![]()

ਹਿੰਦੂਤਵੀ ਤਾਕਤਾਂ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਦਾ ਗਲਾ ਘੁੱਟਣ ਤੇ ਉਤਾਰੂ – ਮਹਿਦੂਦਾਂ
ਲੁਧਿਆਣਾ 6 ਸਤੰਬਰ ( ਸਤ ਪਾਲ ਸੋਨੀ ) : ਪ੍ਰੈੱਸ ਲਾਇਨਜ ਕਲੱਬ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕੰਨਡ਼ ਭਾਸ਼ਾ ਦੀ ਪ੍ਰਸਿੱਧ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੀ ਨਿੰਦਾ ਕਰਦਿਆਂ ਇਸਦੇ ਲਈ ਹਿੰਦੂਤਵੀ ਤਾਕਤਾਂ ਨੂੰ ਜਿੰਮੇਵਾਰ ਠਹਿਰਾਇਆ। ਉਨਾਂ ਕਿਹਾ ਕਿ ਇਸ ਕਤਲ ਤੇ ਪਰਦਾ ਪਾਉਣ ਲਈ ਹਿੰਦੂਤਵੀ ਤਾਕਤਾਂ ਕੁਝ ਵੀ ਕਰ ਸਕਦੀਆਂ ਹਨ। ਉਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਮੈਗਜੀਨ ‘ਲੰਕੇਸ਼ ਪੱਤਰਿਕਾ’ ਦੀ 55 ਸਾਲਾ ਸੰਪਾਦਿਕਾ ਪਿਛਲੇ ਲੰਮੇਂ ਸਮੇਂ ਤੋਂ ਹਿੰਦੂ ਰਾਸ਼ਟਰਵਾਦ ਦੇ ਖਿਲਾਫ ਖੁੱਲ ਕੇ ਕਲਮ ਚਲਾ ਰਹੀ ਸੀ ਅਤੇ ਏਹੀ ਹਿੰਦੂਵਾਦ ਉਸ ਦੇ ਕਤਲ ਦੀ ਮੁੱਖ ਵਜਾ ਹੋ ਸਕਦਾ ਹੈ। ਉਨਾਂ ਕਿਹਾ ਕਿ ਭਾਵੇਂ ਪੁਲਿਸ ਇਸ ਮਾਮਲੇ ‘ਚ ਜਾਂਚ ਕਰ ਰਹੀ ਹੈ ਪਰ ਇਸ ਸੱਚਾਈ ਨੂੰ ਅਣਦੇਖਿਆ ਨਹੀ ਕੀਤਾ ਜਾ ਸਕਦਾ ਕਿ ਜਦੋਂ ਦੀ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਉਦੋਂ ਤੋਂ ਹਿੰਦੂ ਰਾਸ਼ਟਰਵਾਦ ਦੀ ਸੋਚ ਰੱਖਣ ਵਾਲੀਆਂ ਤਾਕਤਾਂ ਨੇ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਤੇ ਹਮਲੇ ਕਰਕੇ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ ਕੀਤੀ ਹੈ। ਉਨਾਂ ਕਿਹਾ ਕਿ ਅਜਿਹੀਆਂ ਕਈ ਉਦਾਹਰਨਾਂ ਸਾਹਮਣੇ ਹਨ ਜਦੋਂ ਸੱਚ ਤੋਂ ਪਰਚਾ ਚੁੱਕਣ ਵਾਲੇ ਨਿਰਪੱਖ ਤੇ ਨਿਡਰ ਪੱਤਰਕਾਰਾਂ ਦੀ ਅਵਾਜ ਨੂੰ ਦਬਾਉਣ ਲਈ ਧਾਰਾ 295ਏ ਦਾ ਸਹਾਰਾ ਲਿਆ ਗਿਆ ਹੈ। ਉਨਾਂ ਕਿਹਾ ਕਿ ਭਾਜਪਾ ਪੂਰੇ ਦੇਸ਼ ਦਾ ਭਗਵਾਂਕਰਨ ਕਰਨਾ ਚਾਹੁੰਦੀ ਹੈ ਅਤੇ ਪੱਤਰਕਾਰ ਚਾਹੇ ਕਿਸੇ ਵੀ ਜਾਤ ਧਰਮ ਦਾ ਕਿਉਂ ਨਾ ਹੋਵੇ 80 ਫੀਸਦੀ ਪੱਤਰਕਾਰ ਪੱਤਰਕਾਰਤਾ ਵੇਲੇ ਏਹ ਭੁੱਲ ਕੇ ਕੰਮ ਕਰਦੇ ਹਨ। ਉਹ ਸੱਚ ਲਿਖਣ ਦੀ ਕੋਸ਼ਿਸ ਕਰਦੇ ਹਨ ਅਤੇ ਏਹੀ ਸੱਚ ਭਾਜਪਾ ਅਤੇ ਹਿੰਦੂਤਵੀ ਸੋਚ ਰੱਖਣ ਵਾਲੀਆਂ ਉਸ ਦੀਆਂ ਹੋਰ ਸਹਿਯੋਗੀ ਪਾਰਟੀਆਂ ਨੂੰ ਚੁੱਭਦਾ ਹੈ। ਉਹ ਅਪਣੇ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਨ ਲਈ ਮੀਡੀਆ ਨੂੰ ਸੱਭ ਤੋਂ ਵੱਡਾ ਦੁਸ਼ਮਣ ਸਮਝ ਰਹੀਆਂ ਹਨ ਏਸੇ ਕਾਰਨ ਹੀ ਉਹ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਦਾ ਗਲਾ ਘੁੱਟਣ ਤੇ ਉਤਾਰੂ ਹਨ। ਮਹਿਦੂਦਾਂ ਨੇ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਨੂੰ ਪੱਤਰਕਾਰ ਭਾਈਚਾਰੇ ਦੀ ਸ਼ਹੀਦ ਆਖਦਿਆਂ ਕਿਹਾ ਕਿ ਲੁਧਿਆਣਾ ਦੇ ਪੱਤਰਕਾਰਾਂ ਅਤੇ ਪ੍ਰੈੱਸ ਕਲੱਬਾਂ ਨੂੰ ਵੀ ਇੱਕ ਸੁਰ ਇਸ ਜੁਲਮ ਦੇ ਖਿਲਾਫ ਅਵਾਜ ਬੁਲੰਦ ਕਰਨੀ ਚਾਹੀਦੀ ਹੈ ਜੋ ਗੋਰੀ ਲੰਕੇਸ਼ ਵਰਗੀ ਨਿਡਰ ਪੱਤਰਕਾਰ ਲਈ ਸੱਚੀ ਸਰਧਾਂਜਲੀ ਹੋਵਗੀ।