![]()

ਸਾਨੂੰ ਪੰਜਾਬੀ ਹੋਣ ‘ਤੇ ਮਾਣ ਹੈ : ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ
ਲੁਧਿਆਣਾ, 23 ਅਕਤੂਬਰ ( ਸਤ ਪਾਲ ਸੋਨੀ ) : ਅੱਜ ਇੱਥੇ ਜਾਮਾ ਮਸਜਿਦ ਲੁਧਿਆਣਾ ਤੋਂ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਆਪਣੀ ਪੰਜਾਬੀ ਮਾਂ ਬੋਲੀ ਦੇ ਹੱਕ ‘ਚ ਜੋਰਦਾਰ ਆਵਾਜ ਬੁਲੰਦ ਕੀਤੀ । ਉਨਾਂ ਕਿਹਾ ਕਿ ਪੰਜਾਬ ਭਰ ‘ਚ ਦਿਸ਼ਾਸੂਚਕ ਬੋਰਡਾਂ ‘ਤੇ ਅਕਾਲੀ – ਭਾਜਪਾ ਸਰਕਾਰ ਦੇ ਸਮੇਂ ਤੋ ਮਾਂ ਬੋਲੀ ਪੰਜਾਬੀ ਦੇ ਨਾਲ ਕੀਤੇ ਗਏ ਵਿਤਕਰੇ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ । ਪੰਜਾਬ ‘ਚ ਬੀਤੇ ਕੁੱਝ ਦਿਨਾਂ ‘ਚ ਪੰਜਾਬੀ ਮਾਂ ਬੋਲੀ ਦੇ ਸਨਮਾਨ ਲਈ ਰਾਜ ਦੇ ਵੱਖ-ਵੱਖ ਜਿਲਿਆਂ ‘ਚ ਮਾਂ ਬੋਲੀ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ‘ਤੇ ਪੁਲਿਸ ਵੱਲੋਂ ਦਰਜ ਕੀਤਾ ਮੁਕੱਦਮਾ ਨਿੰਦਣਯੋਗ ਹੈ । ਮੌਲਾਨਾ ਉਸਮਾਨ ਨੇ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਸਾਨੂੰ ਪੰਜਾਬੀ ਹੋਣ ‘ਤੇ ਮਾਣ ਹੈ । ਉਨਾਂ ਕਿਹਾ ਕਿ ਦੇਸ਼ ਦੇ ਸਾਰੇ ਸੂਬਿਆਂ ‘ਚ ਉੱਥੇ ਦੀਆਂ ਮਾਂ ਬੋਲੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ । ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਜਿੱਥੇ ਦੇਸ਼ ਦੇ ਸਾਰੇ ਸੂਬਿਆਂ ਦੇ ਲੋਕ ਤਕਰੀਬਨ ਵਪਾਰ ਲਈ ਆਉਂਦੇ ਹਨ ‘ਚ ਪੰਜਾਬੀ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ । ਉਨਾਂ ਕਿਹਾ ਕਿ ਇਹ ਵੀ ਅਫਸੋਸ ਦੀ ਗੱਲ ਹੈ ਕਿ ਕੁੱਝ ਲੋਕ ਦਿਸ਼ਾਸੂਚਕ ਬੋਰਡਾਂ ‘ਤੇ ਪੰਜਾਬੀ ਮਾਂ ਬੋਲੀ ਨੂੰ ਪਹਿਲਾਂ ਸਥਾਨ ਦਵਾਉਣ ਲਈ ਚੁੱਕੇ ਗਏ ਕਦਮਾਂ ਨੂੰ ਹਿੰਦੀ ਦੀ ਬੇਇੱਜ਼ਤੀ ਦੱਸ ਕੇ ਪੰਜਾਬੀ ਮਾਂ ਬੋਲੀ ਦੇ ਸੰਘਰਸ਼ ਨੂੰ ਰੋਕਣਾ ਚਾਹੁੰਦੇ ਹਨ । ਉਨਾਂ ਕਿਹਾ ਕਿ ਹਿੰਦੀ ਸਾਡੀ ਕੌਮੀ ਭਾਸ਼ਾ ਹੈ ਲੇਕਿਨ ਸਭ ਤੋਂ ਪਹਿਲਾਂ ਮਾਂ ਬੋਲੀ ਪੰਜਾਬੀ ਨੂੰ ਹੀ ਲਿਖਿਆ ਜਾਵੇਗਾ ਅਤੇ ਸਾਨੂੰ ਇਹ ਅਧਿਕਾਰ ਸੰਵਿਧਾਨ ਨੇ ਦਿੱਤਾ ਹੈ । ਮੌਲਾਨਾ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਲਈ ਜੋ ਵੀ ਲੋਕ ਸੰਘਰਸ਼ ਕਰਣਗੇ ਅਸੀ ਉਨਾਂ ਦੇ ਨਾਲ ਹਾਂ, ਉਨਾਂ ਕਿਹਾ ਕਿ ਮਾਂ ਬੋਲੀ ਹੀ ਕੌਮਾਂ ਦੇ ਵਜੂਦ ਨੂੰ ਜਿੰਦਾ ਰੱਖਦੀ ਹੈ । ਪੰਜਾਬੀ ਮਾਂ ਬੋਲੀ ਦੀ ਰੱਖਿਆ ਕਰਣਾ ਹਰ ਇੱਕ ਪੰਜਾਬੀ ‘ਤੇ ਫਰਜ ਹੈ । ਇਸ ਸੰਘਰਸ਼ ਨੂੰ ਕਿਸੇ ਵੀ ਧਰਮ ਜਾਂ ਜਾਤੀ ਦੇ ਨਾਲ ਜੋਡ਼ ਕੇ ਨਹੀਂ ਵੇਖਣਾ ਚਾਹੀਦਾ । ਉਨਾਂ ਕਿਹਾ ਕਿ ਜਿਨਾਂ ਨੂੰ ਪੰਜਾਬੀ ਨਹੀਂ ਚੰਗੀ ਲੱਗਦੀ ਜਾਂ ਉਹ ਚਾਹੁੰਦੇ ਹਨ ਕਿ ਪੰਜਾਬ ‘ਚ ਪੰਜਾਬੀ ਨੂੰ ਪਹਿਲਾ ਸਥਾਨ ਨਾ ਦਿੱਤਾ ਜਾਵੇ ਤਾਂ ਅਜਿਹੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਨੂੰ ਛੱਡ ਕੇ ਕਿਸੇ ਅਜਿਹੇ ਸਥਾਨ ‘ਤੇ ਜਾਣ ਜਿੱਥੇ ਦੀ ਬੋਲੀ ਉਹਨਾਂ ਨੂੰ ਆਪਣੀ ਮਾਂ ਬੋਲੀ ਲੱਗਦੀ ਹੈ ।