![]()

ਨਾਮਜ਼ਦਗੀਆਂ 8 ਤੋਂ 13 ਫਰਵਰੀ ਤੱਕ, ਨਤੀਜਾ 27 ਫਰਵਰੀ ਨੂੰ
ਲੁਧਿਆਣਾ, 1 ਫਰਵਰੀ ( ਸਤ ਪਾਲ ਸੋਨੀ ) : ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਨਗਰ ਨਿਗਮ ਲੁਧਿਆਣਾ ਦੀਆਂ ਆਮ ਚੋਣਾਂ, ਨਗਰ ਨਿਗਮ ਮੋਗਾ ਦੇ ਇਕ ਵਾਰਡ ਅਤੇ ਵੱਖ-ਵੱਖ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ 26 ਵਾਰਡਾਂ ਦੀਆਂ ਉਪ-ਚੋਣਾਂ ਦਾ ਐਲਾਨ ਕੀਤਾ ਗਿਆ ਹੈ।
ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਚੋਣਾਂ ਸਬੰਧੀ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰੀਕ੍ਰਿਆ ਮਿਤੀ 8 ਫਰਵਰੀ, 2018 ਤੋਂ ਸ਼ੁਰੂ ਹੋ ਜਾਵੇਗੀ ਅਤੇ ਮਿਤੀ 13 ਫਰਵਰੀ, 2018 ਤੱਕ ਨਾਮਜ਼ਦਗੀ ਪੱਤਰ ਭਰੇ ਜਾ ਸਕਣਗੇ।ਮਿਤੀ 10 ਅਤੇ 11 ਫਰਵਰੀ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰੇ ਜਾ ਸਕਣਗੇ।ਮਿਤੀ 14 ਫਰਵਰੀ ਨੂੰ ਜਨਤਕ ਛੁੱਟੀ ਹੋਣ ਕਾਰਨ ਨਾਮਜ਼ਦਗੀ ਪੱਤਰਾਂ ਦੀ ਪਡ਼ਤਾਲ ਮਿਤੀ 15 ਫਰਵਰੀ ਨੂੰ ਹੋਵੇਗੀ। ਮਿਤੀ 16 ਫਰਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਇਸੇ ਦਿਨ ਭਾਵ ਮਿਤੀ 16 ਫਰਵਰੀ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ।ਮਿਤੀ 24 ਫਰਵਰੀ, 2018 ਨੂੰ ਵੋਟਾਂ ਪੈਣਗੀਆਂ।
ਨਗਰ ਨਿਗਮ, ਲੁਧਿਆਣਾ ਦੀਆਂ ਵੋਟਾਂ ਦੀ ਗਿਣਤੀ ਮਿਤੀ 27 ਫਰਵਰੀ, 2018 ਸ਼ੁਰੂ ਹੋਵੇਗੀ ਅਤੇ ਬਾਕੀ ਉਪ ਚੋਣਾਂ ਦੀ ਗਿਣਤੀ ਮਿਤੀ 24 ਫਰਵਰੀ, 2018 ਨੂੰ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਤੁਰੰਤ ਬਾਅਦ ਸ਼ੁਰੂ ਹੋ ਜਾਵੇਗੀ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ।ਨਗਰ ਨਿਗਮ ਲੁਧਿਆਣਾ ਵਿਚ ਤਕਰੀਬਨ 10.50 ਲੱਖ ਵੋਟਰ 95 ਵਾਰਡਾਂ ਤੋਂ ਨੁਮਾਇੰਦੇ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨਾਂ ਵਿਚੋਂ ਲਗਭਗ 5.67 ਲੱਖ ਪੁਰਸ਼, 4.82 ਲੱਖ ਇਸਤਰੀਆਂ ਅਤੇ 23 ਤੀਸਰਾ ਲਿੰਗ ਹਨ।ਨਗਰ ਨਿਗਮ ਲੁਧਿਆਣਾ ਅਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਧੀਨ ਆਉਂਦੇ ਖੇਤਰਾਂ ਵਿਚ ਚੋਣ ਜ਼ਾਬਤਾ ਤੁਰੰਤ ਤੋਂ ਲਾਗੂ ਹੋ ਗਿਆ ਹੈ, ਜੋ ਚੋਣ ਪ੍ਰੀਕ੍ਰਿਆ ਮੁਕੰਮਲ ਹੋਣ ਤੱਕ ਜਾਰੀ ਰਹੇਗਾ।
ਦੱਸਣਯੋਗ ਹੈ ਕਿ ਜ਼ਿਲਾ ਲੁਧਿਆਣਾ ਵਿੱਚ ਨਗਰ ਨਿਗਮ ਲੁਧਿਆਣਾ ਤੋਂ ਬਿਨਾਂ ਸ਼ਹਿਰ ਜਗਰਾਂਉ ਦੇ ਵਾਰਡ ਨੰਬਰ 17 ਅਤੇ ਨਗਰ ਕੌਂਸਲ ਪਾਇਲ ਦੇ ਵਾਰਡ ਨੰਬਰ 5 ਲਈ ਵੀ 24 ਫਰਵਰੀ ਨੂੰ ਵੋਟਾਂ ਪਾਈਆਂ ਜਾਣਗੀਆਂ।