![]()

ਦੂਜੇ ਦਿਨ ਕਬੱਡੀ ਦੇ ਮੁਕਾਬਲੇ ਵੀ ਹੋਣਗੇ-ਰਾਜ ਖਾਨ
ਰਾਏਕੋਟ, 2ਦਸੰਬਰ( ਸਤ ਪਾਲ ਸੋਨੀ ) :ਸ਼ਹੀਦਾਂ ਅਤੇ ਫੌਜੀਆਂ ਦੇ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਨੱਥੋਵਾਲ ਵਿਖੇ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ ਅੱਜ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ। ਇਹ ਟੂਰਨਾਮੈਂਟ 4 ਦਸੰਬਰ ਤੱਕ ਚੱਲੇਗਾ। ਜਿਸ ਵਿੱਚ ਪੰਜਾਬ ਦੀਆਂ 32 ਤੋਂ ਨਾਮੀਂ ਟੀਮਾਂ ਭਾਗ ਲੈ ਰਹੀਆਂ ਹਨ। ਇਸ ਤੋਂ ਇਲਾਵਾ 3 ਦਸੰਬਰ ਨੂੰ ਕਬੱਡੀ 65 ਕਿਲੋ ਅਤੇ 75 ਕਿਲੋ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਰਾਜ ਖਾਨ ਨੇ ਦੱਸਿਆ ਕਿ ਸ਼ਹੀਦ ਕੁਲਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿੱਚ ਸ਼ੁਰੂ ਹੋਏ ਇਸ ਟੂਰਨਾਮੈਂਟ ਦਾ ਅੱਜ ਪਹਿਲੇ ਦਿਨ ਉਦਘਾਟਨ ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਨੇ ਕੀਤਾ। ਇਸ ਟੂਰਨਾਮੈਂਟ ਵਿੱਚ ਹਾਕੀ ਪਿੰਡ ਵਾਰ ਮੁਕਾਬਲੇ ਕਰਵਾਏ ਜਾ ਰਹੇ ਹਨ। ਟੂਰਨਾਮੈਂਟ ਵਿੱਚ ਜੇਤੂ ਰਹਿਣ ਵਾਲੀ ਟੀਮ ਨੂੰ 25 ਹਜ਼ਾਰ ਰੁਪਏ ਅਤੇ ਉੱਪ ਜੇਤੂ ਟੀਮ ਨੂੰ 18 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਕਬੱਡੀ 65 ਕਿਲੋ ਵਿੱਚ ਪਹਿਲਾਂ ਇਨਾਮ 15 ਹਜ਼ਾਰ ਅਤੇ ਦੂਜਾ 10 ਹਜ਼ਾਰ ਰੁਪਏ, ਇਸੇ ਤਰਾਂ ਕਬੱਡੀ 75 ਕਿਲੋ ਵਿੱਚ ਪਹਿਲਾ ਇਨਾਮ 25 ਹਜ਼ਾਰ ਰੁਪਏ ਅਤੇ ਦੂਜਾ ਇਨਾਮ 20 ਹਜ਼ਾਰ ਰੁਪਏ ਹੋਵੇਗਾ।
ਟੂਰਨਾਮੈਂਟ ਦਾ ਪਹਿਲਾ ਇਨਾਮ ਕਾਕਾ ਅਵਨਿੰਦਰ ਸਿੰਘ ਬੁੱਟਰ ਕੈਨੇਡਾ ਦੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ। ਜਦਕਿ ਦੂਜਾ ਇਨਾਮ ਗੁਰਮੀਤ ਸਿੰਘ ਹਠੂਰ ਕੈਨੇਡਾ ਅਤੇ ਸੁਖਦੀਪ ਸਿੰਘ ਹਠੂਰ ਕੈਨੇਡਾ ਦੇ ਪਰਿਵਾਰਾਂ ਵੱਲੋਂ ਸਾਂਝੇ ਤੌਰ ‘ਤੇ ਦਿੱਤਾ ਜਾਵੇਗਾ। ਟੂਰਨਾਮੈਂਟ ਦੌਰਾਨ ਵਰਤਾਏ ਜਾਣ ਵਾਲੇ ਲੰਗਰ ਦੀ ਸੇਵਾ ਗੁਰਪ੍ਰੀਤ ਸਿੰਘ ਬੁੱਟਰ ਅਮਰੀਕਾ ਦੇ ਪਰਿਵਾਰ ਵੱਲੋਂ ਲਈ ਗਈ ਹੈ। ਇਨਾਮਾਂ ਦੀ ਵੰਡ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਦੇ ਓ. ਐੱਸ. ਡੀ. ਡਾ. ਅਮਰ ਸਿੰਘ ਬੋਪਾਰਾਏ ਵੱਲੋਂ ਕੀਤੀ ਜਾਵੇਗੀ।
ਰਾਜ ਖਾਨ ਨੇ ਦੱਸਿਆ ਕਿ ਇਸ ਟੂਰਨਾਮੈਂਟ ਨੂੰ ਕਰਾਉਣ ਦਾ ਮਕਸਦ ਰਾਸ਼ਟਰੀ ਖੇਡ ਹਾਕੀ ਨੂੰ ਮੁੜ ਸੁਰਜੀਤ ਕਰਨਾ ਹੈ। ਅੱਜ ਪਹਿਲੇ ਦਿਨ ਹੋਏ ਮੁਕਾਬਲਿਆਂ ਵਿੱਚ ਪਿੰਡ ਛੀਨੀਵਾਲ, ਛੱਜਾਵਾਲ, ਜੱਸੋਵਾਲ, ਘੋਲੀਆ, ਅਕਾਲਗੜ•, ਢੋਲਣ, ਰੂੰਮੀ, ਐਤੀਆਣਾ, ਹਾਂਸ ਕਲਾਂ, ਮਲਕ ਅਤੇ ਲੋਪੋਂ ਦੀਆਂ ਟੀਮਾਂ ਨੇ ਆਪਣੇ ਆਪਣੇ ਮੈਚ ਜਿੱਤ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ। ਇਸ ਮੌਕੇ ਕੋਚ ਬਲਦੇਵ ਸਿੰਘ, ਮਨਪ੍ਰੀਤ ਸਿੰਘ ਬੁੱਟਰ, ਜਗਪ੍ਰੀਤ ਸਿੰਘ ਬੁੱਟਰ, ਜਗਦੀਪ ਸਿੰਘ, ਮਨਦੀਪ ਸਿੰਘ, ਰਾਜਿੰਦਰ ਸਿੰਘ ਰਾਜੂ, ਭਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ।