![]()

ਪੰਜਾਬ ਸਰਕਾਰ ਸੂਬੇ ਵਿੱਚੋਂ ਨਸ਼ੇ ਦੀ ਜੜ ਪੁੱਟਣ ਲਈ ਪੂਰੀ ਤਰਾਂ ਵਚਨਬੱਧ-ਆਸ਼ੂ
ਲੁਧਿਆਣਾ, 15 ਜੁਲਾਈ ( ਸਤ ਪਾਲ ਸੋਨੀ ) : ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਨਸ਼ੇ ਦੇ ਕਾਰੋਬਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਲਿਜਾਣ ਵਾਲਾ ਕੋਈ ਵੀ ਅਜਿਹਾ ਵਿਅਕਤੀ ਕਾਨੂੰਨ ਦੇ ਹੱਥਾਂ ਤੋਂ ਬਚੇਗਾ ਨਹੀਂ। ਉਨਾਂ ਇਹ ਵਿਚਾਰ ਅੱਜ ਹਲਕਾ ਲੁਧਿਆਣਾ (ਪੂਰਬੀ) ਦੇ ਵਿਧਾਇਕ ਸੰਜੇ ਤਲਵਾੜ ਵੱਲੋਂ ਆਯੋਜਿਤ ਕਰਵਾਈ ਗਈ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਹ ਰੈਲੀ ਸਮਰਾਲਾ ਚੌਕ ਤੋਂ ਲੈ ਕੇ ਸ਼ਿਵਪੁਰੀ ਚੌਕ ਤੱਕ ਕੱਢੀ ਗਈ।
ਇਸ ਰੈਲੀ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਬਿੱਟੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੇ ਕਾਰੋਬਾਰੀਆਂ ਅਤੇ ਵਪਾਰੀਆਂ ਬਾਰੇ ਪੁਲਿਸ ਨੂੰ ਜਾਣਕਾਰੀ ਦੇਣ ਤਾਂ ਜੋ ਉਨਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨਾਂ ਭਰੋਸਾ ਦਿੱਤਾ ਕਿ ਉਨਾਂ ਦੀ ਪਾਰਟੀ ਦਾ ਕੋਈ ਵੀ ਰਾਜਸੀ ਵਿਅਕਤੀ ਅਜਿਹੇ ਲੋਕਾਂ ਦੀ ਹਮਾਇਤ ਨਹੀਂ ਕਰੇਗਾ। ਪੁਲਿਸ ਕਾਨੂੰਨ ਮੁਤਾਬਿਕ ਹਰੇਕ ਕਦਮ ਉਠਾਉਣ ਲਈ ਬਿਲਕੁਲ ਮੁਕਤ ਹੈ।
ਉਨਾਂ ਕਿਹਾ ਕਿ ਜੋ ਵਿਅਕਤੀ ਨਸ਼ੇ ਦੇ ਜਾਲ ਵਿੱਚ ਫਸੇ ਹੋਏ ਹਨ, ਉਨਾਂ ਨੂੰ ਇਸ ਜਾਲ ਵਿੱਚੋਂ ਕੱਢਣ ਲਈ ਵਿਸ਼ੇਸ਼ ਸਹਾਇਤਾ ਅਤੇ ਸਹਾਰੇ ਦੀ ਲੋੜ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਇੱਕ-ਇੱਕ ਵਿਅਕਤੀਆਂ ਨੂੰ ਨਸ਼ਾ ਛੁਡਾਉਣ ਲਈ ਅੱਗੇ ਆਉਣ ਤਾਂ ਜੋ ਉਨਾਂ ਨੂੰ ਸਿਹਤਮੰਦ ਸਮਾਜ ਮੁੱਖ ਧਾਰਾ ਵਿੱਚ ਵਾਪਸ ਲਿਆਂਦਾ ਜਾ ਸਕੇ। ਉਨਾਂ ਕਿਹਾ ਕਿ ਨੌਜਵਾਨ ਵਰਗ ਸਾਡੇ ਦੇਸ਼ ਦੇ ਵਿਕਾਸ ਦੀ ਰੀੜ ਦੀ ਹੱਡੀ ਹੈ, ਜਿਸ ਨੂੰ ਕਿਸੇ ਵੀ ਹੀਲੇ ਭਟਕਣ ਨਹੀਂ ਦਿੱਤਾ ਜਾਵੇਗਾ।
ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚੋਂ ਨਸ਼ੇ ਦੀ ਜੜ ਪੁੱਟਣ ਲਈ ਪੂਰੀ ਤਰਾਂ ਵਚਨਬੱਧ ਹੈ। ਜਦੋਂ ਤੋਂ ਕਾਂਗਰਸ ਪਾਰਟੀ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੈ, ਉਦੋਂ ਤੋਂ ਵੱਡੀ ਗਿਣਤੀ ਵਿੱਚ ਨਸ਼ਾ ਤਸਕਰ ਫੜ ਕੇ ਸਲਾਖ਼ਾਂ ਪਿੱਛੇ ਭੇਜੇ ਜਾ ਚੁੱਕੇ ਹਨ ਅਤੇ ਉਨਾਂ ਨੂੰ ਵੱਧ ਤੋਂ ਵੱਧ ਸਜ਼ਾ ਮੁਕੱਰਰ ਕਰਵਾਈ ਜਾਵੇਗੀ। ਵਿਧਾਇਕ ਤਲਵਾੜ ਨੇ ਕਿਹਾ ਕਿ ਅੱਜ ਦੀ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਨਸ਼ੇ ਦੀ ਬੁਰਾਈ ਤੋਂ ਜਾਣੂ ਕਰਾਉਣਾ ਸੀ। ਡਿਪਟੀ ਕਮਿਸ਼ਨਰਅਗਰਵਾਲ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ੇ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਪ੍ਰਸਾਸ਼ਨ ਦਾ ਸਹਿਯੋਗ ਕਰਨ। ਇਸ ਮੌਕੇ ਬਿੱਟੂ ਵੱਲੋਂ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਸਹੁੰ ਵੀ ਚੁਕਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਲਬਰਟ ਦੂਆ, ਗੁਰਦੀਪ ਸਿੰਘ ਪੀ. ਏ. ਅਤੇ ਹੋਰ ਵੀ ਹਾਜ਼ਰ ਸਨ।