![]()

ਰੋਸ਼ਨੀ ਮੇਲਾ “ ਦੀਵਾਨਾ ”, ਸੁਰਪ੍ਰੀਤ, ਦਿਆਲਪੁਰੀ ਤੇ ਭਿੰਡਰ ਨੇ ਲੁੱਟਿਆ
ਲੁਧਿਆਣਾ 04 ਮਾਰਚ ( ਸਤ ਪਾਲ ਸੋਨੀ ) : ਸਾਂਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਨਡੇਸ਼ਨ ਵੱਲੋਂ ਪੁਰਾਤਨ ਜਗਰਾਵਾਂ ਦੀ ਰੋਸ਼ਨੀ ਤੇ ਨੌਵਾਂ ਸੱਭਿਆਚਾਰਕ ਮੇਲਾ ਪੰਜਾਬੀ ਗਾਇਕਾਂ ਤੋਂ ਇਲਾਵਾ ਪੁਰਾਤਨ ਵਿਰਸੇ ਨਾਲ ਜੁੜੇ ਮਾਲਵੇ ਦੀਆਂ ਬੋਲੀਆਂ ਗਾ ਕੇ ਅਤੇ ਸੁਰੰਗੀ, ਢੱਡ, ਚਿਮਟਾ, ਕਾਟੋ ਆਦਿ ਸਾਜ ਵਜਾ ਕੇ ਮੇਲੇ ਦਾ ਵਿਰਸਾ ਪਰੋਸਣ ਵਾਲੀ ਮੰਡਲੀ ਨੇ ਐਸਾ ਪਿੜ ਬੰਨਿਆਂ ਕਿ ਸਰੋਤੇ ਝੂੰਮਣ ਲਾ ਦਿੱਤੇ।ਮੇਲੇ ਦਾ ਰਸਮੀ ਉਦਘਾਟਨ ਐਮ.ਐਲ.ਏ ਜਗਰਾਉਂ ਸਰਵਜੀਤ ਕੌਰ ਮਾਣੂਕੇ ਤੇ ਐਮ.ਐਲ.ਏ ਨਿਹਾਲ ਸਿੰਘ ਵਾਲਾ, ਮਨਜੀਤ ਸਿੰਘ ਨੇ ਕੀਤਾ । ਸਟੇਜ ਦਾ ਸੰਚਾਲਨ ਕਰ ਰਹੇ ਕੰਵਲਜੀਤ ਸਿੰਘ ਨੇ ਸਟੇਜ ਤੇ ਸੱਦਾ ਦਿੱਤਾ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਨਡੇਸ਼ਨ ਦੇ ਕਲਚਰ ਵਿੰਗ ਦੇ ਚੇਅਰਮੈਨ ਰਵਿੰਦਰ ਸਿੰਘ ਦੀਵਾਨਾ ਅਤੇ ਬੀਬੀ ਜਸਬੀਰ ਕੌਰ ਭਿੰਡਰ ਨੂੰ । ਦੀਵਾਨਾ ਨੇ ਫੁਰਮਾਇਸ਼ ਤੇ ਪੰਜਾਬ ਦੇ ਬਹਾਦੁਰ ਜਰਨੈਲ ਸ.ਹਰੀ ਸਿੰਘ ਨਲੂਆ ਦੀ ਵਾਰ ਬੁਲੰਦ ਅਵਾਜ਼ ਵਿੱਚ ਗਾ ਕੇ ਸਰੋਤਿਆ ‘ਚ ਜੋਸ਼ ਭਰ ਦਿੱਤਾ ਤੇ ਫਿਰ ਬੀਬੀ ਜਸਬੀਰ ਕੌਰ ਭਿੰਡਰ ਨੇ ਇੱਕ ਲੋਕ ਤੱਥ ਦੀ ਵਰਾਇਟੀ ਪੇਸ਼ ਕੀਤੀ। ਉਸ ਤੋਂ ਬਾਅਦ ਹਰਭਜਨ ਸਿੰਘ ਬਰਾੜ ਵੱਲੋਂ ਦੁਗਾਣਿਆਂ ਦੀ ਫਰਮਾਇਸ਼ ਤੇ “ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਲੈ ਜਾ ਛੱਲੀਆਂ ਭਨਾ ਲਈਂ ਦਾਣੇ ਵੇ ਮਿੱਤਰਾ ਦੂਰ ਦਿਆ”। “ਪਿੱਛੇ ਪਿੱਛੇ ਆਉਂਦਾ ਮੇਰੀ ਪੈੜ ਵੇਹੰਦਾ ਆਈਂ, ਚੀਰੇ ਵਾਲਿਆ ਟੋਲਕੇ ਲਿਆਈਂ ਵੇਂ ਮੇਰਾ ਲੋਂਗ ਗਵਾਚਾ ਨਿਗਾਹ ਮਾਰਦਾ ਆਈਂ ਵੇਂ” ਤੇ ਫਿਰ ਸਿੰਗਲ ਗੀਤ ਵਾਰ” “ਹਰੀ ਸਿੰਘ ਨਲੂਆ, ਮੈਂ ਚਾਦਰ ਕੱਢਦੀ ਨੀਂ ਗਿਣ ਤੋਪੇ ਪਾਵਾਂ” ਆਦਿ ਦਰਜਨ ਤੋਂ ਉਪਰ ਗੀਤ ਬੁਲੰਦ ਅਵਾਜ਼ ਵਿੱਚ ਗਾ ਕੇ ਮੇਲੇ ਨੂੰ ਸਿਖਰ ਤੇ ਲੈ ਆਂਦਾ। ਤੇ ਫਿਰ ਵਾਰੀ ਆਈ ਐਮ.ਐਚ.ਵੰਨ ਚੈਨਲ ਦੇ “ ਕਰਮਯੁੱਧ ” ਦੇ ਵਿਜੇਤਾ ਕਲਾਕਾਰ ਸੁਰਪ੍ਰੀਤ ਸੰਨੀ ਦੀ ਜਿਸ ਨੇ ਆਪਣੇ ਚਰਚਿੱਤ ਗੀਤਾਂ ਨੂੰ ਸੁਰੀਲੀ ਅਤੇ ਸੋਜ਼ ਭਰੀ ਆਵਾਜ਼ ਵਿੱਚ ਗਾ ਕੇ ਸਰੋਤਿਆਂ ਤੋਂ ਭਰਪੂਰ ਦਾਦ ਲਈ। ਮੇਲਿਆਂ ਦਾ ਬਾਦਸ਼ਾਹ ਕਹਾਉਣ ਵਾਲੇ ਕਲਾਕਾਰ ਦਲਵਿੰਦਰ ਦਿਆਲਪੁਰੀ ਨੇ “ਕਰਵਾਦੇ ਰੱਬਾ ਮੇਲ ਕਿਤੇ ਦਿੱਲੀ ਤੇ ਲਾਹੌਰ ਦਾ” ਤੋਂ ਸ਼ੁਰੂ ਕਰਕੇ “ਗੋਲੀ ਇੱਧਰ ਚੱਲੇ ਜਾਂ ਉੱਧਰ ਮਰਨੇ ਪੁੱਤ ਪੰਜਾਬੀ ਐ” ਤੇ ਹੋਰ ਮਿਆਰੀ ਤੇ ਸੁੱਥਰੇ ਗੀਤ ਗਾ ਕੇ ਆਪਣੀ ਹਾਜ਼ਰੀ ਲਵਾ ਕੇ ਦਰਸ਼ਕਾਂ ਤੇ ਸਰੋਤਿਆਂ ਦਾ ਦਿੱਲ ਜਿੱਤ ਲਿਆ। ਮਨਦੀਪ ਕੌਰ ਮਨੂ ਨੇ ਬੈਠ ਕੇ ਸੂਫੀਆਨਾ ਅੰਦਾਜ ਵਿੱਚ ਗੀਤ ਪੇਸ਼ ਕਰਕੇ ਸਰੋਤਿਆਂ ਤੇ ਗਹਿਰਾ ਅਸਰ ਪਾਇਆ । ਮੇਲੇ ਵਿੱਚ ਹਰਭਜਨ ਸਿੰਘ ਬਰਾੜ ਕੌਮੀ ਪ੍ਰਧਾਨ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਉਂਡੇਸ਼ਨ, ਮੇਲਾ ਇੰਚਾਰਜ ਤੇ ਪਟਵਾਰੀ ਸਤਿਨਾਮ ਸਿੰਘ, ਰਣਜੀਤ ਸਿੰਘ ਕੰਡਾ, ਡਾ. ਸਾਧੂ ਸਿੰਘ, ਨਿੰਦਰ ਸਿੰਘ ਕਨੇਡਾ ਤੇ ਹੋਰ ਦਰਜਨਾਂ ਮਹਿਮਾਨਾਂ ਨੇ ਕਲਾਕਾਰਾਂ ਦਾ ਦਿੱਲ ਖੋਹਲ ਕੇ ਮਾਣ ਸਨਮਾਨ ਕੀਤਾ ਤੇ ਮੇਲਾ ਕਮੇਟੀ ਨੇ ਕਲਾਕਾਰਾਂ ਦਾ ਮੁਮੈਂਟੋ ਦੇ ਕੇ ਮਾਣ ਕੀਤਾ ਇਹ ਇਤਿਹਾਸਕ ਮੇਲਾ ਅਗਲੇ ਸਾਲ ਦਾ ਸੱਦਾ ਦਿੰਦਾ ਹੋਇਆ ਪੀਰ ਬਾਬਾ ਮੋਹਕਮਦੀਨ ਜੀ ਦੀ ਯਾਦ ਵਿੱਚ ਸਿਰ ਝੁਕਾਉਂਦਾ ਹੋਇਆ ਅਲਵਿਦਾ ਕਹਿ ਕੇ ਸਮਾਪਤ ਹੋਇਆ।