ਨਗਰ ਨਿਗਮ ਨੂੰ ਈ-ਪੋਜ਼ ਜਾਂ ਡਿਜੀਟਲ ਮਸ਼ੀਨਾਂ ਰਾਹੀਂ ਅਦਾਇਗੀ ਕਰਨ ਵਾਲਿਆਂ ਲਈ ਕੱਢਿਆ ਲੱਕੀ ਡਰਾਅ

Loading

 

ਹੁਣ ਹਰ ਮਹੀਨੇ ਕੱਢਿਆ ਜਾਇਆ ਕਰੇਗਾ ਲੱਕੀ ਡਰਾਅ

ਲੁਧਿਆਣਾ, 22 ਅਗਸਤ  ( ਸਤ ਪਾਲ ਸੋਨੀ ) : ਨਗਰ ਨਿਗਮ ਲੁਧਿਆਣਾ ਦੇ ਵਿੱਤੀ ਲੈਣ-ਦੇਣ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਟੈਕਸ ਭਰਨ ਵਾਲਿਆਂ ਨੂੰ ਸੌਖ ਮੁਹੱਈਆ ਕਰਾਉਣ ਲਈ ਆਨਲਾਈਨ ਅਤੇ ਡਿਜ਼ੀਟਲ ਅਦਾਇਗੀ ਦੀ ਸਹੂਲਤ ਦਿੱਤੀ ਗਈ ਹੈ। ਜਿਸ ਨੂੰ ਲੋਕਾਂ ਵੱਲੋਂ ਬਹੁਤ ਸਹਿਯੋਗ ਵੀ ਮਿਲ ਰਿਹਾ ਹੈ। ਇਸ ਪ੍ਰਤੀ ਲੋਕਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਨਗਰ ਨਿਗਮ ਵੱਲੋਂ ਬਕਾਇਦਾ ਲੱਕੀ ਡਰਾਅ ਕੱਢਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਕੜੀ ਦਾ ਪਹਿਲਾ ਲੱਕੀ ਡਰਾਅ ਅੱਜ ਜ਼ੋਨ-ਏ ਦਫ਼ਤਰ ਵਿਖੇ ਕੱਢਿਆ ਗਿਆ, ਜਿਸ ਵਿੱਚ 10 ਟੈਕਸਧਾਰਕਾਂ ਨੂੰ ਉਤਸ਼ਾਹਵਰਧਕ ਗਿਫ਼ਟਾਂ ਨਾਲ ਨਿਵਾਜ਼ਿਆ ਗਿਆ। ਇਸਦੇ ਨਾਲ ਹੀ ਨਗਰ ਨਿਗਮ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ ਇਹ ਡਰਾਅ ਹਰ ਮਹੀਨੇ ਕੱਢਿਆ ਜਾਇਆ ਕਰੇਗਾ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਕਮਿਸ਼ਨਰ ਡਾ. ਪੂਨਮ ਪ੍ਰੀਤ ਕੌਰ ਨੇ ਦੱਸਿਆ ਕਿ ਇਹ ਲੱਕੀ ਡਰਾਅ ਉਨਾਂ ਲਈ ਸੀ, ਜਿਹੜੇ ਸ਼ਹਿਰ ਵਾਸੀਆਂ ਵੱਲੋਂ ਪ੍ਰਾਪਰਟੀ, ਹਾਊਸ ਅਤੇ ਹੋਰ ਟੈਕਸਾਂ ਜਾਂ ਫੀਸਾਂ ਦੀ ਅਦਾਇਗੀ ਈ-ਪੋਜ਼ ਅਤੇ ਡਿਜੀਟਲ ਮਸ਼ੀਨਾਂ ਰਾਹੀਂ ਕੀਤੀ ਹੈ। ਲੱਕੀ ਡਰਾਅ ਵਿੱਚ ਰੋਸ਼ਨ ਲਾਲ ਨੂੰ ਪਹਿਲਾ, ਰਾਜਿੰਦਰਪਾਲ ਮਹਿੰਦਰਾ ਨੂੰ ਦੂਜਾ ਇਨਾਮ ਦਿੱਤਾ ਗਿਆ। ਇਸੇ ਤਰਾਂ ਜਸਪਾਲ ਸਿੰਘ, ਰਾਕੇਸ਼ ਰਾਣੀ ਅਤੇ ਦਵਿੰਦਰ ਸਿੰਘ ਨੂੰ ਤੀਜਾ ਇਨਾਮ ਦਿੱਤਾ ਗਿਆ। ਜਸਵੀਰ ਸਿੰਘ, ਪ੍ਰੇਮ ਪਾਲ ਅਗਰਵਾਲ, ਗੁਰਿੰਦਰਪਾਲ ਸਿੰਘ, ਪਲਵਿੰਦਰ ਕੌਰ, ਕਮਲਜੀਤ ਕੌਰ ਨੂੰ ਸਾਂਝੇ ਤੌਰ ‘ਤੇ ਚੌਥੇ ਇਨਾਮ ਲਈ ਚੁਣਿਆ ਗਿਆ।

ਉਨਾਂ ਦੱਸਿਆ ਕਿ ਇਸ ਅਦਾਇਗੀ ਪ੍ਰਣਾਲੀ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ। ਜਦੋਂ ਤੋਂ ਈ-ਪੋਜ਼ ਅਤੇ ਆਨਲਾਈਨ ਅਦਾਇਗੀ ਸ਼ੁਰੂ ਕੀਤੀ ਗਈ ਹੈ, ਉਦੋਂ ਤੋਂ ਹੁਣ ਤੱਕ 1 ਕਰੋੜ 80 ਲੱਖ ਰੁਪਏ ਡਿਜ਼ੀਟਲ ਤਰੀਕੇ ਨਾਲ ਜਮਾਂ ਹੋਏ ਹਨ। ਕੁੱਲ 3000 ਤੋਂ ਵਧੇਰੇ ਟਰਾਂਜੈਕਸ਼ਨਾਂ ਹੋਈਆਂ ਹਨ। ਉਨਾਂ ਕਿਹਾ ਕਿ ਡਿਜ਼ੀਟਲ ਜਮਾਂ ਰਾਸ਼ੀ ਕਰਾਉਣ ਲਈ ਕੋਈ ਵੀ ਛੁਪਿਆ ਟੈਕਸ ਜਾਂ ਸਰਚਾਰਜ ਟੈਕਸਧਾਰਕ ਨੂੰ ਨਹੀਂ ਦੇਣਾ ਪੈਂਦਾ ਭਾਵੇਂਕਿ ਪੇਮੈਂਟ ਕਿੰਨੀ ਵੱਡੀ ਕਿਉਂ ਨਾ ਹੋਵੇ।

ਉਨਾਂ ਕਿਹਾ ਕਿ ਲੋਕਾਂ ਨੂੰ ਡਿਜ਼ੀਟਲ ਪੇਮੈਂਟ ਲਈ ਹੋਰ ਉਤਸ਼ਾਹਿਤ ਕਰਨ ਲਈ ਸਿਟੀ ਬੱਸ ਦੇ ਡਿਜ਼ੀਟਲ ਕਾਰਡ ਸਥਾਨਕ ਬੱਸ ਅੱਡੇ ਵਿੱਚ ਬਣਾਏ ਜਾ ਰਹੇ ਹਨ, ਜਦਕਿ ਜਲਦ ਹੀ ਇਹ ਕਾਰਡ ਹਰੇਕ ਜ਼ੋਨ ਦਫ਼ਤਰ ਵਿੱਚ ਬਣਨ ਲੱਗਣਗੇ। ਇਸ ਤੋਂ ਇਲਾਵਾ ਅੱਜ ਆਯੋਜਿਤ ਕੀਤਾ ਗਿਆ ਲੱਕੀ ਡਰਾਅ ਹੁਣ ਹਰ ਮਹੀਨੇ ਕੱਢਿਆ ਜਾਇਆ ਕਰੇਗਾ ਤਾਂ ਜੋ ਲੋਕ ਡਿਜ਼ੀਟਲ ਲੈਣ-ਦੇਣ ਵੱਲ ਹੋਰ ਉਤਸ਼ਾਹਿਤ ਹੋਣ। ਇਸ ਮੌਕੇ ਉਨਾਂ ਨਾਲ  ਤਜਿੰਦਰਪਾਲ ਸਿੰਘ ਪੰਛੀ, ਐੱਚ. ਡੀ. ਐੱਫ. ਸੀ. ਮੈਨੇਜਰ  ਅਨਿਲ ਗੁਪਤਾ ਅਤੇ ਹੋਰ ਵੀ ਹਾਜ਼ਰ ਸਨ।

 

24120cookie-checkਨਗਰ ਨਿਗਮ ਨੂੰ ਈ-ਪੋਜ਼ ਜਾਂ ਡਿਜੀਟਲ ਮਸ਼ੀਨਾਂ ਰਾਹੀਂ ਅਦਾਇਗੀ ਕਰਨ ਵਾਲਿਆਂ ਲਈ ਕੱਢਿਆ ਲੱਕੀ ਡਰਾਅ

Leave a Reply

Your email address will not be published. Required fields are marked *

error: Content is protected !!