![]()

ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਲੋਕਾਂ ਤੱਕ ਲਿਜਾਣ ਦਾ ਸੱਦਾ
ਖੰਨਾ, 27 ਸਤੰਬਰ ( ਸਤ ਪਾਲ ਸੋਨੀ ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਕੇ. ਪੀ. ਸਿੰਘ ਨੇ ਨੌਜਵਾਨ ਵਰਗ ਨੂੰ ਸੱਦਾ ਦਿੱਤਾ ਹੈ ਕਿ ਉਹ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ ਕਿਉਂਕਿ ਕਿਸੇ ਦੇਸ਼ ਦਾ ਸਰਬਪੱਖੀ ਵਿਕਾਸ ਨੌਜਵਾਨ ਵਰਗ ਦੇ ਸਹਿਯੋਗ ਅਤੇ ਹੰਭਲੇ ਤੋਂ ਬਿਨਾਂ ਸੰਭਵ ਨਹੀਂ।
ਅੱਜ ਸਥਾਨਕ ਏ. ਐਸ. ਕਾਲਜ (ਲਡ਼ਕੀਆਂ) ਵਿਖੇ ਪੰਜਾਬ ਯੂਨੀਵਰਸਿਟੀ, ਚੰਡੀਗਡ਼ ਦੇ ਲੁਧਿਆਣਾ ਜ਼ੋਨ-ਬੀ ਦੇ ਖੇਤਰੀ ਯੁਵਕ ਅਤੇ ਵਿਰਾਸਤੀ ਮੇਲੇ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਸਾਡੇ ਦੇਸ਼ ਨੂੰ ‘ਸੋਨੇ ਦੀ ਚਿਡ਼ੀ’ ਅਤੇ ਹਰ ਪੱਖੋਂ ਵਿਕਸਿਤ ਦੇਸ਼ ਵਜੋਂ ਜਾਣਿਆ ਜਾਂਦਾ ਸੀ ਪਰ ਪਿਛਲੇ ਕੁਝ ਸਮੇਂ ਦੌਰਾਨ ਸਾਡੇ ਦੇਸ਼, ਖਾਸ ਕਰਕੇ ਸੂਬਾ ਪੰਜਾਬ ਦੀ ਸ਼ਾਨ ਨੂੰ ਨਜ਼ਰ ਲੱਗ ਗਈ ਹੈ ਭਾਵ ਅਸੀਂ ਸਰਬਪੱਖੀ ਵਿਕਾਸ ਪੱਖੋਂ ਪਿਛਡ਼ ਚੁੱਕੇ ਹਾਂ, ਜੋ ਕਿ ਇੱਕ ਗੰਭੀਰ ਮੁੱਦਾ ਹੈ। ਉਨਾਂ ਕਿਹਾ ਕਿ ਇਸ ਦੇਸ਼ ਨੂੰ ਮੁਡ਼ ਵਿਕਸਤ ਦੇਸ਼ਾਂ ਦੀ ਸ੍ਰੇਣੀ ਵਿੱਚ ਲਿਜਾਣ ਅਤੇ ਭਾਰਤੀਆਂ ਦੀ ਵੱਖਰੀ ਪਹਿਚਾਣ ਮੁਡ਼ ਸੁਰਜੀਤ ਕਰਨ ਲਈ ਨੌਜਵਾਨ ਵਰਗ ਵਿਸ਼ੇਸ਼ ਯੋਗਦਾਨ ਪਾ ਸਕਦਾ ਹੈ। ਉਨਾਂ ਨੌਜਵਾਨ ਮੁੰਡੇ/ਕੁਡ਼ੀਆਂ ਨੂੰ ਸੱਦਾ ਦਿੱਤਾ ਕਿ ਉਹ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ, ਉਨਾਂ ਦੇ ਹੰਭਲੇ ਨਾਲ ਹੀ ਦੇਸ਼ ਅੱਗੇ ਵਿਕਾਸ ਕਰ ਸਕਦਾ ਹੈ।
ਉਨਾਂ ਕਿਹਾ ਕਿ ਪੰਜਾਬ ਦਾ ਵਿਰਸਾ ਅਤੇ ਸੱਭਿਆਚਾਰ ਬਹੁਤ ਅਮੀਰ ਹੈ, ਜਿਸ ਨੂੰ ਸੰਭਾਲਣ ਦੇ ਨਾਲ-ਨਾਲ ਹੋਰ ਅੱਗੇ ਵਧਾਉਣ ਦੀ ਲੋਡ਼ ਹੈ, ਜਿਸ ਲਈ ਸਾਡੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਲੋਕਾਂ ਤੱਕ ਲਿਜਾਇਆ ਜਾਣਾ ਚਾਹੀਦਾ ਹੈ। ਇਸ ਦਿਸ਼ਾ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗਡ਼ ਵੱਲੋਂ ਯੁਵਕ ਅਤੇ ਵਿਰਾਸਤੀ ਮੇਲਿਆਂ ਦਾ ਆਯੋਜਨ ਕਰਨਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਉਨਾਂ ਇਸ ਗੱਲ ਲਈ ਯੂਨੀਵਰਸਿਟੀ ਦੇ ਡਾਇਰੈਕਟਰ, ਯੁਵਕ ਮਾਮਲੇ, ਡਾ. ਨਿਰਮਲ ਜੌਡ਼ਾ ਦੀ ਵਿਸ਼ੇਸ਼ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਉਨਾਂ ਕਾਲਜ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਸੂਬੇ ਦੇ ਹਰੇਕ ਵਰਗ ਦੇ ਵਿਕਾਸ ਲਈ ਯਤਨਸ਼ੀਲ ਹੈ, ਉੱਥੇ ਹੀ ਔਰਤਾਂ ਦੇ ਸਸ਼ਕਤੀਕਰਨ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਲੈਂਦਿਆਂ ਸੂਬੇ ਵਿੱਚ ਸਥਾਨਕ ਸਰਕਾਰਾਂ ਵਿਭਾਗ ਅਧੀਨ ਆਉਂਦੀਆਂ ਸਾਰੀਆਂ ਸੰਸਥਾਵਾਂ ਜਿੱਥੇ ਚੋਣ ਹੁੰਦੀ ਹੈ, ਵਿੱਚ ਔਰਤਾਂ ਲਈ 50 ਫੀਸਦੀ ਕੋਟਾ ਰਾਖਵਾਂ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਔਰਤਾਂ ਨੂੰ ਆਪ ਅੱਗੇ ਵਧਣ ਅਤੇ ਦੇਸ਼ ਨੂੰ ਅੱਗੇ ਲਿਜਾਣ ਦਾ ਮੌਕਾ ਮਿਲੇਗਾ।
ਇਸ ਮੌਕੇ ਹਲਕਾ ਵਿਧਾਇਕ ਸ੍ਰ. ਗੁਰਕੀਰਤ ਸਿੰਘ ਕੋਟਲੀ ਨੇ ਸੰਬੋਧਨ ਕਰਦਿਆਂ ਜਿੱਥੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਪੇਸ਼ ਕੀਤਾ, ਉੱਥੇ ਸਪੀਕਰ ਸ੍ਰੀ ਰਾਣਾ ਕੇ.ਪੀ. ਸਿਘ ਅੱਗੇ ਹਲਕੇ ਦੀਆਂ ਅਤੇ ਕਾਲਜ ਦੀਆਂ ਮੰਗਾਂ ਵੀ ਰੱਖੀਆਂ। ਦੱਸਣਯੋਗ ਹੈ ਕਿ ਪੰਜਾਬ ਯੂਨੀਵਰਸਿਟੀ, ਚੰਡੀਗਡ਼ ਵੱਲੋਂ ਆਯੋਜਿਤ ਕੀਤੇ ਜਾ ਰਹੇ ਇਸ ਖੇਤਰੀ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਲਡ਼ਕੀਆਂ ਦੇ ਗਿਆਰਾਂ ਕਾਲਜਾਂ ਦੀਆਂ 1100 ਤੋਂ ਵਧੇਰੇ ਲਡ਼ਕੀਆਂ ਵੱਖ-ਵੱਖ 58 ਮੁਕਾਬਲਿਆਂ ਵਿੱਚ ਭਾਗ ਲੈ ਰਹੀਆਂ ਹਨ। ਅੱਜ ਮਮਿੱਕਰੀ ਅਤੇ ਹੋਰ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ, ਜਿਨਾਂ ਨੂੰ ਮੌਕੇ ‘ਤੇ ਹਾਜ਼ਰ ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ, ਵਿਦਿਆਰਥਣਾਂ ਅਤੇ ਪ੍ਰਮੁੱਖ ਸਖਸ਼ੀਅਤਾਂ ਨੇ ਬਹੁਤ ਸਰਾਹਿਆ।
ਇਸ ਮੌਕੇ ਸ. ਨਵਜੋਤ ਸਿੰਘ ਮਾਹਲ, ਜ਼ਿਲਾ ਪੁਲਿਸ ਮੁਖੀ ਖੰਨਾ, ਐਸ.ਡੀ.ਐਮ. ਸ੍ਰੀ ਸੰਦੀਪ ਗਾਡ਼ਾ, ਸ੍ਰੀ ਰੁਪਿੰਦਰ ਸਿੰਘ ਰਾਜਾ ਸੀਨੀਅਰ ਕਾਂਗਰਸੀ ਆਗੂ, ਸ੍ਰੀ ਵਿਕਾਸ ਮਹਿਤਾ ਪ੍ਰਧਾਨ ਨਗਰ ਕੌਂਸਲ ਖੰਨਾ, ਸ੍ਰੀ ਰਾਜੀਵ ਰਾਏ ਮਹਿਤਾ, ਸ੍ਰੀ ਬੀ.ਕੇ. ਬੱਤਰਾ, ਸ੍ਰੀ ਤਜਿੰਦਰ ਸ਼ਰਮਾ, ਸ੍ਰੀ ਸ਼ੁਸ਼ੀਲ ਕੁਮਾਰ ਅਤੇ ਹੋਰ ਹਾਜ਼ਰ ਸਨ।