![]()

ਉੱਦਮੀ ਨੌਜਵਾਨਾਂ ਵੱਲੋਂ ਤਿਆਰ ਜਾਗਰੂਕਤਾ ਗੀਤ ਨੂੰ ਕੀਤਾ ਰਿਲੀਜ਼
ਲੁਧਿਆਣਾ, 16 ਜੁਲਾਈ (ਸਤ ਪਾਲ ਸੋਨੀ) : ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਖੁਦ ਜਾਗਰੂਕ ਹੋ ਕੇ ਸੂਬੇ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ। ਉਹ ਅੱਜ ਆਪਣੇ ਦਫ਼ਤਰ ਵਿਖੇ ਸਮਾਜਿਕ ਬੁਰਾਈਆਂ ਖ਼ਿਲਾਫ਼ ਉੱਦਮੀ ਨੌਜਵਾਨਾਂ ਵੱਲੋਂ ਤਿਆਰ ਕੀਤੇ ਗੀਤ ‘ਕੀ ਬਣੂੰ ਦੁਨੀਆਂ ਦਾ‘ ਨੂੰ ਰਿਲੀਜ਼ ਕਰ ਰਹੇ ਸਨ। ਇਹ ਗੀਤ ਗਾਇਕ ਪ੍ਰਭ ਅਤੇ ਬਿੰਦਰ ਵੱਲੋਂ ਗਾਇਆ ਗਿਆ ਹੈ। ਇਸਦਾ ਸੰਗੀਤ ਅਤੇ ਵੀਡੀਓ ਪਰਮਿੰਦਰ ਬਬਲੂ ਨੇ ਤਿਆਰ ਕੀਤਾ ਹੈ ਜਦਕਿ ਗੀਤ ਦੇ ਲੇਖਕ ਪੱਪਾ ਜੌਹਲਾਂ ਵਾਲਾ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਅਗਰਵਾਲ ਨੂੰ ਦੱਸਿਆ ਗਿਆ ਕਿ ਇਸ ਗੀਤ ਵਿੱਚ ਅਜੋਕੀ ਨੌਜਵਾਨ ਪੀੜੀ ਨੂੰ ਨਿਰਾਸ਼ ਹੋ ਕੇ ਗਲਤ ਪਾਸੇ ਲੱਗਣ ਦੀ ਬਜਾਏ ਸਮਾਜ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਹੈ। ਅੱਜ ਦੇ ਨੌਜਵਾਨ ਇੱਛਿਤ ਨਤੀਜੇ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਨਸ਼ਿਆਂ ਅਤੇ ਹੋਰ ਗਲਤ ਪਾਸਿਆਂ ਵੱਲ ਮੁੜ ਜਾਂਦੇ ਹਨ। ਗੀਤ ਵਿੱਚ ਅਜਿਹੇ ਨੌਜਵਾਨਾਂ ਨੂੰ ਪੜਨ, ਲਿਖਣ, ਰੋਜ਼ਗਾਰ ਦੇ ਕਾਬਿਲ ਹੋਣ ਅਤੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਸੰਭਾਲਣ ਦੀ ਅਪੀਲ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਅਗਰਵਾਲ ਨੇ ਇਸ ਗੀਤ ਦੀ ਸ਼ਲਾਘਾ ਕਰਦਿਆਂ ਹੋਰ ਨੌਜਵਾਨਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਖੁਦ ਜਾਗਰੂਕ ਹੋ ਕੇ ਸੂਬੇ ਅਤੇ ਦੇਸ਼ ਦੀ ਉੱਨਤੀ ਵਿੱਚ ਆਪਣਾ ਯੋਗਦਾਨ ਪਾਉਣ। ਉਨਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਪੈਰਾਂ ‘ਤੇ ਖੜਾ ਕਰਨ ਅਤੇ ਨੌਕਰੀਆਂ ਦੇ ਮੌਕੇ ਮੁਹੱਈਆ ਕਰਾਉਣ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ, ਜਿਨਾਂ ਦਾ ਨੌਜਵਾਨਾਂ ਨੂੰ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਗੀਤ ਨੂੰ ਤਿਆਰ ਕਰਨ ਵਾਲੀ ਸਮੁੱਚੀ ਟੀਮ ਹਾਜ਼ਰ ਸੀ।