ਪੰਜਾਬੀ ਜੁਝਾਰੂ ਕੌਮ ਹੈ, ਜਿਸ ਨੇ ਹਰੀ ਕ੍ਰਾਂਤੀ ਤੋਂ ਅੱਗੇ ਰੰਗ ਭਾਗ ਲਾਉਣੇ ਹਨ: ਮਨਪ੍ਰੀਤ ਸਿੰਘ ਬਾਦਲ

Loading

ਪੀਏਯੂ ਦੇ ਮੇਲੇ ਤਬਦੀਲੀ ਦੀ ਆਸ ਜਗਾਉਂਦੇ ਹਨ : ਸ: ਮਨਪ੍ਰੀਤ ਸਿੰਘ ਬਾਦਲ

ਲੁਧਿਆਣਾ, 22 ਸਤੰਬਰ ( ਸਤ ਪਾਲ ਸੋਨੀ ) :   ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਦੋ ਰੋਜ਼ਾ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਸ. ਮਨਪ੍ਰੀਤ ਸਿੰਘ ਬਾਦਲ, ਵਿੱਤ ਮੰਤਰੀ ਪੰਜਾਬ ਨੇ ਕਿਹਾ ਕਿ ਕਣਕ-ਝੋਨੇ ਦੇ ਅੰਬਾਰ ਲਗਾ ਕੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ ਵਿੱਚ ਪੰਜਾਬ ਦੇ ਕਿਸਾਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਪਰ ਹੁਣ, ਸਮੇਂ ਦੀ ਲੋਡ਼ ਮੁਤਾਬਕ ਸਾਨੂੰ ਆਪਣੀਆਂ ਭੋਜਨ ਨੀਤੀਆਂ ਦੀਆਂ ਮੋਹਾਰਾਂ ਨੂੰ ਪੌਸ਼ਟਿਕਤਾ ਲਿਆਉਣ ਵਾਲੀਆਂ ਨੀਤੀਆਂ ਵੱਲ ਮੋਡ਼ਨਾ ਪਵੇਗਾ। ਰਵਾਇਤੀ ਫਸਲੀ ਚੱਕਰ ਵਿਚੋਂ ਨਿਕਲ ਕੇ ਪੰਜਾਬ ਦੇ ਕਿਸਾਨਾਂ ਨੂੰ ਪੌਸ਼ਟਿਕਤਾ ਭਰਪੂਰ ਸਬਜ਼ੀਆਂ ਫਲ ਅਤੇ ਦੁੱਧ ਉਤਪਾਦ ਤਿਆਰ ਕਰਨ ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਪੰਜਾਬ ਹਮੇਸ਼ਾਂ ਹਰ ਖੇਤਰ ਵਿੱਚ ਹੋਰਨਾਂ ਸੂਬਿਆਂ ਨਾਲੋਂ ਅੱਗੇ ਰਿਹਾ ਹੈ ਅਤੇ ਪੌਸ਼ਟਿਕ ਕ੍ਰਾਂਤੀ ਲਿਆ ਕੇ ਭਵਿੱਖ ਵਿੱਚ ਵੀ ਆਪਣੀ ਚਡ਼ਤ ਨੂੰ ਇਸੇ ਤਰਾਂ  ਹੀ ਕਾਇਮ ਰੱਖੇਗਾ। ਪੰਜਾਬ ਦੇ ਕਿਸਾਨਾਂ ਦੇ ਸਖਤ ਮਿਹਨਤ ਵਾਲੇ ਸੁਭਾਅ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਹੱਥ ਤੇ ਹੱਥ ਧਰ ਕੇ ਬੈਠਣਾ ਪੰਜਾਬੀਆਂ  ਦੀ ਆਦਤ ਨਹੀ, ਇਹ ਤਾਂ ਉਹ ਕੌਮ ਹੈ, ਜੋ ਆਪਣੇ ਸਿਰਡ਼ ਤੇ ਘਾਲਣਾ ਸਦਕਾ ਤਕਦੀਰ ਦੇ ਕੋਰੇ ਪੰਨਿਆਂ ਤੇ ਵੀ ਰੰਗ ਭਾਗ ਲਗਾ ਸਕਦੀ ਹੈ। ਪੰਜਾਬ ਦੀ ਜਰਖੇਜ਼ ਅਤੇ ਸ਼ੇਰਾਂ ਵਰਗੇ ਪੁੱਤਾਂ ਦੀ ਜਨਮਦਾਤੀ ਧਰਤੀ ਨੂੰ ਨਮਸਕਾਰ ਕਰਦਿਆਂ ਉਹਨਾਂ ਕਿਹਾ ਕਿ ਬੁਜ਼ਦਿਲੀ ਅਤੇ ਮਾਯੂਸੀ ਪੰਜਾਬੀਆਂ ਦੇ ਸੁਭਾਅ ਦਾ ਹਿੱਸਾ ਨਹੀਂ, ਸੋ ਲੋਡ਼ ਹੈ ਕਿ ਅਸੀਂ ਆਪਣੀਆਂ ਮੁਸ਼ਕਲਾਂ ਨਾਲ ਜੂਝੀਏ, ਸੰਘਰਸ਼ ਕਰੀਏ, ਹੱਕ ਅਤੇ ਸੱਚ ਦੇ ਬੀਜ ਦਾ ਨਾਸ ਨਾ ਹੋਣ ਦੇਈਏ। ਉਹਨਾਂ ਕਿਹਾ ਕਿ ਪੰਜਾਬ ਭਾਵੇਂ ਕਿੰਨੀ ਵੀ ਤਰੱਕੀ ਕਰ ਜਾਵੇ, ਜੇਕਰ ਸਾਡਾ  ਕਿਸਾਨ ਦੁਖੀ ਹੈ ਤਾਂ ਪੰਜਾਬ ਖੁਸ਼ਹਾਲ ਨਹੀਂ ਅਖਵਾ ਸਕਦਾ। ਕਿਸਾਨਾਂ ਦਾ ਆਰਥਿਕ ਬੋਝ ਹਲਕਾ ਕਰਨ ਲਈ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਦੋ ਲੱਖ ਰੁਪਏ ਦੀ ਕਰਜ਼ਾ ਮੁਆਫੀ ਬਾਰੇ ਵੀ ਚਾਨਣਾ ਪਾਇਆ। ‘ਦੱਬ ਕੇ ਵਾਹ ਤੇ ਰੱਜ ਕੇ ਖਾਹ’ ਦੀ ਥਾਂ ‘ਅਕਲ ਨਾਲ ਵਾਹ ਤੇ ਰੱਜ ਕੇ ਖਾਹ’ ਦਾ ਸੰਦੇਸ਼ ਦਿੰਦਿਆਂ ਉਹਨਾਂ ਕਿਸਾਨਾਂ ਨੂੰ ਆਪਣੇ ਬੱਚਿਆਂ ਲਈ ਸਿੱਖਿਆ ਹਾਸਲ ਕਰਨ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਉਤਸ਼ਾਹਿਤ ਕੀਤਾ। ਪੀਏਯੂ ਵਿਖੇ ਲੱਗੀਆਂ ਖੇਤ ਪ੍ਰਦਰਸ਼ਨੀਆਂ ਅਤੇ ਨੁਮਾਇਸ਼ਾਂ ਦਾ ਦੌਰਾ ਕਰਦਿਆਂ ਉਹਨਾਂ ਨੂੰ ਪੰਜਾਬ ਦੀ ਬਦਲਦੀ ਹੋਈ ਤਕਦੀਰ ਦੀ ਝਲਕ ਨਜ਼ਰ ਆਈ, ਇਸਦਾ ਸਿਹਰਾ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਅਤੇ ਮਾਹਿਰਾਂ ਦੇ ਸਿਰ ਬੰਨਦਿਆਂ ਉਹਨਾਂ ਪੀਏਯੂ ਨੂੰ ਦੇਸ਼ ਭਰ ਦੀਆਂ ਖੇਤੀ ਯੂਨੀਵਰਸਿਟੀ ਵਿੱਚ ਅੱਵਲ ਰਹਿਣ ਤੇ ਵਧਾਈ ਵੀ ਦਿੱਤੀ। ਪੰਜਾਬ ਵਿੱਚ ਐਗਰੀਕਲਚਰਲ ਪਾਲਿਸੀ ਨਿਰਧਾਰਤ ਕੀਤੇ ਜਾਣ ਦੀ ਤਜਵੀਜ਼ ਬਾਰੇ ਚਾਨਣਾ ਪਾਉਂਦਿਆਂ ਉਹਨਾਂ ਕਿਹਾ ਕਿ ਇਸ ਦੇ ਲਾਗੂ ਹੋ ਜਾਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਸਬੰਧਿਤ ਦਿਸ਼ਾ ਨਿਰਦੇਸ਼ ਮਿਲਣ ਵਿੱਚ ਮਦਦ ਮਿਲ ਸਕੇਗੀ ਅਤੇ ਇੱਕ ਯੋਜਨਾਬੱਧ ਤਰੀਕੇ ਨਾਲ ਪੰਜਾਬ ਦੀ ਕਿਰਸਾਨੀ ਖੁਸ਼ਹਾਲੀ ਦੇ ਮਾਰਗ ਤੇ ਪੈ ਜਾਵੇਗੀ।
‘ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ’ ਦੇ ਉਦੇਸ਼ ਨਾਲ ਸ਼ੁਰੂ ਹੋਏ ਇਸ ਦੋ ਰੋਜ਼ਾ ਕਿਸਾਨ ਮੇਲੇ ਮੌਕੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ ਪੀਏਯੂ ਨੇ ਕਿਹਾ ਕਿ ਖੋਜ ਤਕਨੀਕਾਂ ਨੂੰ ਕਿਸਾਨਾਂ ਦੀਆਂ ਬਰੂਹਾਂ ਤੱਕ ਪਹੁੰਚਾਉਣ ਵਿਚ ਕਿਸਾਨ ਮੇਲੇ ਅਹਿਮ ਵਸੀਲਾ ਬਣਦੇ ਹਨ ਅਤੇ ਪੀਏਯੂ ਦੇ ਕਿਸਾਨ ਮੇਲਿਆਂ ਦੀ ਪਰੰਪਰਾ ਅੱਧੀ ਸਦੀ ਦਾ ਪੈਂਡਾ ਤਹਿ ਕਰ ਚੁੱਕੀ ਹੈ। ਕਿਸਾਨਾਂ ਵੱਲੋਂ ਮਿਲਣ ਵਾਲੀ ਫੀਡ ਬੈਕ ਦੀ ਮਹੱਤਤਾ  ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਇਸ ਨਾਲ ਖੇਤੀ ਖੋਜ ਅਤੇ ਪਸਾਰ ਕਾਰਜਾਂ ਵਿਚ ਨਵੇਂ ਦਿਸ਼ਾ ਨਿਰਦੇਸ਼ ਦੇਣ ਵਿੱਚ ਵੱਡੀ ਮਦਦ ਮਿਲਦੀ ਹੈ। ਖੇਤੀ ਲਾਗਤਾਂ ਦੇ ਵਧਣ ਅਤੇ ਆਮਦਨ ਦੇ ਘਟਣ ਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਲੋਡ਼ੋਂ ਵੱਧ ਖਾਦਾਂ ਅਤੇ ਰਸਾਇਣਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਕਿਹਾ। ਖੇਤੀ ਆਮਦਨ ਵਧਾਉਣ ਲਈ ਡੇਅਰੀ ਪਾਲਣ, ਮੁਰਗੀ ਪਾਲਣ, ਖੁੰਭਾਂ ਦੀ ਕਾਸ਼ਤ, ਮਧੂ ਮੱਖੀ ਪਾਲਣ ਵਰਗੇ ਸਹਾਇਕ ਧੰਦਿਆਂ ਨੂੰ ਅਪਨਾਉਣ ਦੇ ਨਾਲ ਨਾਲ ਉਹਨਾਂ ਨੇ ਐਗਰੋ ਪ੍ਰੋਸੈਸਿੰਗ ਅਪਨਾਉਣ ਤੇ ਵੀ ਜ਼ੋਰ ਦਿੱਤਾ। ਫਸਲਾਂ ਦੀ ਰਹਿੰਦ-ਖੂੰਹਦ ਅਤੇ ਪਰਾਲੀ ਆਦਿ ਦੀ ਸਾਂਭ-ਸੰਭਾਲ ਲਈ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਖੇਤ ਮਸ਼ੀਨਰੀ ਅਤੇ ਸਿਫਾਰਿਸ਼ ਕੀਤੀਆਂ ਤਕਨੀਕਾਂ ਬਾਰੇ ਚਾਨਣਾ ਪਾਉਂਦਿਆਂ ਉਹਨਾਂ ਕੁਦਰਤੀ ਸੋਮਿਆਂ ਅਤੇ  ਵਾਤਾਵਰਨ ਦੀ ਸਾਂਭ-ਸੰਭਾਲ ਤੇ ਜ਼ੋਰ ਦਿੱਤਾ। ਲੋਕ ਸਿਆਣਪ, ‘ਚਾਦਰ ਵੇਖ ਕੇ ਪੈਰ ਪਸਾਰਣਾ’ ਨੂੰ ਜ਼ਿੰਦਗੀ ਵਿਚ ਧਾਰਨ ਕਰਨ ਲਈ ਪ੍ਰੇਰਦਿਆਂ ਉਹਨਾਂ ਸਮਾਜਿਕ ਰਹੁ-ਰੀਤਾਂ ਦੌਰਾਨ ਬੇਲੋਡ਼ੇ ਖਰਚਿਆਂ ਤੋਂ ਬਚਣ ਦਾ ਸੁਨੇਹਾ ਦਿੱਤਾ। ਆਪਣੀ ਲੋਡ਼ ਮੁਤਾਬਕ ਸਬਜ਼ੀਆਂ, ਦਾਲਾਂ ਅਤੇ ਫਲਾਂ ਆਦਿ ਦੀ ਕਾਸ਼ਤ ਲਈ ਘਰੇਲੂ ਬਗੀਚੀ ਲਗਾਉਣ ਲਈ ਉਤਸ਼ਾਹਿਤ ਕਰਦਿਆਂ ਉਨਾਂ ਨਵੀਆਂ ਕਿਸਮਾਂ ਦੀ ਕਾਸ਼ਤ ਹੇਠ ਜ਼ਿਆਦਾ ਰਕਬਾ ਨਾ ਲਿਆਉਣ ਲਈ ਕਿਹਾ ਤਾਂ ਜੋ ਉਹਨਾਂ ਦੀ ਹੋਰ ਨਿਰਖ-ਪਰਖ ਹੋ ਸਕੇ।
ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆਂ, ਫੈਕਲਟੀ ਮੈਂਬਰਾਂ, ਸਟਾਫ ਅਤੇ ਕਿਸਾਨਾਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਡਾ.ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਖੋਜ ਨੇ ਯੂਨੀਵਰਸਿਟੀ ਦੀਆਂ ਅਹਿਮ ਖੋਜ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਬਾਇਓਤਕਨਾਲੋਜੀ ਦੀ ਮਾਰਕਰ ਵਿਧੀ ਨਾਲ ਕਣਕ ਦੀਆਂ ਵਿਕਸਿਤ ਕੀਤੀਆਂ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਉਹਨਾਂ ਖੇਤੀ ਵੰਨ-ਸੁਵੰਨਤਾ ਲਿਆਉਣ ਵਾਲੀਆਂ ਰਾਇਆ, ਜਵੀ, ਸੱਠੀ ਮੂੰਗੀ ਆਦਿ ਫਸਲਾਂ ਦੇ ਨਾਲ ਨਾਲ ਸਬਜ਼ੀਆਂ ਅਤੇ ਫਲਾਂ ਵਿੱਚ ਕੀਤੀਆਂ ਅਹਿਮ ਖੋਜ ਪ੍ਰਾਪਤੀਆਂ ਬਾਰੇ ਵੀ ਦੱਸਿਆ। ਹਾਡ਼ੀ  ਦੀਆਂ ਫਸਲਾਂ ਦੀਅ ਸਿਫਾਰਸ਼ਾਂ ਅਤੇ ਹੋਰ ਖੇਤੀ ਪ੍ਰਕਾਸ਼ਨਾਵਾਂ ਪਡ਼ਨ ਲਈ ਪ੍ਰੇਰਦਿਆਂ ਉਨਾਂ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਹੀਨਾਵਾਰ ਮੈਗਜ਼ੀਨ ‘ਚੰਗੀ ਖੇਤੀ’ ਅਤੇ ‘ਪ੍ਰੋਗਰੈਸਿਵ ਫਾਰਮਿੰਗ’ ਦੇ ਮੈਂਬਰ ਬਣਨ ਲਈ ਵੀ ਉਤਸਾਹਿਤ ਕੀਤਾ। ਯੂਨੀਵਰਸਿਟੀ  ਮਾਹਿਰਾਂ ਦੀਆਂ ਸਿਫਾਰਿਸ਼ਾਂ ਮੁਤਾਬਕ ਵਿਗਿਆਨਕ ਲੀਹਾਂ ਤੇ ਖੇਤੀ ਕਰਨ ਦੀ ਤਾਕੀਦ ਕਰਦਿਆਂ ਉਹਨਾਂ ਰਸਾਇਣਾਂ ਅਤੇ ਖਾਦਾਂ ਦੀ ਅੰਧਾਧੁੰਦ ਵਰਤੋਂ ਤੋਂ ਗੁਰੇਜ਼ ਕਰਦਿਆਂ ਭੂਮੀ ਪਰਖ ਅਨੁਸਾਰ ਹੀ ਇਹਨਾਂ ਦੀ ਵਰਤੋਂ ਕਰਨ ਅਤੇ ਹਰੀ ਖਾਦ ਅਤੇ ਰੂਡ਼ੀ ਦੀ ਖਾਦ ਵਰਤਣ ਲਈ ਕਿਹਾ।
ਕਿਸਾਨ ਮੇਲੇ ਮੌਕੇ ਖੇਤੀਬਾਡ਼ੀ ਵਿੱਚ ਵਿਸ਼ੇਸ਼ ਮੱਲਾਂ ਮਾਰਨ ਵਾਲੇ ਅਗਾਂਹਵਧੂ ਕਿਸਾਨਾਂ ਵਿਚੋਂ ਸ.ਸੁਖਦੇਵ ਸਿੰਘ ਪਿੰਡ ਭੁੱਲਰ ਬੇਟ, ਜਿਲਾ ਕਪੂਰਥਲਾ ਨੂੰ ਸ.ਦਲੀਪ ਸਿੰਘ ਧਾਲੀਵਾਲ  ਯਾਦਗਾਰੀ ਪੁਰਸਕਾਰ; ਸ.ਹਰਪ੍ਰੀਤ ਸਿੰਘ ਪਿੰਡ ਹਰੀਪੁਰ, ਜਿਲਾ ਫਤਿਹਗਡ਼ ਸਾਹਿਬ ਨੂੰ ਸ. ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ; ਸ. ਜਗਤਾਰ ਸਿੰਘ ਗਿੱਲ ਪਿੰਡ ਸਿਰੀਏ ਵਾਲਾ ਜਿਲਾ ਬਠਿੰਡਾ ਨੂੰ ਪ੍ਰਵਾਸੀ ਭਾਰਤੀ ਪੁਰਸਕਾਰ; ਕੁਮਾਰੀ ਰੇਖਾ ਸ਼ਰਮਾ ਪਿੰਡ ਰਾਮਗਡ਼ ਸੀਕਰੀ, ਜਿਲਾ ਹੁਸ਼ਿਆਰਪੁਰ  ਨੂੰ  ਸਰਦਾਰਨੀ ਜਗਬੀਰ ਕੌਰ ਯਾਦਗਾਰੀ ਪੁਰਸਕਾਰ  ਅਤੇ ਸ. ਸਤਵੀਰ ਸਿੰਘ ਸਰਾਂ ਪਿੰਡ ਸਿਧਾਣਾ ਜਿਲਾ ਬਠਿੰਡਾ ਨੂੰ ਸ.ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਪ੍ਰਦਾਨ ਕੀਤੇ ਗਏ।

 

 


ਇਸ ਮੌਕੇ ਖੇਤੀ ਖੋਜ ਅਤੇ ਪਸਾਰ ਕਾਰਜਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਵਿਗਿਆਨੀਆਂ ਵਿਚੋਂ ਡਾ. ਐਚ ਐਸ ਰਤਨਪਾਲ, ਸੀਨੀਅਰ ਹਾਰਟੀਕਲਚਰਿਸਟ, ਸ. ਬੇਅੰਤ ਸਿੰਘ, ਚੀਫ ਖੇਤੀਬਾਡ਼ੀ ਅਫਸਰ, ਡਾ.ਹਰਿੰਦਰ ਸਿੰਘ ਡਿਪਟੀ ਡਾਇਰੈਕਟਰ (ਟਰੇਨਿੰਗ) ਫਤਿਹਗਡ਼ ਸਾਹਿਬ ਅਤੇ ਡਾ.ਰਾਜਬੀਰ ਸਿੰਘ ਬੂਰਾ, ਸੀਨੀਅਰ ਹਾਰਟੀਕਲਚਰਿਸਟ,ਫਲ ਖੋਜ ਕੇਂਦਰ ਬਹਾਦਰਗਡ਼ ਨੂੰ ਸ਼ਲਾਘਾ ਪੱਤਰ ਪ੍ਰਦਾਨ ਕੀਤੇ ਗਏ।
ਇਸ ਮੌਕੇ ਪੀਏਯੂ ਦੇ ਕਿਸਾਨ ਮੇਲਿਆਂ ਦੇ ਪੰਜਾਹ ਸਾਲ ਪੂਰੇ ਹੋਣ ਤੇ ਡਾਕ ਵਿਭਾਗ ਵੱਲੋਂ ਡਾਕ ਟਿਕਟ ਰਿਲੀਜ਼ ਕੀਤੀ ਗਈ। ਇਸ ਮੌਕੇ ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ ਦੇ ਨਾਲ ਨਾਲ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸੰਪਰਕ ਅਤੇ ਸੰਚਾਰ ਕੇਂਦਰ ਵੱਲੋਂ ਡਾ: ਜੀ ਐਸ ਕਾਲਕਟ, ਡਾ.ਖੇਮ ਸਿੰਘ ਗਿੱਲ, ਡਾ.ਏ ਐਸ ਕਾਹਲੋਂ, ਡਾ.ਟੀ ਐਸ ਸੋਹਲ ਅਤੇ ਡਾ.ਨੰਦਪੁਰੀ ਦੀਆਂ ਪ੍ਰਕਾਸ਼ਿਤ  ਕੀਤੀਆਂ ਜੀਵਨੀਆਂ ਵੀ ਰਿਲੀਜ਼ ਕੀਤੀਆਂ ਗਈਆਂ।
ਕਿਸਾਨ ਮੇਲੇ ਦੇ ਪਹਿਲੇ ਦਿਨ ਕਿਸਾਨਾਂ ਨੇ ਵੱਖੋ-ਵੱਖਰੀਆਂ ਖੇਤ ਪ੍ਰਦਰਸ਼ਨੀਆਂ ਤੋਂ ਗਿਆਨ ਹਾਸਲ ਕਰਨ, ਸੁਧਰੇ ਬੀਜ ਅਤੇ ਖੇਤੀ ਪੁਸਤਕਾਂ ਖਰੀਦਣ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ। ਬਿਨਾਂ ਸ਼ੱਕ ਅੱਜ ਦਾ ਕਿਸਾਨ ਅਕਲ ਨਾਲ ਖੇਤੀ ਕਰਨ ਵਿੱਚ ਦਿਲਚਸਪੀ ਰੱਖਦਾ ਹੈ ਇਹ ਝਲਕ ਥਾਂ ਪਰ ਥਾਂ ਕਿਸਾਨਾਂ ਦੀ ਜਗਿਆਸਾ ਤੋਂ ਦਿਖਦੀ ਰਹੀ।

4880cookie-checkਪੰਜਾਬੀ ਜੁਝਾਰੂ ਕੌਮ ਹੈ, ਜਿਸ ਨੇ ਹਰੀ ਕ੍ਰਾਂਤੀ ਤੋਂ ਅੱਗੇ ਰੰਗ ਭਾਗ ਲਾਉਣੇ ਹਨ: ਮਨਪ੍ਰੀਤ ਸਿੰਘ ਬਾਦਲ

Leave a Reply

Your email address will not be published. Required fields are marked *

error: Content is protected !!