![]()

ਨੌਜਵਾਨ ਨਸ਼ਿਆਂ ਤੋਂ ਖਹਿੜਾ ਛੁਡਾਉਣ ਲਈ ਖੰਨਾ ਪੁਲਿਸ ਨਾਲ ਸੰਪਰਕ ਕਰਨ–ਬਲਵਿੰਦਰ ਸਿੰਘ ਭੀਖੀ
ਖੰਨਾ, 22 ਜੂਨ (ਸਤ ਪਾਲ ਸੋਨੀ) : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨਾਲ ਸੰਬੰਧਤ ਹਰ ਤਰਾਂ ਦੀ ਗਤੀਵਿਧੀ ਨੂੰ ਰੋਕ ਲਗਾਉਣ ਲਈ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਰਾਹੀਂ ਸਖ਼ਤ ਕਦਮ ਉਠਾਉਣ ਦੇ ਨਾਲ–ਨਾਲ ਲੋਕਾਂ ਨੂੰ ਜਾਗਰੂਕ ਕਰਨ ‘ਤੇ ਵੀ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ। ਨਸ਼ਾ ਮੁਕਤ ਪੰਜਾਬ ਸਿਰਜਣ ਲਈ ਖੰਨਾ ਪੁਲਿਸ ਵੱਲੋਂ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਪ੍ਰੇਰਨ ‘ਤੇ ਸਭ ਤੋਂ ਵਧੇਰੇ ਤਵੱਜੋਂ ਦਿੱਤੀ ਜਾ ਰਹੀ ਹੈ। ਖੰਨਾ ਪੁਲਿਸ ਵੱਲੋਂ ਜਿੱਥੇ ਲੋਕਾਂ ਨਾਲ ਸਿੱਧਾ ਸੰਪਰਕ ਸਾਧਿਆ ਜਾ ਰਿਹਾ ਹੈ, ਉਥੇ ਹੀ ਨਸ਼ੇ ਨਾਲ ਸੰਬੰਧਤ ਹਰ ਤਰਾਂ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਸੰਪਰਕ ਨੰਬਰ ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਲੋਕ ਬੇਝਿਜਕ ਸੂਚਨਾ ਦੇ ਸਕਣ।
ਇਸ ਸੰਬੰਧੀ ਬਲਵਿੰਦਰ ਸਿੰਘ ਭੀਖੀ, ਪੀ.ਪੀ.ਐੱਸ ਪੁਲਿਸ ਕਪਤਾਨ (ਸ), ਖੰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ, ਖੰਨਾ ਦੀਆ ਹਦਾਇਤਾਂ ਅਨੁਸਾਰ ਖੰਨਾ ਪੁਲਿਸ ਵੱਲੋ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਜਿੱਥੇ ਕਾਫੀ ਗਿਣਤੀ ਵਿੱਚ ਅੰਤਰ–ਰਾਸ਼ਟਰੀ ਅਤੇ ਅੰਤਰਰਾਜੀ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਜਾ ਰਹੀ ਹੈ, ਉਸ ਦੇ ਨਾਲ–ਨਾਲ ਖੰਨਾ ਪੁਲਿਸ ਵੱਲੋਂ ਪਹਿਲਕਦਮੀ ਕਰਦੇ ਹੋਏ ਨਸ਼ਿਆਂ ਖਿਲਾਫ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਖੰਨਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਰੋਜ਼ਾਨਾ ਮੀਟਿੰਗਾਂ/ਸੈਮੀਨਾਰ ਲਗਾਏ ਜਾ ਰਹੇ ਹਨ।ਖੰਨਾ ਪੁਲਿਸ ਵੱਲੋ ਥਾਣਾ ਪੱਧਰ ਉਪਰ ਪਿੰਡ–ਪਿੰਡ, ਮੁਹੱਲਿਆਂ, ਸਕੂਲਾਂ, ਕਾਲਜਾਂ, ਟੈਕਸੀ ਸਟੈਂਡਾਂ, ਯੂਨੀਅਨਾਂ, ਸਪੋਰਟਸ ਕਲੱਬਾਂ ਅਤੇ ਖੇਡ ਮੈਦਾਨਾਂ ਵਿੱਚ ਜਾ ਕੇ ਨੌਜਵਾਨਾਂ, ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ, ਡਰਾਇਵਰਾਂ ਅਤੇ ਖਿਡਾਰੀਆਂ ਨੂੰ ਨਸ਼ੇ ਦੇ ਭੈਡ਼ੇ ਸਿੱਟਿਆਂ ਤੋਂ ਜਾਣੂ ਕਰਵਾਉਦੇ ਹੋਏ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਪੁਲਿਸ ਜ਼ਿਲਾ ਖੰਨਾ ਵਿੱਚ ਕਾਫੀ ਜਿਆਦਾ ਮਾਤਰਾ ਵਿੱਚ ਪਬਲਿਕ ਮੀਟਿੰਗਾਂ, ਨਸ਼ਿਆਂ ਸਬੰਧੀ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਨਾਂ ਕਿਹਾ ਕਿ ਇਨਾਂ ਪਬਲਿਕ ਮੀਟਿੰਗਾਂ ਅਤੇ ਸੈਮੀਨਾਰਾਂ ਦੌਰਾਨ ਆਮ ਪਬਲਿਕ ਵੱਲੋਂ ਖੰਨਾ ਪੁਲਿਸ ਨੂੰ ਭਰਵਾਂ ਸਹਿਯੋਗ ਵੀ ਮਿਲ ਰਿਹਾ ਹੈ, ਇਸ ਦੇ ਨਾਲ–ਨਾਲ ਨਸ਼ੇ ਦੇ ਆਦੀ ਨੌਜਵਾਨਾਂ ਵੱਲੋਂ ਵੀ ਪੁਲਿਸ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਕਿ ਉਹ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ, ਜਿਸ ਵਿੱਚੋਂ ਕੱਢਣ ਦਾ ਕੋਈ ਉਪਰਾਲਾ ਕੀਤਾ ਜਾਵੇ।ਜਿਸ ‘ਤੇ ਖੰਨਾ ਪੁਲਿਸ ਵੱਲੋਂ ਪਹਿਲਕਦਮੀ ਕਰਦੇ ਹੋਏ ਹੁਣ ਤੱਕ ਕਾਫੀ ਮਾਤਰਾ ਵਿੱਚ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਸਿਵਲ ਹਸਪਤਾਲ ਖੰਨਾ ਨਾਲ ਮਿਲ ਕੇ ਇਲਾਜ ਕਰਵਾਇਆ ਜਾ ਰਿਹਾ ਹੈ।ਭਵਿੱਖ ਵਿੱਚ ਇਹ ਮੁਹਿੰਮ ਜਾਰੀ ਰਹੇਗੀ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਸਮਾਜ ਦੀ ਸਿਰਜਨਾ ਕਰ ਸਕਣ।ਉਨਾਂ ਦੱਸਿਆ ਕਿ ਇਸੇ ਲੜੀ ਤਹਿਤ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫ਼ਸਰ ਸਦਰ ਖੰਨਾ ਵੱਲੋਂ ਪਿੰਡ ਬੂਲੇਪੁਰ ਵਿਖੇ ਨਸ਼ਾ–ਵਿਰੋਧੀ ਮੀਟਿੰਗ/ਸੈਮੀਨਾਰ ਕਰਕੇ ਸਮੂਹ ਪਿੰਡ ਵਾਸੀਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਸਮੂਹ ਪਿੰਡ ਵਾਸੀਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੀ ਦਲਦਲ ਤੋਂ ਦੂਰ ਰਹਿ ਕੇ ਨਸ਼ਾ–ਰਹਿਤ ਪੰਜਾਬ ਦੀ ਸਿਰਜਨਾ ਕਰਨ।
ਬਲਵਿੰਦਰ ਸਿੰਘ ਭੀਖੀ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਜੇਕਰ ਉਨਾਂ ਦੇ ਏਰੀਆ ਵਿੱਚ ਕੋਈ ਨੌਜਵਾਨ ਨਸ਼ਾ ਕਰਦਾ ਹੈ ਅਤੇ ਨਸ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਤਾਂ ਉਹ ਸਿੱਧਾ ਪੁਲਿਸ ਨਾਲ ਤਾਲਮੇਲ ਕਰ ਸਕਦਾ ਹੈ, ਜਿਸਦੀ ਨਸ਼ਾ ਛੁਡਾਉਣ ਵਿੱਚ ਪੁਲਿਸ ਵੱਲੋਂ ਪੂਰੀ ਮਦਦ ਕੀਤੀ ਜਾਵੇਗੀ।ਅਗਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਸਬੰਧੀ ਵੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਅਜਿਹੇ ਮਾਡ਼ੇ ਅਨਸਰਾਂ ਨੂੰ ਜੇਲ ਭੇਜਿਆ ਜਾ ਸਕੇ। ਬਲਵਿੰਦਰ ਸਿੰਘ ਭੀਖੀ ਨੇ ਕਿਹਾ ਕਿ ਖੰਨਾ ਪੁਲਿਸ ਵੱਲੋਂ ਇੱਕ ਮੋਬਾਇਲ ਨੰਬਰ 95929-13200 ਵੀ ਜਾਰੀ ਕੀਤਾ ਗਿਆ ਹੈ, ਅਗਰ ਕੋਈ ਵੀ ਵਿਅਕਤੀ ਨਸ਼ੇ ਦੇ ਸੋਦਾਗਰਾਂ ਸਬੰਧੀ ਪੁਲਿਸ ਨੂੰ ਸੂਚਨਾ ਦੇਣਾ ਚਾਹੁੰਦਾ ਹੈ, ਤਾਂ ਇਸ ਨੰਬਰ ਉਪਰ ਸੂਚਨਾ ਦੇ ਸਕਦਾ ਹੈ।ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।