![]()

ਵੋਟਾਂ ਅੱਜ, 52 ਵਾਰਡਾਂ ਲਈ 146 ਉਮੀਦਵਾਰ ਮੈਦਾਨ ਵਿੱਚ, ਵੋਟਰ ਬਿਨਾਂ ਡਰ ਅਤੇ ਭੈਅ ਤੋਂ ਵੋਟ ਦਾ ਇਸਤੇਮਾਲ ਕਰਨ-ਜ਼ਿਲਾ ਚੋਣ ਅਫ਼ਸਰ
ਲੁਧਿਆਣਾ, 16 ਦਸੰਬਰ ( ਸਤ ਪਾਲ ਸੋਨੀ ) : ਜ਼ਿਲਾ ਲੁਧਿਆਣਾ ਦੀਆਂ ਮਾਛੀਵਾਡ਼ਾ, ਮੁੱਲਾਂਪੁਰ, ਮਲੌਦ ਅਤੇ ਸਾਹਨੇਵਾਲ ਨਗਰ ਕੌਂਸਲਾਂ ਦੀ ਚੋਣ ਲਈ ਵੋਟਾਂ ਮਿਤੀ 17 ਦਸੰਬਰ, 2017 ਦਿਨ ਐਤਵਾਰ ਨੂੰ ਪਾਈਆਂ ਜਾ ਰਹੀਆਂ ਹਨ। ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦਿੱਤੀ। ਅਗਰਵਾਲ ਨੇ ਦੱਸਿਆ ਕਿ ਵੋਟਾਂ ਸਵੇਰੇ 8:00 ਤੋਂ ਸ਼ਾਮ 4:00 ਵਜੇ ਤੱਕ ਪੈਣਗੀਆਂ ਅਤੇ ਨਤੀਜਿਆਂ ਦਾ ਐਲਾਨ ਉਸੇ ਦਿਨ ਸ਼ਾਮ ਨੂੰ ਕਰ ਦਿੱਤਾ ਜਾਵੇਗਾ। ਇਸ ਵਾਰ ਚੋਣ ਅਮਲ ਦੌਰਾਨ ਈ.ਵੀ.ਐਮ. ਮਸ਼ੀਨਾਂ ਦੀ ਵਰਤੋਂ ਕੀਤੇ ਜਾ ਰਹੀ ਹੈ ਅਤੇ ਵੋਟਰਾਂ ਨੂੰ ਪਹਿਲੀ ਵਾਰ ਨੋਟਾ ਬਟਨ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਉਨਾਂ ਸਮੂਹ ਸੰਬੰਧਤ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਡਰ ਅਤੇ ਭੈਅ ਤੋਂ ਇਸ ਚੋਣ ਅਮਲ ਵਿੱਚ ਵੱਧ ਚਡ਼ ਕੇ ਹਿੱਸਾ ਲੈਣ। ਚੋਣ ਅਮਲ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾਡ਼ਨ ਲਈ ਜ਼ਿਲਾ ਲੁਧਿਆਣਾ ਵਿੱਚ 68 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ, ਜਿੱਥੇ ਕਿ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਨਾਲ ਪਹੁੰਚ ਚੁੱਕੀਆਂ ਹਨ।
ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਕੁੱਲ 31 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਮੰਨੇ ਗਏ ਹਨ। ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਵੋਟਾਂ ਪਵਾਉਣ ਲਈ ਕਰੀਬ 300 ਸਿਵਲ ਮੁਲਾਜ਼ਮ ਲਗਾਏ ਗਏ ਹਨ, ਜਦਕਿ ਪੁਲਿਸ ਵੱਲੋਂ ਵੀ 200 ਦੇ ਕਰੀਬ ਕਰਮਚਾਰੀ ਵੱਖ-ਵੱਖ ਪੋਲਿੰਗ ਸਟੇਸ਼ਨਾਂ ‘ਤੇ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸਿਵਲ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਲਗਾਤਾਰ ਚੋਣ ਪ੍ਰਕਿਰਿਆ ‘ਤੇ ਨਿਗਰਾਨੀ ਰੱਖਣਗੇ।
ਉਨਾਂ ਦੱਸਿਆ ਕਿ ਮਾਛੀਵਾਡ਼ਾ ਦੇ 15 ਵਾਰਡਾਂ ਲਈ 45 ਉਮੀਦਵਾਰ, ਮਲੌਦ ਦੇ 9 ਵਾਰਡਾਂ ਲਈ 21 ਉਮੀਦਵਾਰ, ਮੁੱਲਾਂਪੁਰ ਦੇ 13 ਵਾਰਡਾਂ ਲਈ 46 ਉਮੀਦਵਾਰ ਅਤੇ ਸਾਹਨੇਵਾਲ ਦੇ 15 ਵਾਰਡਾਂ ਲਈ 34 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਉਨਾਂ ਦੱਸਿਆ ਕਿ ਮਲੌਦ ਦੇ ਵਾਰਡ ਨੰਬਰ 4 ਅਤੇ 5 ਵਿੱਚ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਹੋ ਚੁੱਕੇ ਹਨ।