![]()
ਇਕੱਲੇ ਰਹਿ ਰਹੇ ਬਜੁਰਗਾਂ ਨੂੰ ਮਿਲੇਗੀ ਪੁਲਿਸ ਸਹਾਇਤਾ ਅਤੇ ਸੁਣੀਆਂ ਜਾਣਗੀਆਂ ਦੁਖ ਤਕਲੀਫ਼ਾ-ਪੁਲਿਸ ਕਮਿਸ਼ਨਰ
ਲੁਧਿਆਣਾ, 14 ਜਨਵਰੀ ( ਸਤ ਪਾਲ ਸੋਨੀ ) : ਅਜੋਕੇ ਸਮਾਜ ਵਿੱਚ ਬਜੁਰਗ ਆਪਣੇ ਆਪ ਨੂੰ ਇਕੱਲਿਆ ਮਹਿਸੂਸ ਕਰ ਰਹੇ, ਕਿਉਕਿ ਬਹੁਤੇ ਨੌਜਵਾਨ ਕੰਮ-ਕਾਜ ਲਈ ਵਿਦੇਸ਼ਾਂ ਵਿੱਚ ਰਹਿ ਰਹੇ ਹਨ ਅਤੇ ਕੁੱਝ ਇੱਥੇ ਵੀ ਕੰਮਕਾਰ ਕਾਰਨ ਬਜੁਰਗਾਂ ਵੱਲ ਧਿਆਨ ਨਹੀਂ ਦੇ ਸਕਦੇ, ਜਿਸ ਕਾਰਨ ਬਜੁਰਗ ਭਾਵਨਾਤਮਕ ਤੌਰ ‘ਤੇ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰਦੇ ਹਨ। ਪੁਲਿਸ ਕਮਿਸ਼ਨਰ ਲੁਧਿਆਣਾ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਬਜੁਰਗਾਂ ਦੀ ਇਸ ਸਮੱਸਿਆ ਦੇ ਹੱਲ ਅਤੇ ਭਲਾਈ ਲਈ ਅੱਜ ਪੁਲਿਸ ਲਾਈਨ ਵਿਖੇ ”ਐਲਡਰਸ ਕੂਨੈਕਟ”ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਪੁਲਿਸ ਅਧਿਕਾਰੀ/ਕਰਮਚਾਰੀ ਇੱਕਲੇ ਰਹਿਣ ਵਾਲੇ ਬਜੁਰਗ ਨੂੰ 15 ਦਿਨਾਂ ਵਿੱਚ ਇੱਕ ਵਾਰ ਮਿਲ ਕੇ ਮੁਸ਼ਕਲਾਂ ਅਤੇ ਸਿਹਤ ਦਾ ਜਾਇਜਾ ਲਿਆ ਕਰਨਗੇ। ਬਜੁਰਗ ਜੋਡ਼ੇ ਨੂੰ 30 ਦਿਨਾਂ ਵਿੱਚ ਇੱਕ ਵਾਰ ਅਤੇ ਪਰਿਵਾਰਾਂ ਵਿੱਚ ਰਹਿਣ ਵਾਲੇ ਬਜੁਰਗਾਂ ਦੋ ਮਹੀਨੇ ਦੇ ਵਕਫੇ ਵਿੱਚ ਇੱਕ ਵਾਰ ਮਿਲਿਆ ਕਰਨਗੇ। ਪੁਲਿਸ ਕਰਮੀ ਬਜੁਰਗਾਂ ਦੀ ਸਿਹਤ ਦੇ ਨਾਲ-ਨਾਲ ਪਰਿਵਾਰਾਂ, ਬੱਚਿਆਂ ਅਤੇ ਗੁਆਂਢੀਆਂ ਦੇ ਵਿਵਹਾਰ ਦੀ ਜਾਣਕਾਰੀ ਹਾਸਿਲ ਕਰਨਗੇ, ਇਸ ਤੋਂ ਇਲਾਵਾ ਪ੍ਰਸ਼ਾਸਨਿਕ ਮੁਸ਼ਕਲਾਂ ਦਾ ਵੀ ਸਬੰਧਤ ਵਿਭਾਗ ਤੋਂ ਹੱਲ ਕਰਵਾਉਣ ਲਈ ਸਹਾਇਤਾ ਪ੍ਰਦਾਨ ਕਰਨਗੇ। ਉਹਨਾਂ ਦੱਸਿਆ ਕਿ ਇਕੱਲੇ ਰਹਿਣ ਵਾਲੇ ਬਜੁਰਗ ਨੂੰ ਏ ਸ੍ਰੈਣੀ, ਬਜੁਰਗ ਜੋਡ਼ੇ ਨੂੰ ਬੀ-ਸ੍ਰੈਣੀ ਅਤੇ ਪਰਿਵਾਰ ਵਿੱਚ ਰਹਿਣ ਵਾਲੇ ਬਜੁਰਗਾਂ ਨੂੰ ਸੀ-ਸ੍ਰੈਣੀ ਵਿੱਚ ਰੱਖਿਆ ਗਿਆ ਹੈ। ਉਨਾਂ ਦੱਸਿਆ ਕਿ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਪੁਲਿਸ ਅਧਿਕਾਰੀ/ਕਰਮਚਾਰੀ ਕਰੀਬ 500 ਬਜੁਰਗਾਂ ਨੂੰ ਉਨਾਂ ਦੇ ਘਰਾਂ ਵਿੱਚ ਜਾ ਕੇ ਮਿਲਣਗੇ ਅਤੇ ਉਨਾਂ ਦੀ ਸਮੱਸਿਆਵਾਂ ਸੁਣਨਗੇ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸਾਡੇ ਬਜੁਰਗ ਸਾਡੀ ਵਿਰਾਸਤ ਹਨ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਮਰ ਦੇ ਇਸ ਪਡ਼ਾਅ ਵਿੱਚ ਉਨਾਂ ਦਾ ਸਹਾਰਾ ਬਣੀਏ ਤਾਂ ਕਿ ਬਜੁਰਗਾਂ ਨੂੰ ਇਹ ਮਹਿਸੂਸ ਹੋਵੇ ਕਿ ਅਸੀਂ ਬਜੁਰਗਾਂ ਦੇ ਦੁਖ ਵਿੱਚ ਉਨਾਂ ਦੇ ਨਾਲ ਖਡ਼ੇ ਹਾਂ ਅਤੇ ਉਨਾਂ ਨੂੰ ਇਕੱਲਤਾ ਦਾ ਸਾਹਮਣਾ ਨਾ ਕਰਨਾ ਪਵੈ।
ਡਾ. ਗਿੱਲ ਨੇ ਦੱਸਿਆ ਕਿ ਚੱਲ ਰਹੇ ਸਫਾਈ ਹਫ਼ਤੇ ਦੌਰਾਨ ਪੁਲਿਸ ਵੱਲੋਂ ਪੁਲਿਸ ਸਟੇਸ਼ਨਾਂ ਅਤੇ ਆਲੇ ਦੁਆਲੇ ਦੀ ਸਫਾਈ ਕਰਵਾਈ ਜਾਵੇਗੀ। ਮਿਤੀ 15 ਜਨਵਰੀ ਨੂੰ ਆਰਥਿਕ ਅਪਰਾਧਾਂ ਅਤੇ ਇੰਮੀਗ੍ਰੇਸ਼ਨ ਨਾਲ ਸੰਬੰਧਤ ਮਾਮਲਿਆਂ ਤੋਂ ਬਚਣ ਲਈ ਸ਼ਹਿਰ ਦੀਆਂ ਪ੍ਰਮੁੱਖ ਮਾਰਕੀਟਾਂ ਵਿੱਚ ਜਾਗਰੂਕਤਾ ਫੈਲਾਈ ਜਾਵੇਗੀ। ਮਿਤੀ 15 ਜਨਵਰੀ ਨੂੰ ਪੁਲਿਸ ਨਾਲ ਸੰਬੰਧਤ ਪਰਿਵਾਰਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਮਿਤੀ 16 ਜਨਵਰੀ ਨੂੰ ਇੰਟਰ ਜ਼ੋਨ ਵਾਲੀਬਾਲ ਮੁਕਾਬਲੇ ਕਰਵਾਏ ਜਾਣਗੇ।
ਉਨਾਂ ਅੱਗੇ ਦੱਸਿਆ ਕਿ ਮਿਤੀ 17 ਜਨਵਰੀ ਨੂੰ ਪੁਲਿਸ ਨਾਲ ਸੰਬੰਧਤ ਪਰਿਵਾਰਾਂ ਨੂੰ ਆਨਲਾਈਨ ਠੱਗੀਆਂ, ਸੋਸ਼ਲ ਮੀਡੀਆ ਧੋਖੇ ਅਤੇ ਏ. ਟੀ. ਐੱਮ. ਧੋਖਾਧਡ਼ੀਆਂ ਤੋਂ ਬਚਣ ਲਈ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ। ਮਿਤੀ 18 ਜਨਵਰੀ ਨੂੰ ਗਜਟਿਡ ਅਫ਼ਸਰਾਂ ਅਤੇ ਐੱਸ. ਐੱਚ. ਓਜ਼ ਦਰਮਿਆਨ ਕ੍ਰਿਕਟ ਦਾ ਮੁਕਾਬਲਾ ਕਰਵਾਇਆ ਜਾਵੇਗਾ। ਇਸੇ ਤਰਾਂ ਮਿਤੀ 19 ਜਨਵਰੀ ਨੂੰ ਸ਼ਾਮ 5 ਵਜੇ ਇੱਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ ਵਿੱਚ ਸਾਰੇ ਪੁਲਿਸ ਪਰਿਵਾਰ ਸ਼ਮੂਲੀਅਤ ਕਰਨਗੇ, ਜਿਸ ਉਪਰੰਤ ਸਾਰੇ ਪਰਿਵਾਰਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਅਸ਼ਵਨੀ ਕੁਮਾਰ ਅਤੇ ਗਗਨ ਅਜੀਤ ਸਿੰਘ (ਦੋਵੇਂ ਡਿਪਟੀ ਕਮਿਸ਼ਨਰ ਪੁਲਿਸ),ਸੁਰਿੰਦਰ ਲਾਂਬਾ, ਦੀਪਕ ਪਾਰਿਕ, ਸੁਖਪਾਲ ਸਿੰਘ ਬਰਾਡ਼ ਅਤੇ ਕੁਲਦੀਪ ਸ਼ਰਮਾ (ਸਾਰੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ) ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਿਲ ਸਨ।
