![]()
ਸਵੀਪ ਗਤੀਵਿਧੀਆਂ ‘ਚੋ ਨਿਖ਼ਰ ਕੇ ਸਾਹਮਣੇ ਆਇਆ ਸੁਰੀਲਾ ਗਾਇਕ ਬਲਵੰਤ ਸਿੰਘ

ਲੁਧਿਆਣਾ, 4 ਮਈ (ਸਤ ਪਾਲ ਸੋਨੀ) : ਅਗਾਮੀ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਜ਼ਿਲਾ ਲੁਧਿਆਣਾ ਵਿੱਚ ਵੋਟਰਾਂ ਨੂੰ ਵੋਟ ਦਾ ਜ਼ਰੂਰੀ ਅਤੇ ਸਹੀ ਇਸਤੇਮਾਲ ਕਰਨ ਸਬੰਧੀ ਜਾਗਰੂਕ ਕਰਨ ਲਈ ਸਵੀਪ ਗਤੀਵਿਧੀਆਂ ਪੂਰੇ ਜ਼ੋਰਾਂ ‘ਤੇ ਜਾਰੀ ਹਨ। ਇਨਾਂ ਸਵੀਪ ਗਤੀਆਂ ਨੂੰ ਜਿੱਥੇ ਵੱਡੇ ਪੱਧਰ ‘ਤੇ ਕਾਮਯਾਬੀ ਮਿਲ ਰਹੀ ਹੈ, ਉਥੇ ਹੀ ਇਨਾਂ ਗਤੀਵਿਧੀਆਂ ਵਿੱਚੋਂ ਹੀ ਇੱਕ ਸੁਰੀਲਾ ਗਾਇਕ ਨਿਖ਼ਰ ਕੇ ਸਾਹਮਣੇ ਆਇਆ ਹੈ। ਇਸ ਗਾਇਕ ਦਾ ਨਾਮ ਬਲਵੰਤ ਸਿੰਘ ਹੈ, ਜੋ ਕਿ ਪੇਸ਼ੇ ਵਜੋਂ ਸਥਾਨਕ ਸਰਾਭਾ ਨਗਰ ਸਰਕਾਰੀ ਹਾਈ ਸਕੂਲ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਨਿਭਾਅ ਰਿਹਾ ਹੈ। ਜ਼ਿਲਾ ਪ੍ਰਸਾਸ਼ਨ ਵੱਲੋਂ ਇਸ ਕਲਾਕਾਰ ਦਾ ਵੋਟਰ ਜਾਗਰੂਕਤਾ ਸੰਬੰਧੀ ਗੀਤ ਰਿਕਾਰਡ ਕਰਵਾਇਆ ਗਿਆ ਹੈ, ਜਿਸ ਨੂੰ ਸਥਾਨਕ ਸਰਕਟ ਹਾਊਸ ਵਿਖੇ ਵਿਸ਼ੇਸ਼ ਜਨਰਲ ਨਿਗਰਾਨ ਰਾਘਵ ਚੰਦਰਾ ਆਈ. ਏ. ਐੱਸ (ਸੇਵਾਮੁਕਤ) ਨੇ ਰਿਲੀਜ਼ ਕੀਤਾ।

ਬਲਵੰਤ ਸਿੰਘ ਅਨੁਸਾਰ ਮੌਜੂਦਾ ਸਮੇਂ ਉਹ ਵਿਧਾਨ ਸਭਾ ਹਲਕਾ-62 ਆਤਮ ਨਗਰ ਵਿੱਚ ਸਵੀਪ ਗਤੀਵਿਧੀਆਂ ਦੇ ਨੋਡਲ ਅਫ਼ਸਰ ਵਜੋਂ ਚੋਣ ਡਿਊਟੀ ਨਿਭਾਅ ਰਿਹਾ ਹੈ। ਇਸ ਤੋਂ ਇਲਾਵਾ ਉਹ ਵੋਟਰ ਜਾਗਰੂਕਤਾ ਬਾਰੇ ਮਾਸਟਰ ਟਰੇਨਰ ਵੀ ਹੈ। ਉਸਨੇ ਦੱਸਿਆ ਕਿ ਉਹ ਭਾਵੇਂਕਿ ਪੇਸ਼ੇ ਵਜੋਂ ਅਧਿਆਪਕ ਹੈ ਪਰ ਗਾਉਣਾ ਅਤੇ ਹੋਰ ਰੰਗਮੰਚ ਨਾਲ ਸੰਬੰਧਤ ਸਮਾਗਮਾਂ ਵਿੱਚ ਭਾਗ ਲੈਣਾ ਉਸਦਾ ਸ਼ੌਂਕ ਵੀ ਹੈ। ਉਸਨੇ ਕਿਹਾ ਕਿ ਉਸਨੇ ਕਰੀਬ 9 ਸਾਲ ਸਥਾਨਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਵਿਖੇ ਪਡ਼ਾਇਆ ਹੈ। ਇਸ ਸਮੇਂ ਦੌਰਾਨ ਉਸਨੇ ਕਈ ਸਮਾਗਮਾਂ ਵਿੱਚ ਭਾਗ ਲਿਆ। ਬਚਪਨ ਵਿੱਚ ਗਰੀਬੀ ਅਤੇ ਹੋਰ ਸਾਧਨਾਂ ਦੀ ਕਮੀ ਕਾਰਨ ਉਹ ਆਪਣੇ ਸ਼ੌਂਕ ਪੂਰੇ ਕਰਨ ਤੋਂ ਰਹਿ ਗਿਆ ਸੀ।
ਉਸਨੇ ਕਿਹਾ ਕਿ ਉਸਨੂੰ ਗਾਇਕੀ ਵਾਲੇ ਪਾਸੇ ਉਤਸ਼ਾਹਿਤ ਕਰਨ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ)-ਕਮ-ਨੋਡਲ ਅਧਿਕਾਰੀ ਸਵੀਪ ਗਤੀਵਿਧੀਆਂ ਨੀਰੂ ਕਤਿਆਲ ਗੁਪਤਾ ਦਾ ਵਿਸ਼ੇਸ਼ ਯੋਗਦਾਨ ਹੈ। ਉਨਾਂ ਕਿਹਾ ਕਿ ਸਵੀਪ ਗਤੀਵਿਧੀਆਂ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀਮਤੀ ਗੁਪਤਾ ਵੱਲੋਂ ਸਾਰੇ ਨੋਡਲ ਅਧਿਕਾਰੀਆਂ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ-ਆਪਣੇ ਪੱਧਰ ‘ਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨ। ਇਸ ‘ਤੇ ਉਸਨੇ ਸ੍ਰੀਮਤੀ ਗੁਪਤਾ ਨੂੰ ਵੋਟਰ ਜਾਗਰੂਕਤਾ ਗੀਤ ਲਿਖਣ ਅਤੇ ਖੁਦ ਗਾਉਣ ਦੀ ਇੱਛਾ ਪ੍ਰਗਟ ਕੀਤੀ, ਜਿਸਨੂੰ ਉਨਾਂ ਖਿਡ਼ੇ ਮੱਥੇ ਪ੍ਰਵਾਨ ਕੀਤਾ ਅਤੇ ਵੱਡੇ ਸਮਾਗਮਾਂ ‘ਤੇ ਗੀਤ ਦੀ ਪੇਸ਼ਕਾਰੀ ਦੇਣ ਦੀ ਗੱਲ ਕਹੀ। ਪਿਛਲੇ ਸਮੇਂ ਦੌਰਾਨ ਉਹ ਕਈ ਸਮਾਗਮਾਂ ਵਿੱਚ ਗੀਤ ਨਾਲ ਆਪਣੀ ਹਾਜ਼ਰੀ ਲਗਵਾ ਚੁੱਕਾ ਹੈ।
ਇਸ ਸੰਬੰਧੀ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨਾਲ ਗੱਲ ਕਰਨ ‘ਤੇ ਉਨਾਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਨੇ ਬਲਵੰਤ ਸਿੰਘ ਤੋਂ ਵੋਟਰ ਜਾਗਰੂਕਤਾ ਸੰਬੰਧੀ ਇੱਕ ਗੀਤ ਲਿਖਵਾਇਆ ਹੈ, ਜਿਸ ਨੂੰ ਰਾਜ ਚੋਣ ਦਫ਼ਤਰ ਤੋਂ ਪ੍ਰਵਾਨ ਕਰਵਾਉਣ ਉਪਰੰਤ ਇਸ਼ਮੀਤ ਸਿੰਘ ਸੰਗੀਤ ਅਕਾਦਮੀ ਰਾਹੀਂ ਰਿਕਾਰਡ ਕਰਵਾਇਆ ਗਿਆ ਹੈ। ਇਸ ਗੀਤ ਦਾ ਫਿਲਮਾਂਕਣ ਵੀ ਕੀਤਾ ਗਿਆ ਹੈ, ਜੋ ਕਿ ਆਗਾਮੀ ਦਿਨਾਂ ਦੌਰਾਨ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਮਾਧਿਅਮਾਂ ਰਾਹੀਂ ਪ੍ਰਚਾਰਿਆ ਜਾਵੇਗਾ।