ਪਲਾਸਟਿਕ ਫੈਕਟਰੀ ਘਟਨਾ, ਮਾਰੇ ਗਏ ਫਾਇਰ ਕਰਮੀਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ

Loading

ਪੀਡ਼ਤ ਪਰਿਵਾਰਾਂ ਨਾਲ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਚੱਟਾਨ ਦੀ ਤਰਾਂ  ਖਡ਼ੀ-ਬਿੱਟੂ
ਲੁਧਿਆਣਾ, 20 ਜਨਵਰੀ  ( ਸਤ ਪਾਲ ਸੋਨੀ ) :  ਲੰਘੇ ਮਹੀਨੇ ਸ਼ਹਿਰ ਵਿੱਚ ਸਥਿਤ ਪਲਾਸਟਿਕ ਫੈਕਟਰੀ ਨੂੰ ਅੱਗ ਲੱਗਣ ਦੀ ਘਟਨਾ ਕਾਰਨ ਮਾਰੇ ਗਏ ਫਾਇਰ ਕਰਮੀਆਂ ਦੇ ਪਿੱਛੇ ਰਹਿੰਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਅਤੇ ਨਗਰ ਨਿਗਮ ਲੁਧਿਆਣਾ ਵੱਲੋਂ ਸਾਂਝੇ ਤੌਰ ‘ਤੇ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਅੱਜ ਸਪੁਰਦ ਕੀਤੇ ਗਏ। ਇਨਾਂ  ਚੈੱਕਾਂ ਨੂੰ ਵੰਡਣ ਦੀ ਰਸਮ ਮੈਂਬਰ ਲੋਕ ਸਭਾ ਸ੍ਰ. ਰਵਨੀਤ ਸਿੰਘ ਬਿੱਟੂ ਨੇ ਨਿਭਾਈ। ਇਸ ਤੋਂ ਇਲਾਵਾ ਮਾਰੇ ਗਏ ਫਾਇਰ ਕਰਮੀਆਂ ਦੇ ਵਿਭਾਗ ਵੱਲ ਬਕਾਇਆ ਪਏ ਫੰਡਾਂ ਦੀ ਵੀ ਅਦਾਇਗੀ ਵੀ ਨਾਲ ਹੀ ਕਰ ਦਿੱਤੀ ਗਈ।
ਇਸ ਮੌਕੇ ਪੀਡ਼ਤ ਪਰਿਵਾਰਾਂ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੇ ਬਹਾਦਰ ਫਾਇਰ ਕਰਮੀਆਂ ਦੀ ਇਸ ਕੁਰਬਾਨੀ ਨੂੰ ਪੂਰਾ ਸ਼ਹਿਰ ਚਿਰਾਂ ਤੱਕ ਯਾਦ ਰੱਖੇਗਾ। ਇਨਾਂ  ਬਹਾਦਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਕਈ ਬੇਸ਼ਕੀਮਤੀ ਜਾਨਾਂ ਦਾ ਬਚਾਅ ਕਰਨ ਦੇ ਨਾਲ-ਨਾਲ ਵੱਡਾ ਮਾਲੀ ਨੁਕਸਾਨ ਹੋਣ ਤੋਂ ਵੀ ਬਚਾਅ ਲਿਆ। ਉਨਾਂ  ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਇਸ ਦੁੱਖ ਦੀ ਘਡ਼ੀ ਵਿੱਚ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਉਨਾਂ  ਨਾਲ ਚੱਟਾਨ ਦੀ ਤਰਾਂ ਖਡ਼ੀ ਹੈ।
ਇਸ ਮੌਕੇ ਉਨਾਂ  ਫਾਇਰ ਕਰਮੀਆਂ ਸਵਰਗੀ ਸਮਾਉਨ ਗਿੱਲ, ਰਾਜਿੰਦਰ ਸ਼ਰਮਾ, ਰਾਜ ਕੁਮਾਰ, ਪੂਰਨ ਸਿੰਘ, ਰਾਜਨ ਅਤੇ ਵਿਸ਼ਾਲ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇ ਚੈੱਕ ਅਤੇ ਉਨਾਂ ਦੇ ਨੌਕਰੀ ਦੌਰਾਨ ਵਿਭਾਗ ਵੱਲ ਜਮਾ ਹੋਈ ਰਾਸ਼ੀ ਫੰਡ ਦੇ ਚੈੱਕ ਸਪੁਰਦ ਕੀਤੇ। 10-10 ਲੱਖ ਰੁਪਏ ਦੀ ਰਾਸ਼ੀ ਵਿੱਚ 5-5 ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਜਦਕਿ ਬਾਕੀ 5-5 ਲੱਖ ਰੁਪਏ ਨਗਰ ਨਿਗਮ ਲੁਧਿਆਣਾ ਵੱਲੋਂ ਪਾਏ ਗਏ ਹਨ। ਇਸ ਤੋਂ ਇਲਾਵਾ ਨਗਰ ਨਿਗਮ ਅਧਿਕਾਰੀਆਂ/ਕਰਮੀਆਂ ਨੇ ਆਪਣੀ ਇੱਕ ਦਿਨ ਦੀ ਤਨਖ਼ਾਹ ਵੀ ਪੀਡ਼ਤ ਪਰਿਵਾਰਾਂ ਨੂੰ ਦੇਣ ਦਾ ਫੈਸਲਾ ਕੀਤਾ ਸੀ, ਜੋ ਵੀ ਅਗਲੇ ਕੁਝ ਦਿਨਾਂ ਵਿੱਚ ਦੇ ਦਿੱਤੀ ਜਾਵੇਗੀ।
ਸ੍ਰ. ਬਿੱਟੂ ਨੇ ਕਿਹਾ ਕਿ ਇਸ ਘਟਨਾ ਵਿੱਚ ਫਾਇਰ ਵਿਭਾਗ ਦੇ 9 ਮੁਲਾਜ਼ਮਾਂ ਦੀ ਮੌਤ ਹੋਈ ਸੀ, ਜਿਨਾਂ  ਵਿੱਚੋਂ ਉਪਰੋਕਤ 6 ਦੀਆਂ ਲਾਸ਼ਾਂ ਤਾਂ ਮਿਲ ਗਈਆਂ ਸਨ, ਜਦਕਿ ਬਾਕੀ ਤਿੰਨ ਮ੍ਰਿਤਕਾਂ ਦੀ ਸਹਾਇਤਾ ਰਾਸ਼ੀ ਚੈੱਕ ਅਤੇ ਬਕਾਇਆ ਰਾਸ਼ੀ ਚੈੱਕ ਅਗਲੇ 10 ਦਿਨ ਵਿੱਚ ਅਦਾ ਕਰ ਦਿੱਤੇ ਜਾਣਗੇ। ਉਨਾਂ  ਕਿਹਾ ਕਿ ਇਨਾਂ  ਦੇ ਮੌਤ ਸਰਟੀਫਿਕੇਟ ਜਾਰੀ ਹੋਣ ਵਿੱਚ ਦੇਰੀ ਹੋਣ ਕਾਰਨ ਉਨਾਂ  ਦੀ ਰਾਸ਼ੀ ਦੇ ਚੈੱਕ ਅੱਜ ਨਹੀਂ ਦਿੱਤੇ ਜਾ ਸਕੇ। ਇਸ ਤੋਂ ਇਲਾਵਾ ਸਾਰੇ ਪੀਡ਼ਤ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀ ਪ੍ਰਦਾਨ ਕਰਨ ਦੀ ਪ੍ਰਕਿਰਿਆ ਵੀ ਜਾਰੀ ਹੈ, ਸੰਭਾਵਨਾ ਹੈ ਕਿ ਅਗਲੇ 15-20 ਦਿਨਾਂ ਵਿੱਚ ਯੋਗ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਵੀ ਦੇ ਦਿੱਤੇ ਜਾਣਗੇ।
ਹੋਰ ਨੁਕਸਾਨੇ ਗਏ ਮਕਾਨਾਂ ਦੀ ਭਰਪਾਈ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਬਿੱਟੂ ਨੇ ਸਪੱਸ਼ਟ ਕੀਤਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਪਟਿਆਲਾ ਡਵੀਜਨ ਦੇ ਕਮਿਸ਼ਨਰ ਸ੍ਰੀ ਵੀ. ਕੇ. ਮੀਨਾ ਵੱਲੋਂ ਕੀਤੀ ਜਾ ਰਹੀ ਹੈ, ਉਹ ਜਲਦ ਹੀ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦੇਣਗੇ, ਜਿਸ ਉਪਰੰਤ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਜਾਵੇਗਾ। ਇਸ ਮੌਕੇ ਉਨਾਂ  ਨਾਲ  ਸੁਰਿੰਦਰ ਡਾਬਰ, ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾਡ਼ (ਤਿੰਨੇ ਵਿਧਾਇਕ), ਜਸਕਿਰਨ ਸਿੰਘ ਕਮਿਸ਼ਨਰ ਨਗਰ ਨਿਗਮ, ਜ਼ੋਨਲ ਕਮਿਸ਼ਨਰ ਸ੍ਰ. ਸਤਵੰਤ ਸਿੰਘ, ਸੰਯੁਕਤ ਕਮਿਸ਼ਨਰ ਸ੍ਰ. ਕੁਲਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ।

11490cookie-checkਪਲਾਸਟਿਕ ਫੈਕਟਰੀ ਘਟਨਾ, ਮਾਰੇ ਗਏ ਫਾਇਰ ਕਰਮੀਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ

Leave a Reply

Your email address will not be published. Required fields are marked *

error: Content is protected !!