨ ਬਲਦੇਵ ਸਿੰਘ ਨੇ ਭਾਰਤੀ ਟੀਮ ਲਈ ਚੁਣੇ ਪੰਜਾਬ ਦੇ ਖਿਡਾਰੀਆਂ ਮਨਪ੍ਰੀਤ ਸਿੰਘ, ਰਮਨਦੀਪ ਸਿੰਘ, ਮਨਦੀਪ ਸਿੰਘ, ਅਕਾਸ਼ਦੀਪ ਸਿੰਘ, ਦਿਲਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਵਰਣ ਕੁਮਾਰ, ਜਰਮਨਪ੍ਰੀਤ ਸਿੰਘ, ਕੇ.ਵੀ ਪਾਠਕ ਅਤੇ ਸਾਬਕਾ ਕਪਤਾਨ ਸਰਦਾਰ ਸਿੰਘ ਨੂੰ ਵਧਾਈ ਦਿੰਦਿਆਂ ਸੁਰਜੀਤ ਹਾਕੀ ਅਕੈਡਮੀ ਅਤੇ ਖੇਡ ਵਿਭਾਗ ਦੀ ਸ਼ਲਾਘਾ ਕੀਤੀ ਜਿਨਾਂ ਦੇ ਇੱਕ ਦਹਾਕਾ ਪਹਿਲਾਂ ਵਿੱਢੇ ਉਪਰਾਲੇ ਨਾਲ ਪੰਜਾਬ ਨੂੰ ਇਹ ਮਾਣ ਮੱਤੀ ਪ੍ਰਾਪਤੀ ਮਿਲੀ ਹੈ। ਉਨਾਂ ਆਖਿਆ ਕਿ ਉਹ ਜਲਦੀ ਹੀ ਪੰਜਾਬ ਦੇ ਖੇਡ ਮੰਤਰੀ ਅਤੇ ਮੁੱਖ ਮੰਤਰੀ ਨੂੰ ਮਿਲ ਕੇ ਉਨਾਂ ਦੇ ਧਿਆਨ ਵਿਚ ਸਾਰਾ ਮਾਮਲਾ ਲੈ ਕੇ ਆਉਣਗੇ ਤਾਂ ਜੋ ਜੁਗਾਡ਼ੀ ਲੋਕਾਂ ਦਾ ਪੰਜਾਬ ਦੀਆਂ ਖੇਡਾਂ ਵਿਚੋਂ ਸਫਾਇਆ ਹੋ ਸਕੇ।