![]()
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਕਿਸਾਨਾਂ ਨੂੰ ਅਪੀਲ
ਲੁਧਿਆਣਾ, 14 ਨਵੰਬਰ ( ਸਤ ਪਾਲ ਸੋਨੀ ) : ਅੱਜ ਪੂਰਾ ਦਿਨ ਆਸਮਾਨ ਵਿੱਚ ਛਾਏ ਰਹੇ ਧੂੰਅੇਂ (ਸਮੌਗ) ਨੂੰ ਆਮ ਲੋਕਾਂ ਦੀ ਸਿਹਤ ਲਈ ਬਹੁਤ ਹੀ ਨੁਕਸਾਨਦੇਹ ਕਰਾਰ ਦਿੰਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਕਿਸਾਨਾਂ ਨੂੰ ਫਿਰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਇਸ ਨਾਲ ਵਾਤਾਵਰਨ ਅਤੇ ਧਰਤੀ ਨੂੰ ਨੁਕਸਾਨ ਤਾਂ ਹੁੰਦਾ ਹੀ ਹੈ, ਨਾਲ ਹੀ ਆਮ ਲੋਕਾਂ ਦੀ ਸਿਹਤ ਨੂੰ ਵੀ ਵੱਡਾ ਨੁਕਸਾਨ ਹੋ ਰਿਹਾ ਹੈ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਜੀ. ਐੱਸ. ਗਿੱਲ ਨੇ ਬੋਰਡ ਵੱਲੋਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਦੀ ਰਿਵਾਇਤ ਨੂੰ ਤੁਰੰਤ ਰੋਕਿਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਸਿਹਤ ਪੱਖੋਂ ਕੋਈ ਨੁਕਸਾਨ ਨਾ ਹੋਵੇ। ਉਨਾਂ ਕਿਹਾ ਕਿ ਵਿਭਾਗ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਇਹ ਸਪੱਸ਼ਟ ਹੋਇਆ ਹੈ ਕਿ ਅੱਜ ਮਿਤੀ 14 ਨਵੰਬਰ ਨੂੰ ਵੱਡੇ ਪੱਧਰ ‘ਤੇ ਫੈਲੇ ਧੂੰਏਂ ਦਾ ਕਾਰਨ ਪਰਾਲੀ ਨੂੰ ਅੱਗ ਲਗਾਉਣਾ ਹੀ ਸੀ।
ਇਸ ਦੇ ਨਾਲ ਹੀ ਉਨਾਂ ਕਿਸਾਨਾਂ, ਸੰਸਥਾਵਾਂ, ਕਲੱਬਾਂ ਅਤੇ ਵੱਖ-ਵੱਖ ਵਿਭਾਗਾਂ ਨੂੰ ਅਪੀਲ ਕੀਤੀ ਕਿ ਜਿਨਾਂ ਕੋਲ ਵੀ ਪਾਣੀ ਵਾਲੇ ਟੈਂਕਰਾਂ ਦੀ ਸਹੂਲਤ ਹੈ, ਉਹ ਆਪਣੇ-ਆਪਣੇ ਪੱਧਰ ‘ਤੇ ਆਪਣੇ ਆਲੇ ਦੁਆਲੇ ਅਤੇ ਖੇਤਾਂ ਵਿੱਚ ਪਾਣੀ ਦਾ ਛਿਡ਼ਕਾਅ ਕਰਨ। ਇਸ ਤੋਂ ਇਲਾਵਾ ਆਮ ਲੋਕ ਵੀ ਆਪਣੇ ਘਰਾਂ ਦੇ ਵਿਹਡ਼ਿਆਂ ਵਿੱਚ, ਗਲੀਆਂ ਵਿੱਚ ਅਤੇ ਖਾਲੀ ਸਥਾਨਾਂ ‘ਤੇ ਪਾਣੀ ਦਾ ਛਿਡ਼ਕਾਅ ਕਰਨਾ ਯਕੀਨੀ ਬਣਾਉਣ। ਤਾਂ ਜੋ ਇਸ ਧੂੰਏਂ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ। ਉਨਾਂ ਇਸ ਗੰਭੀਰ ਸਥਿਤੀ ਵਿੱਚ ਆਮ ਲੋਕਾਂ, ਕਿਸਾਨਾਂ ਅਤੇ ਹੋਰ ਧਿਰਾਂ ਤੋਂ ਪੂਰਨ ਸਹਿਯੋਗ ਦੀ ਆਸ ਕੀਤੀ ਹੈ।