![]()

ਲੁਧਿਆਣਾ ‘ਚ ਸੈਂਕਡ਼ਿਆਂ ਮੁਸਲਮਾਨਾਂ ਨੇ ਇਮਰਾਨ ਖਾਨ ਦਾ ਪੁਤਲਾ ਫੂਕਿਆ
ਲੁਧਿਆਣਾ, 15 ਫਰਵਰੀ ( ਸਤ ਪਾਲ ਸੋਨੀ ) : ਬੀਤੀ ਸ਼ਾਮ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਦੀ ਕਡ਼ੇ ਸ਼ਬਦਾਂ ‘ਚ ਨਿਖੇਧੀ ਕਰਦੇ ਹੋਏ ਅੱਜ ਇੱਥੇ ਜਾਮਾ ਮਸਜਿਦ ਲੁਧਿਆਣਾ ‘ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਪੁਲਵਾਮਾ ਹਮਲੇ ਲਈ ਸਿੱਧੇ ਤੌਰ ‘ਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਜ਼ਿੰਮੇਦਾਰ ਹਨ, ਕਿਉਂਕਿ ਇਸ ਅੱਤਵਾਦੀ ਹਮਲੇ ਨੇ ਇਮਰਾਨ ਖਾਨ ਦੀ ਦੋਗਲੀ ਨੀਤੀ ਬੇਨਕਾਬ ਕਰ ਦਿੱਤੀ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਪੁਲਵਾਮਾ ‘ਚ ਸ਼ਹੀਦ ਹੋਏ ਸੀਆਰਪੀਐਫ ਦੇ 44 ਜਵਾਨਾਂ ਦੇ ਖੂਨ ਨੂੰ ਮਾਫ ਨਹੀਂ ਕੀਤਾ ਜਾ ਸਕਦਾ । ਸ਼ਾਹੀ ਇਮਾਮ ਨੇ ਕਿਹਾ ਕਿ ਪਾਕਿਸਤਾਨ ਕੰਨ ਖੋਲ ਕੇ ਸੁਣ ਲਵੇ ਕਿ ਭਾਰਤ ਦੀ ਰੱਖਿਆ ਅਤੇ ਏਕਤਾ, ਅਖੰਡਤਾ ਲਈ ਹਿੰਦੂ – ਮੁਸਲਮਾਨ – ਸਿੱਖ ਸਾਰੇ ਇੱਕਜੁਟ ਹਨ ਅਤੇ ਦੁਸ਼ਮਨ ਦੇ ਹਰ ਇੱਕ ਹਮਲੇ ਦਾ ਮੁੰਹ ਤੋਡ਼ ਜਵਾਬ ਦਿੱਤਾ ਜਾਵੇਗਾ । ਸ਼ਾਹੀ ਇਮਾਮ ਨੇ ਕਿਹਾ ਕਿ ਦੁੱਖ ਦੀ ਇਸ ਘਡ਼ੀ ‘ਚ 56 ਇੰਚ ਦਾ ਤਾਨਾ ਦੇਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਇਹ ਰਾਜਨੀਤੀ ਕਰਨ ਦਾ ਮੌਕਾ ਨਹੀਂ ਬਲਕਿ ਇੱਕ ਜੁਟ ਹੋ ਕੇ ਦੁਸ਼ਮਣ ਨੂੰ ਮੁੰਹ ਤੋਡ਼ ਜਵਾਬ ਦੇਣ ਦਾ ਸਮਾਂ ਹੈ।

ਇਸ ਮੌਕੇ ਜਾਮਾ ਮਸਜਿਦ ਦੇ ਬਾਹਰ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗੁਵਾਈ ‘ਚ ਸੈਂਕਡ਼ਿਆਂ ਮੁਸਲਮਾਨਾਂ ਨੇ ਪਾਕਿਸਤਾਨ ਦੇ ਖਿਲਾਫ ਰੋਸ਼ ਮੁਜਾਹਰਾ ਕਰਕੇ ਪਾਕ ਪ੍ਰਧਾਨਮੰਤਰੀ ਇਮਰਾਨ ਖਾਨ ਦਾ ਪੁਤਲਾ ਫੂਕਿਆ ਅਤੇ ਪਾਕਿਸਤਾਨ ਦੇ ਖਿਲਾਫ ਮੁਜਾਹਰਾ ਕਰਦੇ ਹੋਏ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਨੇ ਕਿਹਾ ਕਿ ਪਾਕਿਸਤਾਨ ਦੀ ਦੋਗਲੀ ਨੀਤੀ ਨੂੰ ਸਹਿਨ ਨਹੀਂ ਕੀਤਾ ਜਾਵੇਗਾ । ਉਨਾਂ ਕਿਹਾ ਕਿ ਦੋਸਤੀ ਅਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ, ਪਾਕਿਸਤਾਨੀ ਪ੍ਰਧਾਨਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਧਰਤੀ ‘ਤੇ ਅੱਤਵਾਦੀਆਂ ਦੀ ਮਦਦ ਕਰਣਾ ਬੰਦ ਕਰੇ । ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਪੁਲਵਾਮਾ ‘ਚ ਸ਼ਹੀਦ ਹੋਏ ਜਵਾਨਾਂ ਦੀ ਕੁਰਬਾਨੀ ਨੂੰ ਪੂਰਾ ਦੇਸ਼ ਸਲਾਮ ਕਰਦਾ ਹੈ ਅਤੇ ਇਹ ਪ੍ਰਣ ਕਰਦਾ ਹੈ ਕਿ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ। ਵਰਣਨਯੋਗ ਹੈ ਕਿ ਅੱਜ ਜੁੰਮੇ ਦੀ ਨਮਾਜ ਤੋਂ ਬਾਅਦ ਪੁਲਵਾਮਾ ‘ਚ ਸੀਆਰਪੀਐਫ ਦੇ ਜਵਾਨਾਂ ‘ਤੇ ਹੋਏ ਅੱਤਵਾਦੀ ਹਮਲੇ ਦੇ ਵਿਰੋਧ ‘ਚ ਰੋਸ਼ ਮੁਜਾਹਰੇ ਦੇ ਦੌਰਾਨ ਪਾਕਿਸਤਾਨ ਮੁਰਦਾਬਾਦ, ਅੱਤਵਾਦ ਮੁਰਦਾਬਾਦ, ਇਮਰਾਨ ਖਾਨ ਮੁਰਦਾਬਾਦ ਦੇ ਨਾਰੇ ਲਗਾਏ ਗਏ । ਇਸ ਮੌਕੇ ‘ਤੇ ਗੁਲਾਮ ਹਸਨ ਕੈਸਰ, ਕਾਰੀ ਇਬਰਾਹਿਮ, ਹਾਫਿਜ ਜੈਨੁਲ ਆਬਦੀਨ, ਮੌਲਾਨਾ ਮਹਿਬੂਬ, ਮੁਹੰਮਦ ਖਾਲਿਦ, ਸ਼ਾਹਨਵਾਜ ਅਹਿਮਦ, ਅਕਰਮ ਅਲੀ, ਬਾਬੁਲ ਖਾਨ, ਸਰਫਰਾਜ ਖਾਨ ਅਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਅਹਿਰਾਰੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ ।