![]()

ਜੰਗਲਾਤ ਵਿਭਾਗ ਨੇ ਲੁਧਿਆਣਾ ਡਵੀਜ਼ਨ ਵਿੱਚ 6 ਮਹੀਨੇ ਦੌਰਾਨ 100 ਕਰੋੜ ਰੁਪਏ ਤੋਂ ਵਧੇਰੀ ਕੀਮਤ ਦੀ ਜ਼ਮੀਨ ਨਜਾਇਜ਼ ਕਬਜ਼ੇ ਤੋਂ ਮੁਕਤ ਕਰਾਈ
ਲੁਧਿਆਣਾ, 18 ਮਈ ( ਸਤ ਪਾਲ ਸੋਨੀ ) : ਲੁਧਿਆਣਾ ਜੰਗਲਾਤ ਡਵੀਜ਼ਨ ਨੇ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਡਵੀਜ਼ਨ ਅਧੀਨ ਆਉਂਦੇ ਖੇਤਰ ਦੀ 79 ਏਕੜ ਹੋਰ ਜ਼ਮੀਨ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾ ਲਈ ਹੈ। ਇਹ ਜ਼ਮੀਨ ਮੱਤੇਵਾੜਾ ਜੰਗਲਾਤ ਰੇਂਜ ਦੇ ਹਾਦੀਵਾਲ ਜੰਗਲਾਤ ਦੀ ਹੈ, ਜੋ ਕਿ ਪਿਛਲੇ ਦੋ ਦਿਨਾਂ ਦੌਰਾਨ ਖ਼ਾਲੀ ਕਰਵਾਈ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਵੀਜ਼ਨਲ ਜੰਗਲਾਤ ਅਫ਼ਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਉਨਾਂ ਨੇ ਮੱਤੇਵਾੜਾ ਰੇਂਜ ਅਫ਼ਸਰ ਪ੍ਰਿਤਪਾਲ ਸਿੰਘ ਅਤੇ ਸਟਾਫ਼ ਦੀ ਸਹਾਇਤਾ ਨਾਲ ਪਿਛਲੇ ਮਹੀਨੇ ਵੀ ਹੈਦਰ ਨਗਰ ਜੰਗਲਾਤ ਖੇਤਰ ਦੀ 108 ਏਕੜ ਨੂੰ ਨਜਾਇਜ਼ ਕਬਜ਼ੇ ਤੋਂ ਮੁਕਤ ਕਰਾਇਆ ਸੀ। ਲੁਧਿਆਣਾ ਜੰਗਲਾਤ ਡਵੀਜ਼ਨ ਅਧੀਨ ਆਉਂਦੇ ਖੇਤਰ ਵਿੱਚ ਪਿਛਲੇ 6 ਮਹੀਨੇ ਦੌਰਾਨ 147 ਏਕੜ ਪਿੰਡ ਕੋਟ ਉਮਰਾ ਵਿੱਚੋਂ, 80 ਏਕੜ ਪਿੰਡ ਗੋਰਸੀਆਂ ਖਾਨ ਮੁਹੰਮਦ ਵਿੱਚੋਂ, 108 ਏਕੜ ਹੈਦਰ ਨਗਰ, 79 ਏਕੜ ਹਾਦੀਵਾਲ ਵਿੱਚ ਅਤੇ 2 ਏਕੜ ਪਿੰਡ ਸਲੇਮਪੁਰ ਵਿੱਚੋਂ ਨਜਾਇਜ਼ ਕਬਜ਼ੇ ਹਟਾਏ ਗਏ ਹਨ।
ਚਰਨਜੀਤ ਸਿੰਘ ਨੇ ਕਿਹਾ ਕਿ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਦਿਸ਼ਾ ਨਿਰਦੇਸ਼ਾਂ ‘ਤੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਜ਼ਿਲਾ ਪੁਲਿਸ ਮੁੱਖੀ ਲੁਧਿਆਣਾ (ਦਿਹਾਤੀ) ਸੁਰਜੀਤ ਸਿੰਘ ਦੀ ਅਗਵਾਈ ਵਿੱਚ ਕੀਤੀ ਕਾਰਵਾਈ ਦੌਰਾਨ ਕੋਟ ਉਮਰਾ ਅਤੇ ਗੋਰਸੀਆਂ ਖਾਨ ਮੁਹੰਮਦ ਵਿੱਚੋਂ ਕੁੱਲ 227 ਏਕੜ ਜ਼ਮੀਨ ਨਜਾਇਜ਼ ਕਬਜ਼ੇ ਤੋਂ ਛੁਡਾ ਕੇ ਵਿਭਾਗ ਨੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਸੀ।
ਉਨਾਂ ਕਿਹਾ ਕਿ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਇਹ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਜੰਗਲਾਤ ਵਿਭਾਗ ਦੀ ਚੱਪਾ-ਚੱਪਾ ਜ਼ਮੀਨ ਮੁਕਤ ਨਹੀਂ ਕਰਵਾਈ ਜਾਂਦੀ। ਜੋ ਨਜਾਇਜ਼ ਕਾਬਜ਼ਕਾਰ 30 ਜੂਨ, 2018 ਤੱਕ ਕਬਜ਼ਾ ਨਹੀਂ ਛੱਡਦੇ ਪੰਜਾਬ ਸਰਕਾਰ ਉਨਾਂ ਤੋਂ ਜ਼ਮੀਨ ਦਾ ਕਿਰਾਇਆ ਵਸੂਲਣ ਬਾਰੇ ਵੀ ਸੋਚ ਰਹੀ ਹੈ। ਇਹ ਕਿਰਾਇਆ ਨਜਾਇਜ਼ ਕਬਜ਼ਾ ਕਰਨ ਦੇ ਸਮੇਂ ਤੋਂ ਵਸੂਲਿਆ ਜਾਵੇਗਾ। ਉਨਾਂ ਨਜਾਇਜ਼ ਕਾਬਜ਼ਕਾਰਾਂ ਨੂੰ ਅਪੀਲ ਕੀਤੀ ਕਿ ਉਹ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ ਨੂੰ ਤੁਰੰਤ ਖ਼ਾਲੀ ਕਰ ਦੇਣ ਨਹੀਂ ਤਾਂ ਉਨਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।