![]()

–ਪੀੜਤ ਪਰਿਵਾਰਾਂ ਨਾਲ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਚੱਟਾਨ ਦੀ ਤਰਾਂ ਖੜੀ-ਬਿੱਟੂ
ਲੁਧਿਆਣਾ, 23 ਮਈ ( ਸਤ ਪਾਲ ਸੋਨੀ ) : ਨਵੰਬਰ 2017 ਦੌਰਾਨ ਸਥਾਨਕ ਪਲਾਸਟਿਕ ਫੈਕਟਰੀ ਨੂੰ ਅੱਗ ਲੱਗਣ ਦੀ ਘਟਨਾ ਕਾਰਨ ਮਾਰੇ ਗਏ ਫਾਇਰ ਕਰਮੀਆਂ ਦੇ ਪਿੱਛੇ ਰਹਿੰਦੇ ਪਰਿਵਾਰਾਂ ਨੂੰ ਅੱਜ 62.20 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਭੇਂਟ ਕੀਤੇ ਗਏ। ਇਸ ਸਹਾਇਤਾ ਰਾਸ਼ੀ ਵਿੱਚ ਨਗਰ ਨਿਗਮ ਲੁਧਿਆਣਾ ਦੇ ਅਧਿਕਾਰੀਆਂ ਕਰਮਚਾਰੀਆਂ ਦੀ ਇੱਕ ਦਿਨ ਦੀ ਤਨਖ਼ਾਹ ਅਤੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਲੁਧਿਆਣਾ ਵੱਲੋਂ ਤਿੰਨ ਪੀੜਤ ਪਰਿਵਾਰਾਂ ਦੀ ਬਕਾਇਆ ਰਹਿੰਦੀ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਸ਼ਾਮਿਲ ਹੈ। ਇਹ ਚੈੱਕ ਅੱਜ ਸਥਾਨਕ ਨਗਰ ਨਿਗਮ ਦੇ ਜ਼ੋਨ–ਡੀ ਦਫ਼ਤਰ ਵਿਖੇ ਦਿੱਤੇ ਗਏ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਅਤੇ ਨਗਰ ਨਿਗਮ ਲੁਧਿਆਣਾ ਵੱਲੋਂ ਸਾਂਝੇ ਤੌਰ ‘ਤੇ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ 6ਪੀੜਤ ਪਰਿਵਾਰਾਂ ਨੂੰ 20 ਜਨਵਰੀ 2018 ਨੂੰ ਦੇ ਦਿੱਤੇ ਗਏ ਸਨ। ਇਸੇ ਦਿਨ ਨਗਰ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੀ ਇੱਕ ਦਿਨ ਦੀ ਤਨਖ਼ਾਹ ਪੀੜਤ ਪਰਿਵਾਰਾਂ ਨੂੰ ਦੇਣ ਦਾ ਐਲਾਨ ਵੀ ਕੀਤਾ ਸੀ।
ਇਸ ਮੌਕੇ ਪੀੜਤ ਪਰਿਵਾਰਾਂ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਬਿੱਟੂ ਨੇ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੇ ਬਹਾਦਰ ਫਾਇਰ ਕਰਮੀਆਂ ਦੀ ਇਸ ਕੁਰਬਾਨੀ ਨੂੰ ਪੂਰਾ ਸ਼ਹਿਰ ਚਿਰਾਂ ਤੱਕ ਯਾਦ ਰੱਖੇਗਾ। ਇਨਾਂ ਬਹਾਦਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਕਈ ਬੇਸ਼ਕੀਮਤੀ ਜਾਨਾਂ ਦਾ ਬਚਾਅ ਕਰਨ ਦੇ ਨਾਲ–ਨਾਲ ਵੱਡਾ ਮਾਲੀ ਨੁਕਸਾਨ ਹੋਣ ਤੋਂ ਵੀ ਬਚਾਅ ਲਿਆ। ਉਨਾਂ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਉਨਾਂ ਨਾਲ ਚੱਟਾਨ ਦੀ ਤਰਾਂ ਹੈ। ਇਸ ਮੌਕੇ ਉਨਾਂ ਨਾਲ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਜਸਕਿਰਨ ਸਿੰਘ ਕਮਿਸ਼ਨਰ ਨਗਰ ਨਿਗਮ, ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ।