![]()
ਗਡਵਾਸੂ ਵਿਖੇ ਅਤਿ-ਆਧੁਨਿਕ ਮਲਟੀ ਸਪੈਸ਼ਲਟੀ ਵੈਟਨਰੀ ਰੈਫਰਲ ਹਸਪਤਾਲ ਦਾ ਉਦਘਾਟਨ
ਲੁਧਿਆਣਾ, 15 ਜਨਵਰੀ: ( ਸਤ ਪਾਲ ਸੋਨੀ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਦੁਧਾਰੂ ਪਸ਼ੂਆਂ ਖਾਸਕਰ ਮੱਝਾਂ ਅਤੇ ਗਾਵਾਂ ਦੇ ਮਿਆਰ ਵਿੱਚ ਸੁਧਾਰ ਲਿਆਉਣ ਲਈ ਸੈਕਸਡ ਸੀਮਨ (ਕੱਟੀਆਂ, ਵੱਛੀਆਂ ਪੈਦਾ ਕਰਨ ਵਾਲਾ ਵੀਰਜ) ਦੀ ਤਕਨਾਲੋਜੀ ਦੇ ਭਰੂਣ ਤਬਾਦਲੇ ਵਾਸਤੇ ਵਿਸ਼ਵ ਪੱਧਰੀ ਕੰਪਨੀਆਂ ਦੇ ਨਾਲ ਸਮਝੌਤੇ ‘ਤੇ ਜ਼ੋਰ ਦਿੱਤਾ ਹੈ। ਮੁੱਖ ਮੰਤਰੀ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ (ਪੀ.ਏ.ਯੂ) ਅਤੇ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਈਸਜ਼ ਯੂਨੀਵਰਸਿਟੀ (ਗਡਵਾਸੂ) ਦੀ ਪ੍ਰਗਤੀ ਦਾ ਅੱਜ ਇੱਥੇ ਥਾਪਰ ਹਾਲ ਵਿਖੇ ਜਾਇਜ਼ਾ ਲੈ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸੈਕਸਡ ਸੀਮਨ ਤਕਨਾਲੋਜੀ ਡੇਅਰੀ ਕਿਸਾਨਾਂ ਲਈ ਮਦਦਗਾਰ ਹੋਵੇਗੀ। ਇਸ ਨਾਲ ਸਿਰਫ਼ ਮਾਦਾ ਵੱਛੀਆਂ ਦੇ ਉਤਪਾਦਨ ਨੂੰ ਯਕੀਨੀ ਬਣਾਇਆ ਜਾ ਸਕੇਗਾ। ਇਸ ਦੇ ਨਾਲ ਨਰ ਵੱਛਿਆਂ/ਕੱਟਿਆਂ ਨੂੰ ਛੱਡੇ ਜਾਣ ਦੇ ਅਮਲ ‘ਤੇ ਪਾਬੰਦੀ ਲੱਗੇਗੀ ਜੋ ਕਿ ਅਵਾਰਾ ਪਸ਼ੂਆਂ ਦੇ ਰੂਪ ਵਿੱਚ ਮਨੁੱਖੀ ਜੀਵਨ ਲਈ ਵੱਡੀ ਚੁਣੌਤੀ ਪੇਸ਼ ਕਰ ਰਹੇ ਹਨ।
ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨਾਂ ਦੇ ਵਿਭਾਗ ਨੇ ਅਮਰੀਕਾ ਆਧਾਰਤ ਵਿਸ਼ਵ ਪੱਧਰੀ ਕੰਪਨੀ ‘ਸੈਕਸਿੰਗ ਤਕਨੌਲੋਜੀ’ ਦੇ ਰਾਹੀਂ ਕਿਸਾਨਾਂ ਲਈ ਸੈਕਸਡ ਸੀਮਨ ਤਕਨਾਲੋਜੀ ਉਪਲਬਧ ਕਰਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਵਾਸਤੇ ਪਹਿਲਾਂ ਹੀ ਠੋਸ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।
ਮੁੱਖ ਮੰਤਰੀ ਨੇ ਭਰੂਣ ਤਬਾਦਲਾ ਤਕਨਾਲੋਜ਼ੀ (ਈ.ਟੀ.ਟੀ.) ‘ਚ ਸੁਧਾਰ ਲਿਆਉਣ ਲਈ ਵਿਸ਼ਵ ਦੀਆਂ ਮੰਨੀਆਂ ਪ੍ਰਮੰਨੀਆਂ ਵੈਟਨਰੀ ਸੰਸਥਾਵਾਂ ਅਤੇ ਕੰਪਨੀਆਂ ਦੇ ਨਾਲ-ਨਾਲ ਰਾਸ਼ਟਰੀ ਡੇਅਰੀ ਖੋਜ ਸੰਸਥਾ ਦੇ ਨਾਲ ਭਾਈਵਾਲੀ ਕਰਨ ਵਾਸਤੇ ਵੀ ਪਸ਼ੂ ਪਾਲਣ ਵਿਭਾਗ ਨੂੰ ਆਖਿਆ ਹੈ ਤਾਂ ਜੋ ਮਿਆਰੀ ਪਸ਼ੂਧਨ ਪੈਦਾ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਈ.ਟੀ.ਟੀ. ਨਸਲ ‘ਚ ਤੇਜ਼ੀ ਨਾਲ ਸੁਧਾਰ ਲਈ ਮਦਦਗਾਰ ਹੋ ਸਕਦੀ ਹੈ ਜਿਸ ਦੇ ਨਾਲ ਦੁੱਧ ਦੀ ਮਿਕਦਾਰ ਵਿੱਚ ਵਾਧਾ ਹੋਣ ਦੇ ਨਤੀਜੇ ਵਜੋਂ ਡੇਅਰੀ ਦੇ ਧੰਦੇ ਵਿੱਚ ਲਗੇ ਕਿਸਾਨਾਂ ਨੂੰ ਵਧੀਆ ਭਾਅ ਪ੍ਰਾਪਤ ਹੋ ਸਕਦਾ ਹੈ। ਮੁੱਖ ਮੰਤਰੀ ਨੇ ਨੋਟ ਕੀਤਾ ਕਿ ਉਤਪਾਦਨ, ਮਿਆਰ, ਖੁਰਾਕ ਸੁਰੱਖਿਆ ਅਤੇ ਆਰਥਿਕਤਾ ਦੀ ਕੁਸ਼ਲਤਾ ਵਿੱਚ ਸੁਧਾਰ ਦੇ ਰਾਹੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ‘ਚ ਪਸ਼ੂ ਧਨ ਵਿੱਚ ਵੱਡੀ ਸਮਰੱਥਾ ਹੈ। ਉਨਾਂ ਨੇ ਪਸ਼ੂ ਧਨ ਇਨਕਲਾਬ-2030 ਦੀ ਰੂਪ-ਰੇਖਾ ਦਾ ਸੱਦਾ ਦਿੱਤਾ ਅਤੇ ਮਾਨਵੀ ਸ੍ਰੋਤਾਂ ਦੀ ਸਿਖਲਾਈ ‘ਤੇ ਜ਼ੋਰ ਦੇਣ ਦੇ ਨਾਲ-ਨਾਲ ਖੋਜ ਅਤੇ ਤਕਨੌਲੋਜੀ ਦੇ ਲਗਾਤਾਰ ਸਮਰਥਣ ‘ਤੇ ਵੀ ਬਲ ਦਿੱਤਾ ਤਾਂ ਜੋ ਪਸ਼ੂ ਧਨ ਦੇ ਖੇਤਰ ਵਿੱਚ ਵੱਡੀਆਂ ਹਾਂ-ਪਖੀ ਤਬਦੀਲੀਆਂ ਲਿਆਂਦੀਆਂ ਜਾ ਸਕਣ।
ਮੱਛੀ ਪਾਲਣ ਸੈਕਟਰ ਦੇ ਵਿਕਾਸ ਦੇ ਵਾਸਤੇ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਗਡਵਾਸੂ ਦੇ ਨਾਲ ਤਾਲਮੇਲ ਰਾਹੀਂ ਮੱਛੀ ਪਾਲਣ ਵਿਭਾਗ ਨੂੰ ਇਕ ਅਜਿਹੀ ਯੋਜਨਾ ਤਿਆਰ ਕਰਨੀ ਚਾਹੀਦੀ ਹੈ ਜੋ ਪੰਜਾਬ ਦੇ ਦੱਖਣੀ ਹਿੱਸੇ ਦੇ ਮੱਛੀ ਪਾਲਣ ਦੇ ਧੰਦੇ ਵਿੱਚ ਲੱਗੇ ਕਿਸਾਨਾਂ ਨੂੰ ਵੱਡੀ ਪੱਧਰ ‘ਤੇ ਉਤਸ਼ਾਹਿਤ ਕਰੇ ਅਤੇ ਉਹ ‘ਕਾਰਪ’ ਕਿਸਮ ਦੀ ਰਿਵਾਇਤੀ ਮੱਛੀ ਦੀ ਥਾਂ ਸ਼ਰਿੰਪ ਅਤੇ ਪੈਂਗਾਜ਼ ਨੂੰ ਪਾਲ ਕੇ ਲਾਹੇਵੰਦ ਭਾਅ ਪ੍ਰਾਪਤ ਕਰ ਸਕਣ।
ਮੁੱਖ ਮੰਤਰੀ ਨੇ ਗੁਜ਼ਰਾਤ, ਆਂਧਰਾਪ੍ਰਦੇਸ਼ ਅਤੇ ਪਾਂਡੇਚਰੀ ਤੋਂ ਮਿਆਰੀ ਸ਼ਰਿੰਪ ਪੂੰਗ ਲਿਆਉਣ ਲਈ ਮੱਛੀ ਪਾਲਣ ਵਿਭਾਗ ਨੂੰ ਆਖਿਆ ਹੈ ਕਿਉਂਕਿ ਦੱਖਣੀ ਪੱਟੀ ਦਾ ਪਾਣੀ ਇਸ ਕਿਸਮ ਦੀ ਮੱਛੀ ਲਈ ਬਹੁਤ ਜ਼ਿਆਦਾ ਢੁੱਕਵਾਂ ਹੈ। ਉਨਾਂ ਨੇ ਪ੍ਰਮਾਣਿਤ ਸ਼ਰਿੰਪ ਪੂੰਗ, ਫੀਡ ਅਤੇ ਮੰਡੀਕਰਨ/ਪ੍ਰੋਸੈਸਿੰਗ ਸਹਾਇਤਾ ਯਕੀਨੀ ਬਣਾਉਣ ਵਾਸਤੇ ਵੀ ਮੱਛੀ ਪਾਲਣ ਵਿਭਾਗ ਨੂੰ ਆਖਿਆ ਹੈ। ਖੇਤੀਬਾਡ਼ੀ ਸੈਕਟਰ ਦੇ ਬਰਾਬਰ ਬਿਜਲੀ ਦਰਾਂ ਪਸ਼ੂ ਧਨ ਸੈਕਟਰ ਨੂੰ ਦਿੱਤੇ ਜਾਣ ਦੀ ਆਗਿਆ ਸਬੰਧੀ ਖੇਤੀਬਾਡ਼ੀ ਕਮਿਸ਼ਨਰ ਵੱਲੋਂ ਪੇਸ਼ ਕੀਤੇ ਪ੍ਰਸਤਾਵ ਨੂੰ ਪ੍ਰਵਾਣਦੇ ਹੋਏ ਮੁੱਖ ਮੰਤਰੀ ਨੇ ਇਸ ਮੁੱਦੇ ਦਾ ਜਾਇਜ਼ਾ ਲੈਣ ਲਈ ਪੀ.ਐਸ.ਪੀ.ਸੀ.ਐਲ ਨੂੰ ਆਖਿਆ ਹੈ ਅਤੇ ਇਸ ਸਬੰਧੀ ਵਿੱਤੀ ਉਲਝਨਾਂ ਦੀ ਜਾਣਕਾਰੀ ਦੇਣ ਲਈ ਕਿਹਾ ਹੈ।
ਪਸ਼ੂ ਪਾਲਣ ਦੇ ਸਲਾਹਕਾਰ ਡਾਕਟਰ ਵੀ.ਕੇ.ਤਨੇਜਾ ਨੇ ਸੁਝਾਅ ਦਿੱਤਾ ਕਿ ਪਸ਼ੁਆਂ ਦੇ ਪਿੰਜਰਾਂ ਦੇ ਸੰਗਠਿਤ ਨਿਪਟਾਰੇ ਲਈ ਸੂਬੇ ਭਰ ਵਿੱਚ 4-5 ਅਤਿ ਆਧੁਨਿਕ ਪਲਾਂਟ ਸਥਾਪਤ ਕੀਤੇ ਜਾਣ। ਉਨਾਂ ਨੇ ਕਿਸਾਨਾਂ ਨੂੰ ਉਨਾਂ ਦੀਆਂ ਦਰਾਂ ‘ਤੇ ਪਸ਼ੂਆਂ ਦੇ ਟੈਸਟਾਂ ਅਤੇ ਇਲਾਜ ਦੀਆਂ ਵਧੀਆ ਸੇਵਾਵਾਂ ਮੁਹੱਈਆ ਕਰਾਉਣ ਲਈ ਮੋਬਾਈਲ ਓ.ਪੀ.ਡੀ ਸਰਵਿਸ ਸ਼ੁਰੂ ਕਰਨ ਦੀ ਜਰੂਰਤ ‘ਤੇ ਜ਼ੋਰ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਸਾਨਾਂ ਨੂੰ ਰਿਵਾਇਤੀ ਖੇਤੀ ਧੰਦਿਆਂ ਤੋਂ ਡੇਅਰੀ, ਸ਼ਹਿਦ ਦੀਆਂ ਮੱਖੀ ਪਾਲਣ, ਬੱਕਰੀਆਂ ਪਾਲਣ, ਸੂਰ ਪਾਲਣ ਅਤੇ ਮੱਛੀ ਪਾਲਣ ਵਰਗੇ ਧੰਦਿਆ ਵੱਲ ਮੋਡ਼ਨ ਲਈ ਉਤਸ਼ਾਹਤ ਕਰਨ ਵਾਸਤੇ ਇਕ ਕਾਰਜ ਯੋਜਨਾ ਤਿਆਰ ਕਰਨ ਲਈ ਵੀ ਪਸ਼ੂ ਪਾਲਣ ਵਿਭਾਗ ਨੂੰ ਆਖਿਆ ਹੈ। ਉਨਾਂ ਨੇ ਪਸ਼ੂਆਂ ਦੀ ਖੁਰਾਕ ਦੇ ਉਤਪਾਦਨ, ਪ੍ਰੋਸੈਸਿੰਗ ਤੇ ਮੰਡੀਕਰਨ ਨੈਟਵਰਕ ਆਦਿ ਨੂੰ ਪਸ਼ੂ ਧਨ ਦਾ ਨਿਖਡ਼ਵਾਂ ਅੰਗ ਬਣਾਉਣ ਲਈ ਖੁਰਾਕ ਸੁਰੱਖਿਆ ਅਤੇ ਮਿਆਰ ‘ਤੇ ਵੀ ਜ਼ੋਰ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਮੇਂ ਦੀ ਲੋਡ਼ ਹੈ ਕਿਸਾਨ ਗਰੁੱਪਾਂ ਨੂੰ ਆਪਣੇ ਉਤਪਾਦਾਂ ਤੋਂ ਅੱਗੇ ਹੋਰ ਵਸਤਾਂ ਤਿਆਰ ਕਰਨ, ਪ੍ਰੋਸੈਸਿੰਗ ਅਤੇ ਮੰਡੀਕਰਨ ਲਈ ਉੱਦਮੀਆਂ, ਸਵੈ-ਸਹਾਇਤਾ ਗਰੁੱਪਾਂ ਅਤੇ ਉਤਪਾਦ ਕੰਪਨੀਆਂ ਪ੍ਰਤੀ ਪ੍ਰੇਰਿਤ ਕੀਤਾ ਜਾਵੇ। ਉਨਾਂ ਨੇ ਪਸ਼ੂ ਪਾਲਣ ਮੰਤਰੀ ਨੂੰ ਆਖਿਆ ਕਿ ਉਹ ਆਪਣੇ ਵਿਭਾਗ ਨੂੰ ਪਾਸਾਰ ਸੇਵਾਵਾਂ ‘ਤੇ ਕੇਂਦਰਿਤ ਹੋਣ ਦੇ ਨਿਰਦੇਸ਼ ਦੇਣ ਤਾਂ ਕਿ ਕਿਸਾਨ ਖਾਸ ਕਰਕੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਉਨਾਂ ਦੇ ਦਰਾਂ ‘ਤੇ ਤਕਨਾਲੋਜੀ ਤੇ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨਾਂ ਨੇ ਸੁਝਾਅ ਦਿੱਤਾ ਕਿ 11-12 ਪਿੰਡਾਂ ਦਾ ਇਕ ਕਲੱਸਟਰ ਬਣਾਇਆ ਜਾਣਾ ਚਾਹੀਦਾ ਹੈ ਜਿਸ ਵਿੱਚ 7500 ਸੂਣ ਵਾਲੇ ਪਸ਼ੂ ਹੋਣ ਅਤੇ ਇਨਾਂ ਨੂੰ ਪਸ਼ੂ ਪਾਲਣ ਵਿਭਾਗ, ਡੇਅਰੀ ਵਿਕਾਸ, ਗਡਵਾਸੂ ਅਤੇ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਵੱਲੋਂ ਅਪਣਾਇਆ ਜਾਵੇ।
ਮਿਲਕਫੈੱਡ ਨੂੰ ਸਹਿਕਾਰਤਾ ਵਿਭਾਗ ਦੀ ਬਜਾਏ ਪਸ਼ੂ ਪਾਲਣ ਵਿਭਾਗ ਦੇ ਪ੍ਰਸ਼ਾਸਕੀ ਕੰਟਰੋਲ ਹੇਠ ਲਿਆਉਣ ਬਾਰੇ ਖੇਤੀਬਾਡ਼ੀ ਕਮਿਸ਼ਨਰ ਦੇ ਪ੍ਰਸਤਾਵ ‘ਤੇ ਮੁੱਖ ਮੰਤਰੀ ਨੇ ਆਪਣੇ ਪ੍ਰਮੁੱਖ ਸਕੱਤਰ ਨੂੰ ਅੰਤਮ ਫੈਸਲਾ ਲੈਣ ਤੋਂ ਪਹਿਲਾਂ ਇਸ ਬਾਰੇ ਵਿਸਥਾਰ ਵਿੱਚ ਘੋਖ ਕਰਨ ਲਈ ਆਖਿਆ।
ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਉਪ ਕੁਲਪਤੀ ਡਾ. ਬੀ.ਐਸ. ਢਿੱਲੋਂ ਵੱਲੋਂ ਦਿੱਤੀ ਪੇਸ਼ਕਾਰੀ ਵਿੱਚ ਉਨਾਂ ਦੱਸਿਆ ਕਿ ਸਾਲ 2017 ਵਿੱਚ ਇਸ ਯੂਨੀਵਰਸਿਟੀ ਨੂੰ ਮੁਲਕ ਦੀ ਬਿਹਤਰੀਨ ਰਾਜ ਖੇਤੀਬਾਡ਼ੀ ਯੂਨੀਵਰਸਿਟੀ ਦਰਸਾਇਆ ਗਿਆ। ਖੇਤੀਬਾਡ਼ੀ ਯੂਨੀਵਰਸਿਟੀ ਨੂੰ ਦਰਪੇਸ਼ ਚੁਣੌਤੀਆਂ ਗਿਣਾਉਂਦਿਆਂ ਉਨਾਂ ਦੱਸਿਆ ਕਿ ਸਿੰਚਾਈ ਪਾਣੀ ਦੇ ਪ੍ਰਬੰਧਨ ਮੁੱਖ ਚੁਣੌਤੀ ਹੈ ਕਿਉਂ ਜੋ ਪਾਣੀ ਦਾ ਪੱਧਰ ਹਰ ਸਾਲ ਅੱਧਾ ਮੀਟਰ ਹੇਠ ਜਾ ਰਿਹਾ ਹੈ।
ਇਸ ਮਸਲੇ ‘ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਨੂੰ ਘੱਟ ਸਮੇਂ ‘ਚ ਪੱਕਣ ਵਾਲੇ ਝੋਨੇ ਦੀਆਂ ਕਿਸਮਾਂ, ਫਸਲ ਦੇ ਉਤਪਾਦਨ ਲਈ ਪਾਣੀ ਬਚਾਉਣ ਲਈ ਤਕਨਾਲੋਜੀ ਅਤੇ ਪਾਣੀ ਦੀ ਖਪਤ ਵਾਲੀਆਂ ਝੋਨੇ ਦੀ ਫਸਲ ਦੀਆਂ ਲਾਹੇਵੰਦ ਫਸਲਾਂ ਵਿਕਸਤ ਕਰਨ ਲਈ ਆਖਿਆ।
ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇ ਵੀਰ ਜਾਖਡ਼ ਨੇ ਸੁਝਾਅ ਦਿੱਤਾ ਕਿ ਪੰਜਾਬ ਨੂੰ ਆਲੂਆਂ ਦੇ ਬੀਜ ਦੇ ਧੁਰੇ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ ਕਿਉਂ ਜੋ ਆਲੂਆਂ ਦਾ ਉਚ ਮਿਆਰੀ ਬੀਜ ਪੈਦਾ ਕਰਨ ਲਈ ਇਹ ਸੂਬਾ ਵਾਤਾਵਰਣ ਪੱਖੋਂ ਅਨੁਕੂਲ ਹੈ।
ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਦੁਆਬਾ ਖਿੱਤੇ ਵਿੱਚ ਆਲੂਆਂ ਦੇ ਬੀਜ ਲਈ ਜੀਓਗ੍ਰਾਫੀਕਲ ਇੰਡੀਕੇਸ਼ਨ (ਜੀ.ਆਈ.) ਦੇਣ ਸਬੰਧੀ ਮਾਮਲਾ ਪਹਿਲਾਂ ਹੀ ਭਾਰਤ ਸਰਕਾਰ ਕੋਲ ਉਠਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਲੂਆਂ ਅਤੇ ਹੋਰ ਸਬਜ਼ੀਆਂ ਦੇ ਪ੍ਰਮਾਣਿਕ ਬੀਜ ਦੇ ਮਿਆਰ ਨੂੰ ਨਿਯਮਤ ਕਰਨ ਲਈ ਇਕ ਢੁਕਵਾਂ ਕਾਨੂੰਨ ਲਿਆਉਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਪੀ.ਏ.ਯੂ. ਦੇ ਉਪ ਕੁਲਪਤੀ ਨੂੰ ਜ਼ੋਰ ਦੇ ਕੇ ਆਖਿਆ ਕਿ ਜੈਵਿਕ ਤਕਨਾਲੋਜੀ, ਨੈਨੋ ਤਕਨਾਲੋਜੀ, ਅੰਕਡ਼ਿਆਂ ਦਾ ਅਧਿਐਨ ਅਤੇ ਮੌਸਮੀ ਤਬਦੀਲੀ ਵਰਗੀਆਂ ਤਕਨਾਲੋਜੀਆਂ ‘ਤੇ ਕੰਮ ਕਰਨ ਲਈ ਆਖਿਆ ਤਾਂ ਕਿ ਭਵਿੱਖ ਵਿੱਚ ਸੂਬੇ ਦੀ ਖੇਤੀਬਾਡ਼ੀ ਦੀ ਸਥਿਰਤਾ ਵਿੱਚ ਸੁਧਾਰ ਲਿਆਂਦਾ ਜਾ ਸਕੇ।
ਕੈਪਟਨ ਅਮਰਿੰਦਰ ਸਿੰਘ ਨੇ ਪੀ.ਏ.ਯੂ. ਦੇ ਉਪ ਕੁਲਪਤੀ ਨੂੰ ਭਰੋਸਾ ਦਿੱਤਾ ਕਿ ਖੋਜ ਅਤੇ ਵਿਕਾਸ ਕਾਰਜਾਂ ਵਿੱਚ ਫੰਡ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿੱਚ 14.50 ਕਰੋਡ਼ ਰੁਪਏ ਦੀ ਲਾਗਤ ਨਾਲ ਬਣੇ ਆਹਲਾ ਦਰਜੇ ਦੇ ‘ਮਲਟੀਸਪੈਸ਼ਲਿਟੀ ਵੈਟਰਨਰੀ ਰੈਫਰਲ ਹਸਪਤਾਲ’ ਦਾ ਵੀ ਉਦਘਾਟਨ ਕੀਤਾ ਜਿੱਥੇ ਛੋਟੇ ਜਾਨਵਰਾਂ ਕੁੱਤੇ, ਬਿੱਲੀਆਂ ਅਤੇ ਹੋਰ ਘਰੇਲੂ ਜਾਨਵਰਾਂ ਅਤੇ ਜੰਗਲੀ ਜੀਵ ਪ੍ਰਜਾਤੀਆਂ ਨੂੰ ਵਿਸ਼ਵ ਪੱਧਰੀ ਮੈਡੀਕਲ ਤੇ ਅਪਰੇਸ਼ਨ ਵਰਗੀਆਂ ਸੁਵਿਧਾਵਾਂ ਹਾਸਲ ਹੋਣਗੀਆਂ।

ਇਸ ਮੌਕੇ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਸੁਰਿੰਦਰ ਡਾਵਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ,ਸਕੱਤਰ ਖੇਤੀਬਾਡ਼ੀ ਕਾਹਨ ਸਿੰਘ ਪੰਨੂੰ, ਖੇਤੀਬਾਡ਼ੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ, ਗਡਵਾਸੂ ਦੇ ਉਪ ਕੁਲਪਤੀ ਡਾ. ਏ.ਐਸ. ਨੰਦਾ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ , ਕਾਂਗਰਸੀ ਆਗੂ ਅਮਰਜੀਤ ਸਿੰਘ ਟਿੱਕਾ,ਪਵਨ ਦੀਵਾਨ ਤੋਂ ਇਲਾਵਾ ਪੀ.ਏ.ਯੂ. ਅਤੇ ਗਡਵਾਸੂ ਦੇ ਸੀਨੀਅਕ ਫੈਕਲਟੀ ਮੈਂਬਰ ਹਾਜ਼ਰ ਸਨ।
