![]()

ਸ਼ਹਿਰ ਲੁਧਿਆਣਾ ਵਿੱਚ 570 ਕਰੋਡ਼ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
–
ਲੁਧਿਆਣਾ, 16 ਫਰਵਰੀ ( ਸਤ ਪਾਲ ਸੋਨੀ ) : ”ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਸ਼ੁਰੂ ਕੀਤੇ ਯਤਨਾਂ ਤਹਿਤ ਸ਼ਹਿਰ ਲੁਧਿਆਣਾ ਦੇ ਵਿਕਾਸ ‘ਤੇ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ।” ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਨਗਰ ਨਿਗਮ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਕੀਤਾ। ਇਸ ਮੌਕੇ ਉਨਾਂ ਜਿੱਥੇ ਸ਼ਹਿਰ ਦੇ ਵਿਕਾਸ ਲਈ 570 ਕਰੋਡ਼ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਉਥੇ ਕਿਹਾ ਕਿ ਅਗਲੇ ਤਿੰਨ ਸਾਲਾਂ ਦੌਰਾਨ ਸ਼ਹਿਰ ਦੇ ਵਿਕਾਸ ‘ਤੇ 4000 ਕਰੋਡ਼ ਰੁਪਏ ਖਰਚੇ ਜਾਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਸ਼ਹਿਰ ਲੁਧਿਆਣਾ ਸੂਬੇ ਦੀ ਹੀ ਨਹੀਂ ਸਗੋਂ ਸਾਡੇ ਦੇਸ਼ ਦੀ ਆਰਥਿਕਤਾ ਦੀ ਰੀਡ਼ ਦੀ ਹੱਡੀ ਹੈ। ਇਸ ਸ਼ਹਿਰ ਦੇ ਵਿਕਾਸ ਨੂੰ ਕਿਸੇ ਵੀ ਪੱਖੋਂ ਅਣਗੌਲਿਆਂ ਨਹੀਂ ਜਾ ਸਕਦਾ। ਇਸੇ ਕਰਕੇ ਪੰਜਾਬ ਸਰਕਾਰ ਵੱਲੋਂ ਇਸ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਿਆਪਕ ਯੋਜਨਾਬੱਧੀ ਕੀਤੀ ਗਈ ਹੈ, ਜਿਸ ਤਹਿਤ ਅਗਲੇ ਤਿੰਨ ਸਾਲਾਂ ਦੌਰਾਨ 4000 ਕਰੋਡ਼ ਰੁਪਏ ਤੋਂ ਵਧੇਰੇ ਦੀ ਰਾਸ਼ੀ ਵਿਕਾਸ ਕਾਰਜਾਂ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ‘ਤੇ ਖਰਚੀ ਜਾਵੇਗੀ।
ਉਨਾਂ ਅੱਜ ਨਗਰ ਨਿਗਮ ਅਤੇ ਨਗਰ ਸੁਧਾਰ ਟਰੱਸਟ ਲੁਧਿਆਣਾ ਵੱਲੋਂ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਇਹ ਸਾਰੇ ਕੰਮ ਪ੍ਰਮੁੱਖਤਾ ਨਾਲ ਨੇਪਰੇ ਚਾਡ਼ੇ ਜਾਣਗੇ। ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਹੈਬੋਵਾਲ ਵਿਖੇ 19.50 ਕਰੋਡ਼ ਰੁਪਏ ਦੀ ਲਾਗਤ ਨਾਲ ਮਾਡਰਨ ਸਲਾਟਰ ਹਾਊਸ ਦੀ ਉਸਾਰੀ ਕੀਤੀ ਜਾਵੇਗੀ।ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਅਧੀਨ ਲੁਧਿਆਣਾ ਸ਼ਹਿਰ ਦੇ 31.00 ਕਰੋਡ਼ ਰੁਪਏ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਖਰਚੇ ਜਾਣਗੇ। ਸਮਾਰਟ ਸਿਟੀ ਮਿਸ਼ਨ ਅਧੀਨ 3.10 ਕਰੋਡ਼ ਰੁਪਏ ਦੀ ਲਾਗਤ ਨਾਲ ਸਮਾਰਟ ਟੂਆਇਲਟਸ ਉਸਾਰੇ ਗਏ ਹਨ।ਪਿੰਡ ਡਾਬਾ ਵਿਖੇ 2. 50 ਕਰੋਡ਼ ਰੁਪਏ ਦੀ ਲਾਗਤ ਨਾਲ ਸਟੇਡੀਅਮ ਦਾ ਨਿਰਮਾਣ ਕਰਵਾਇਆ ਜਾਵੇਗਾ। ਨਗਰ ਨਿਗਮ, ਲੁਧਿਆਣਾ ਦੁਆਰਾ ਤਕਰੀਬਨ 50.00 ਕਰੋਡ਼ ਰੁਪਏ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਕੰਮ ਮੁਕੰਮਲ ਕਰ ਦਿੱਤੇ ਜਾ ਚੁੱਕੇ ਹਨ ਅਤੇ 98.00 ਕਰੋਡ਼ ਰੁਪਏ ਦੇ ਕੰਮ ਅਲਾਟ ਕਰਨ ਉਪਰੰਤ ਪ੍ਰਗਤੀ ਅਧੀਨ ਹਨ।ਲੁਧਿਆਣਾ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਉਣ ਵਾਸਤੇ 84.00 ਕਰੋਡ਼ ਰੁਪਏ ਦੇ ਕੰਮਾਂ ਦੇ ਟੈਂਡਰ ਨਗਰ ਨਿਗਮ ਦੁਆਰਾ ਲਗਾਏ ਜਾ ਚੁੱਕੇ ਹਨ, ਜੋ ਕਿ ਮਿਤੀ 28 ਫਰਵਰੀ, 2019 ਤੱਕ ਕੰਮ ਅਲਾਟ ਕਰ ਦਿੱਤੇ ਜਾਣਗੇ।ਨਗਰ ਨਿਗਮ ਲੁਧਿਆਣਾ ਵੱਲੋਂ ਸ਼ਹਿਰ ਦੇ ਵੱਖ-ਵੱਖ ਆਊਟਡੋਰ ਮੀਡੀਆ ਡਿਵਾਸਿਜ਼ ਦਾ ਟੈਂਡਰ ਲਗਭਗ 27 ਕਰੋਡ਼ ਰੁਪਏ ਦਾ ਈ-ਆਕਸ਼ਨ ਵਿਧੀ ਰਾਹੀਂ ਕੰਪਨੀ ਨੂੰ ਅਲਾਟ ਕਰ ਦਿੱਤਾ ਗਿਆ ਹੈ।
ਲੁਧਿਆਣਾ ਸ਼ਹਿਰ ਵਿਚ ਵਧਦੀ ਹੋਈ ਟਰੈਫਿਕ ਅਤੇ ਪਾਰਕਿੰਗ ਦੀ ਸਮੱਸਿਆ ਨੂੰ ਹੱਲ ਕਰਨ ਲਈ ਈ-ਪਾਰਕਿੰਗ ਦਾ ਨਵਾਂ ਤਰੀਕਾ ਲਿਆਂਦਾ ਗਿਆ ਹੈ।ਇਸ ਰਾਹੀਂ ਪਾਰਕਿੰਗ ਵਿਚ ਗੱਡੀਆਂ ਪਾਰਕ ਕਰਨ ਲੱਗੇ ਈ-ਟਿਕਟਿੰਗ ਰਾਹੀਂ ਸਬੰਧਤ ਠੇਕੇਦਾਰ ਨੂੰ ਪਾਰਕਿੰਗ ਦੀ ਰਾਸ਼ੀ ਦੀ ਅਦਾਇਗੀ ਕੀਤੀ ਜਾਵੇਗੀ।ਇਸ ਨਾਲ ਓਵਰ-ਚਾਰਜਿੰਗ ਦੀ ਸਮੱਸਿਆ ਖਤਮ ਹੋ ਜਾਵੇਗੀ।ਅਮਰੂਤ ਸਕੀਮ ਅਧੀਨ ਲੁਧਿਆਣਾ ਸ਼ਹਿਰ ਵਿਚ ਵਾਟਰ ਸਪਲਾਈ ਦੀਆਂ ਲਾਈਨਾਂ ਪਾਉਣ ਅਤੇ ਨਵੇਂ ਟਿਊਬਵੈੱਲ ਲਗਾਉਣ ਸਬੰਧੀ ਪ੍ਰੋਜੈਕਟ, ਜਿਸ ਦੀ ਕੁੱਲ ਲਾਗਤ ਲਗਭਗ 40 ਕਰੋਡ਼ ਰੁਪਏ ਬਣਦੀ ਹੈ, ਤਹਿਤ 230 ਕਿਲੋਮੀਟਰ ਵਾਟਰ ਸਪਲਾਈ ਲਾਈਨ ਅਤੇ 25 ਟਿਊਬਵੈੱਲ ਲਗਾਉਣ ਦਾ ਕੰਮ ਕੀਤਾ ਗਿਆ ਹੈ।ਅਮਰੂਤ ਸਕੀਮ ਅਧੀਨ ਲੁਧਿਆਣਾ ਸ਼ਹਿਰ ਵਿਚ 16 ਨੰਬਰ ਪਾਣੀ ਦੀਆਂ ਟੈਂਕੀਆਂ ਤਕਰੀਬਨ 14 ਕਰੋਡ਼ ਰੁਪੈ ਦੀ ਲਾਗਤ ਨਾਲ ਬਣਾਉਣ ਹਿਤ ਡੀ.ਪੀ.ਆਰ ਪ੍ਰਵਾਨ ਹੋ ਚੁੱਕੀ ਹੈ ਅਤੇ ਇਸ ਕੰਮ ਦੇ ਟੈਂਡਰ ਜਲਦੀ ਹੀ ਲਗਾਇਆ ਜਾ ਰਿਹਾ ਹੈ।
ਅਮਰੂਤ ਸਕੀਮ ਅਧੀਨ ਲੁਧਿਆਣਾ ਸ਼ਹਿਰ ਵਿਚ ਤਿੰਨ ਐਸ.ਟੀ.ਪੀਜ਼ (ਜਮਾਲਪੁਰ, ਭੱਟੀਆਂ ਅਤੇ ਬੱਲੋਕੇ) ਦੀ ਰੀਹੈਬਲੀਟੇਸ਼ਨ ਦਾ ਕੰਮ ਲਗਭਗ 19.00 ਕਰੋਡ਼ ਦੀ ਲਾਗਤ ਨਾਲ, 2 ਨੰਬਰ ਈ.ਟੀ.ਪੀ ਪਲਾਟ ਡੈਅਰੀ ਕੰਪਲੈਕਸ ਤਾਜਪੁਰ ਰੋਡ ਵਿਖੇ 5 ਐਮ.ਐਲ.ਡੀ ਅਤੇ ਹੈਬੋਵਾਲ ਵਿਖੇ 10 ਐਮ.ਐਲ.ਡੀ ਕਪੈਸਟੀ ਦੇ ਲਗਭਗ 38 ਕਰੋਡ਼ ਰੁਪੈ ਦੀ ਲਾਗਤ ਨਾਲ, ਜਮਾਲਪੁਰ ਵਿਖੇ ਨਵਾਂ ਐਸ.ਟੀ.ਪੀ. 50 ਐਮਐਲਡੀ ਬਣਾਉਣ ਦਾ ਕੰਮ 55.23 ਕਰੋਡ਼ ਰੁਪਏ ਦੀ ਲਾਗਤ ਨਾਲ ਅਤੇ ਬੱਲੋਕੇ ਵਿਖੇ 50 ਐਮਐਲਡੀ ਦਾ ਨਵਾਂ ਐਸਟੀਪੀ 50.73 ਕਰੋਡ਼ ਰੁਪੈ ਦੀ ਲਾਗਤ ਨਾਲ ਬਣਾਉਣ ਹਿੱਤ ਟੈਂਡਰ ਜਲਦੀ ਹੀ ਲਗਾਏ ਜਾ ਰਹੇ ਹਨ।ਅਮਰੂਤ ਸਕੀਮ ਅਧੀਨ ਲੁਧਿਆਣਾ ਸ਼ਹਿਰ ਵਿਚ 5 ਨਵੇਂ ਪਾਰਕ ਡਿਵੈੱਲਪ ਕਰਨ ਹਿਤ ਡੀ.ਪੀ.ਆਰ ਪ੍ਰਵਾਨ ਹੋ ਚੁੱਕੀ ਹੈ, ਜਿਸ ਦੀ ਕੁੱਲ ਲਾਗਤ ਲਗਭਗ 2.47 ਕਰੋਡ਼ ਬਣਦੀ ਹੈ।ਜਿਹਨਾਂ ਵਿਚੋਂ 3 ਪਾਰਕਾਂ ਦੀ ਡਿਵੈੱਲਪਮੈਂਟ ਦੇ ਟੈਂਡਰ ਪ੍ਰਾਪਤ ਹੋ ਚੁੱਕੇ ਹਨ, ਜੋ ਕਿ ਫਾਈਨਲ ਸਟੇਜ ‘ਤੇ ਹਨ ਅਤੇ 2 ਪਾਰਕਾਂ ਦੇ ਟੈਂਡਰ ਲਗਾਏ ਜਾ ਰਹੇ ਹਨ।
ਸਮਾਰਟ ਸਿਟੀ ਅਧੀਨ ਪ੍ਰੋਜੈਕਟਾਂ ਤਹਿਤ ਪ੍ਰਗਤੀ ਅਧੀਨ ਕੰਮ
ਐੱਲ. ਈ. ਡੀ. ਲਾਈਟਸ ਪ੍ਰੋਜੈਕਟ ‘ਤੇ ਲਗਭਗ 57.78 ਕਰੋਡ਼ ਦੀ ਲਾਗਤ ਆਵੇਗੀ।ਇਸ ਨਾਲ ਸ਼ਹਿਰ ਵਿੱਚ 115000 ਸਟਰੀਟ ਲਾਈਟਾਂ ਨੂੰ ਬਦਲਿਆ ਜਾ ਰਿਹਾ ਹੈ।ਇਸ ਨਾਲ ਸ਼ਹਿਰ ਵਿਚ ਰਾਤ ਸਮੇਂ ਰੋਸ਼ਨੀ ਦੀ ਉਪਲਬਧਤਾ ਜਿਆਦਾ ਹੋਵੇਗੀ ਅਤੇ ਨਗਰ ਨਿਗਮ ਲੁਧਿਆਣਾ ਦਾ ਲਗਭਗ 60 ਫੀਸਦੀ ਬਿਜਲੀ ਦਾ ਖਰਚਾ ਘੱਟ ਜਾਵੇਗਾ।ਇਨਾਂ ਐਲ.ਈ.ਡੀ ਸਟਰੀਟ ਲਾਈਟਾਂ ਦੀ ਕੁਆਲਿਟੀ ਵੀ ਦੂਜੀਆਂ ਸਟਰੀਟ ਲਾਈਟਾਂ ਨਾਲੋਂ ਵਧੀਆ ਹੋਵੇਗੀ।
ਰੂਫ਼ ਟਾਪ ਸੋਲਰ ਪ੍ਰੋਜੈਕਟ ਤਹਿਤ ਨਗਰ. ਨਿਗਮ ਦੇ ਵੱਖ-ਵੱਖ ਦਫ਼ਤਰਾਂ ਦੀਆਂ ਛੱਤਾਂ ‘ਤੇ ਸੋਲਰ ਪੈਨਲ ਲਗਭਗ 2.64 ਕਰੋਡ਼ ਰੁਪੈ ਦੀ ਲਾਗਤ ਨਾਲ ਲਗਾਏ ਗਏ ਹਨ।ਇਸ ਨਾਲ ਨਗਰ ਨਿਗਮ ਲੁਧਿਆਣਾ ਦੇ ਬਿਜਲੀ ਦੇ ਖਰਚੇ ਵਿੱਚ 80 ਪ੍ਰਤੀਸ਼ਤ ਦੀ ਕਟੌਤੀ ਹੋਣ ਦੀ ਆਸ ਹੈ।
ਵੇ-ਫਾਈਡਿੰਗ ਸਾਈਨਿੰਗ ਪ੍ਰੋਜੈਕਟ ਉਪਰ ਲੱਗਭਗ 6.13 ਕਰੋਡ਼ ਰੁਪਏ ਦਾ ਖਰਚਾ ਆਵੇਗਾ।ਇਸ ਪ੍ਰੋਜੈਕਟ ਤਹਿਤ ਸ਼ਹਿਰ ਵਿਚ ਵੱਖ-ਵੱਖ ਸਡ਼ਕਾਂ ਤੋਂ ਦਾਖਲ ਹੋਣ ਲੱਗੇ ਅਤੇ ਸ਼ਹਿਰ ਦੇ ਮੁੱਖ ਇਲਾਕਿਆਂ ਵਿੱਚ ਰਸਤਾ ਦਰਸਾਉਂਦੇ ਸਾਈਨ ਬੋਰਡ ਲਗਾਏ ਜਾ ਰਹੇ ਹਨ।ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਦਫ਼ਤਰਾਂ, ਵਿਦਿਅਕ ਅਦਾਰਿਆਂ ਅਤੇ ਸ਼ਹਿਰ ਦੇ ਹੋਰ ਪ੍ਰਮੁੱਖ ਅਦਾਰਿਆਂ ਨੂੰ ਦਰਸਾਉਂਦੇ ਸਾਈਨ ਬੋਰਡ ਲਗਾਏ ਜਾ ਰਹੇ ਹਨ।
ਇੰਟੈਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ ਪ੍ਰੋਜੈਕਟ ਤਹਿਤ 35 ਲੱਖ ਰੁਪੈ ਦੀ ਲਾਗਤ ਨਾਲ ਸੈਂਟਰ ਦੀ ਬਿਲਡਿੰਗ ਦਾ ਨਿਰਮਾਣ ਕੀਤਾ ਗਿਆ ਹੈ।ਇਸ ਤੋਂ ਇਲਾਵਾ ਇਸ ਪ੍ਰੋਜੈਕਟ ਵਿਚ 60 ਕਰੋਡ਼ ਰੁਪੈ ਦੀ ਲਾਗਤ ਨਾਲ ‘ਇੰਟੈਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ’ ਸਥਾਪਿਤ ਕੀਤਾ ਜਾਵੇਗਾ, ਜਿਸ ਅਧੀਨ ਨਗਰ ਨਿਗਮ ਵਲੋਂ ਵੱਖ-ਵੱਖ ਸੇਵਾਵਾਂ ਸਬੰਧੀ ਓਪਰੇਸ਼ਨ ਅਤੇ ਕੰਟਰੋਲ ਕਰਨ ਦਾ ਪ੍ਰਬੰਧ ਹੋਵੇਗਾ।ਇਸ ਤਰਾਂ ਨਗਰ ਨਿਗਮ ਦੇ ਕੰਮ-ਕਾਜ ਵਿੱਚ ਕਈ ਗੁਣਾ ਸੁਧਾਰ ਆਵੇਗਾ।
ਰੈਟਰੋਫਿਟ ਆਫ਼ ਸਰਾਭਾ ਨਗਰ ਐਂਡ ਮਲਹਾਰ ਰੋਡ ਪ੍ਰੋਜੈਕਟ ‘ਤੇ ਲਗਭਗ 38.63 ਕਰੋਡ਼ ਰੁਪਏ ਦੀ ਲਾਗਤ ਆਵੇਗੀ।ਇਸ ਨਾਲ ਆਮ ਜਨਤਾ ਨੂੰ ਮੁੱਢਲੀਆਂ ਸਹੂਲਤਾਂ, ਜਿਵੇਂਕਿ ਪਾਰਕਿੰਗ, ਗਰੀਨ ਏਰੀਆ, ਅੰਡਰਗਰਾਂਊਂਡਿੰਗ ਆਫ਼ ਓਵਰਹੈੱਡ ਯੂਟੀਲਿਟੀਜ਼, ਪੈਦਲ ਰਾਹਗੀਰਾਂ ਲਈ ਫਰੀ ਜ਼ੋਨ, ਆਦਿ ਪ੍ਰਾਪਤ ਹੋਣਗੀਆਂ।ਇਸ ਤੋਂ ਇਲਾਵਾ ਸ਼ਹਿਰ ਦੀ ਦਿੱਖ ਵਿਚ ਵੀ ਸੁਧਾਰ ਹੋਵੇਗਾ।
ਸਮਾਰਟ ਕਲਾਸ ਰੂਮ ਪ੍ਰੋਜੈਕਟ ਦੇ ਤਹਿਤ 6.28 ਕਰੋਡ਼ ਰੁਪੈ ਦੀ ਰਾਸ਼ੀ ਨੂੰ ਸਿੱਖਿਆ ਵਿਭਾਗ ਰਾਹੀਂ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਲਈ ਵਰਤਿਆ ਜਾਵੇਗਾ।
ਪ੍ਰੀ-ਫੈਬਰੀਕੇਟਿਡ ਸਟੇਨਲੈੱਸ ਟਾਇਲਟਸ ਪ੍ਰੋਜੈਕਟ ਤਹਿਤ ਲਗਭਗ 3.10 ਕਰੋਡ਼ ਰੁਪੈ ਦੀ ਲਾਗਤ ਨਾਲ 15 ਨੰਬਰ ਸਟੇਨਲੈੱਸ ਸਟੀਲ ਟੁਆਇਲਿਟ ਲਗਾਏ ਜਾ ਰਹੇ ਹਨ।ਇਸ ਪ੍ਰੋਜੈਕਟ ਅਧੀਨ ਸ਼ਹਿਰ ਦੀ ਸਵੱਛਤਾ ਅਤੇ ਸਵੱਛ ਭਾਰਤ ਮਿਸ਼ਨ ਦਾ ਟੀਚਾ ਪ੍ਰਾਪਤ ਕਰਨ ਵਿਚ ਕਾਫੀ ਸੁਧਾਰ ਹੋਵੇਗਾ।
ਸਮਾਰਟ ਸਿਟੀ ਅਧੀਨ ਪ੍ਰੋਜੈਕਟਸ ਜਿਨਾਂ ਦੇ ਟੈਂਡਰ ਪ੍ਰਗਤੀ ਅਧੀਨ ਹਨ
39.30 ਕਰੋਡ਼ ਰੁਪਏ ਦੀ ਲਾਗਤ ਨਾਲ ਮੌਜੂਦਾ ਸੀਵਰੇਜ਼ ਸਿਸਟਮ ਦੀ ਅਪਗ੍ਰੇਡੇਸ਼ਨ ਕਰਕੇ ਪੁਰਾਣੇ ਸੀਵਰ ਦਾ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾਵੇਗਾ।
ਸਟੌਰਮ ਵਾਟਰ ਡਰੇਨੇਜ਼ ਸਿਸਟਮ ਦੀ ਅਪਗ੍ਰੇਡੇਸ਼ਨ ਪ੍ਰੋਜੈਕਟ ‘ਤੇ ਲਗਭਗ 22.59 ਕਰੋਡ਼ ਰੁਪਏ ਦਾ ਖਰਚਾ ਆਵੇਗਾ। ਇਸ ਪ੍ਰੋਜੈਕਟ ਰਾਹੀਂ ਸ਼ਹਿਰ ਵਿਚ ਵਾਟਰ ਲੋਗਿੰਗ ਦੀ ਸਮੱਸਿਆ ਨੂੰ ਨਜਿੱਠਣ ਵਾਸਤੇ ਸਟੋਰਮ ਵਾਟਰ ਡਰੇਨੇਜ ਸਿਸਟਮ ਪਾਉਣ ਦਾ ਉਪਬੰਧ ਕੀਤਾ ਗਿਆ ਹੈ।
ਸਮਾਰਟ ਸਿਟੀ ਅਧੀਨ ਜੋ ਪ੍ਰੋਜੈਕਟਾਂ ਦੇ ਟੈਂਡਰ ਕਾਲ ਕਰਨ ਦੀ ਕਾਰਵਾਈ ਚੱਲ ਰਹੀ ਹੈ
ਪੱਖੋਵਾਲ ਰੋਡ ਵਿਖੇ ਰੇਲਵੇ ਓਵਰਬ੍ਰਿਜ ਦੀ ਉਸਾਰੀ ਕੀਤੀ ਜਾਵੇਗੀ ਜਿਸ ‘ਤੇ ਲਗਭਗ 73.00 ਕਰੋਡ਼ ਰੁਪੈ ਦਾ ਖਰਚਾ ਆਵੇਗਾ।ਇਸ ਪ੍ਰੋਜੈਕਟ ਤਹਿਤ ਸ਼ਹਿਰ ਦੇ ਅੰਦਰੂਨੀ ਇਲਾਕੇ ਵਿਚ ਆਵਾਜਾਈ ਦੀ ਸਮੱਸਿਆ ਤੋਂ ਭਾਰੀ ਰਾਹਤ ਮਿਲੇਗੀ।
ਕਾਰਕਸ ਯੂਟੀਲਾਈਜੇਸ਼ਨ ਪਲਾਂਟ ਪ੍ਰੋਜੈਕਟ ‘ਤੇ ਤਕਰੀਬਨ 7.99 ਕਰੋਡ਼ ਰੁਪੈ ਦਾ ਖਰਚਾ ਆਵੇਗਾ।ਇਸ ਪ੍ਰੋਜੈਕਟ ਰਾਹੀਂ ਮਰੇ ਹੋਏ ਜਾਨਵਰਾਂ ਤੋਂ ਫੈਲੀ ਗੰਦਗੀ/ਦੂਸ਼ਿਤ ਹਵਾ ਤੋਂ ਨਿਜ਼ਾਤ ਮਿਲੇਗੀ ਅਤੇ ਸੈਨੀਟੇਸ਼ਨ ਵਿਚ ਸੁਧਾਰ ਕੀਤਾ ਜਾਵੇਗਾ।
ਘੁਮਾਰ ਮੰਡੀ ਦੀ ਮੁਕੰਮਲ ਕਾਇਆ ਕਲਪ ਕਰਨ ਲਈ ਪ੍ਰੋਜੈਕਟ ‘ਤੇ ਤਕਰੀਬਨ 23.25 ਕਰੋਡ਼ ਰੁਪੈ ਦਾ ਖਰਚਾ ਆਵੇਗਾ। ਇਸ ਪ੍ਰੋਜੈਕਟ ਤਹਿਤ ਘੁਮਾਰ ਮੰਡੀ ਏਰੀਏ ਵਿਚ ਟਰੈਫਿਕ ਸਬੰਧੀ ਆ ਰਹੀ ਮੁਸ਼ਕਿਲਾਂ ਤੋਂ ਨਿਜ਼ਾਤ ਮਿਲੇਗੀ ਅਤੇ ਇਸ ਸਾਰੀ ਮਾਰਕਿਟ ਨੂੰ ਪੈਦਲ ਯਾਤਰੀਆਂ ਅਤੇ ਸਾਈਕਲ ਫਰੈਂਡਲੀ ਬਣਾਉਣ ਦਾ ਉਪਬੰਧ ਕੀਤਾ ਗਿਆ ਹੈ।ਇਸ ਤੋਂ ਇਲਾਵਾ ਘੁਮਾਰ ਮੰਡੀ ਦੀ ਅੰਡਰਗਰਾਂਊਡ ਪਾਰਕਿੰਗ ਪ੍ਰੋਜੈਕਟ ‘ਤੇ ਤਕਰੀਬਨ 31.67 ਕਰੋਡ਼ ਰੁਪੈ ਦਾ ਖਰਚਾ ਆਵੇਗਾ।
2.78 ਕਰੋਡ਼ ਰੁਪੈ ਦੀ ਲਾਗਤ ਨਾਲ ਬਾਗਬਾਨੀ ਨਾਲ ਸਬੰਧਤ ਕੁਦਰਤੀ ਵੇਸਟ ਨੂੰ ਰੀਸਾਈਕਲ ਕਰਨ ਵਿਚ ਸਹਾਇਤਾ ਮਿਲੇਗੀ।
ਸ਼ਹਿਰ ਦੀ ਸਾਹਰਗ ਸਿੱਧਵਾਂ ਨਹਿਰ ਦੇ ਸੁੰਦਰੀਕਰਨ ਪ੍ਰੋਜੈਕਟ ‘ਤੇ ਤਕਰੀਬਨ 3.77 ਕਰੋਡ਼ ਰੁਪੈ ਦਾ ਖਰਚਾ ਆਵੇਗਾ।ਇਸ ਪ੍ਰੋਜੈਕਟ ਅਧੀਨ ਸਿੱਧਵਾਂ ਨਹਿਰ ਦੇ ਨਾਲ ਲੱਗਦੀ ਖਾਲੀ ਜਗਾ ਨੂੰ ਆਮ ਜਨਤਾ ਲਈ ਸੈਰਗਾਹ ਅਤੇ ਹੋਰ ਗਤੀਵਿਧੀਆਂ ਲਈ ਵਰਤੋਂ ਵਿਚ ਲਿਆਂਦਾ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੱਤਾ ਵਿੱਚ ਆਈ ਹੈ, ਉਦੋਂ ਤੋਂ ਹੀ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਉਨਾਂ ਦੇ ਵਿਭਾਗ ਵੱਲੋਂ ਇਸ ਦਿਸ਼ਾ ਵਿੱਚ ਉਠਾਏ ਗਏ ਹਾਂ-ਪੱਖੀ ਕਦਮਾਂ ਦੀ ਬਦੌਲਤ ਨਗਰ ਨਿਗਮ ਲੁਧਿਆਣਾ ਸਮੇਤ ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਹੋਰ ਸਥਾਨਕ ਇਕਾਈਆਂ ਦੀ ਇਨਕਮ ਵਿੱਚ ਵਾਧਾ ਦਰਜ ਕਰਨ ਦਾ ਟੀਚਾ ਹੈ।
ਪੁਲਵਾਮਾ ਖੇਤਰ ਵਿੱਚ ਅੱਤਵਾਦੀ ਸੰਗਠਨ ਵੱਲੋਂ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਸਿੱਧੂ ਨੇ ਕਿਹਾ ਕਿ ਇਹ ਕਾਰਾ ਉਨਾਂ ਮੁੱਠੀ ਭਰ ਲੋਕਾਂ ਵੱਲੋਂ ਕੀਤਾ ਗਿਆ ਹੈ, ਜੋ ਕਿ ਦੋਵੇਂ ਦੇਸ਼ਾਂ ਵਿੱਚ ਆਪਸੀ ਦੋਸਤੀ ਅਤੇ ਅਮਨ ਨੂੰ ਪਸੰਦ ਨਹੀਂ ਕਰਦੇ। ਅੱਤਵਾਦੀਆਂ ਦਾ ਕੋਈ ਧਰਮ, ਮਜ਼ਹਬ ਅਤੇ ਦੇਸ਼ ਨਹੀਂ ਹੁੰਦਾ। ਉਨਾਂ ਸਪੱਸ਼ਟ ਕੀਤਾ ਕਿ ਕੁਝ ਕੁ ਲੋਕਾਂ ਦੀਆਂ ਅਸ਼ਾਂਤੀ ਵਾਲੀਆਂ ਸਰਗਰਮੀਆਂ ਕਾਰਨ ਦੋਵਾਂ ਦੇਸ਼ਾਂ ਦਾ ਵਿਕਾਸ ਰੋਕਿਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਅਜਿਹੇ ਅੱਤਵਾਦੀ ਸੰਗਠਨਾਂ ਅਤੇ ਅੱਤਵਾਦੀਆਂ ਨੂੰ ਹਰ ਹੀਲੇ ਕੁਚਲਣਾ ਚਾਹੀਦਾ ਹੈ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਉਨਾਂ ਵੱਲੋਂ ਭਾਰਤ ਦੇਸ਼ ਨੂੰ ਹਮੇਸ਼ਾਂ ਪ੍ਰਮੁੱਖਤਾ ਦਿੱਤੀ ਜਾਂਦੀ ਰਹੇਗੀ। ਇਸ ਮੌਕੇ ਸਮੂਹ ਹਾਜ਼ਰੀਨ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਵੀ ਧਾਰਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਕੇਸ਼ ਪਾਂਡੇ, ਸੁਰਿੰਦਰ ਡਾਬਰ, ਸੰਜੀਵ ਤਲਵਾਡ਼ (ਤਿੰਨੇ ਵਿਧਾਇਕ), ਜ਼ਿਲਾ ਕਾਂਗਰਸ (ਸ਼ਹਿਰੀ) ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ, ਨਗਰ ਨਿਗਮ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾਡ਼, ਗਲਾਡਾ ਦੇ ਮੁੱਖ ਪ੍ਰਸਾਸ਼ਕ ਪਰਮਿੰਦਰ ਸਿੰਘ ਗਿੱਲ, ਵਿਭਾਗ ਦੇ ਡਾਇਰੈਕਟਰ ਕਰੁਨੇਸ਼ ਸ਼ਰਮਾ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਜਸ਼ਨ ਕੌਰ ਗਿੱਲ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਮੇਅਰ ਸਰਬਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਕੌਂਸਲਰ ਅਤੇ ਸ਼ਹਿਰਵਾਸੀ ਹਾਜ਼ਰ ਸਨ।