![]()

ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਣ ਵਾਲਿਆਂ ਲਈ ਸਜਾ– ਏ– ਮੌਤ ਦਾ ਕਾਨੂੰਨ ਬਣਾਇਆ ਜਾਵੇ
ਲੁਧਿਆਣਾ , 19 ਜੁਲਾਈ (ਸਤ ਪਾਲ ਸੋਨੀ) : ਬੀਤੇ ਦਿਨ ਨਕੋਦਰ ਦੇ ਪਿੰਡ ਖਾਨਪੁਰ ਟੱਡਾ ਦੀ ਮਸਜਿਦ ‘ਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਪਵਿੱਤਰ ਕੁਰਾਨ ਸ਼ਰੀਫ ਨੂੰ ਜਲਾਏ ਜਾਣ ਤੋਂ ਬਾਅਦ ਪੁਲਿਸ ਵੱਲੋਂ ਐਫ. ਆਈ . ਆਰ ਦਰਜ ਹੋਣ ਦੇ ਬਾਵਜੂਦ ਗੁਨਾਹਗਾਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪ੍ਰਸ਼ਾਸਨ ਦਾ ਇਹ ਢਿੱਲਾ–ਮਿੱਠਾ ਰਵੱਈਆ ਨਾ ਕਾਬਿਲੇ ਬਰਦਾਸ਼ਤ ਹੈ । ਇਹ ਗੱਲ ਅੱਜ ਇੱਥੇ ਲੁਧਿਆਣਾ ਜਾਮਾ ਮਸਜਿਦ ‘ਚ ਜੁੰਮੇ ਦੀ ਨਮਾਜ਼ ਤੋਂ ਪਹਿਲਾਂ ਹਜਾਰਾਂ ਨਮਾਜੀਆਂ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਹੀ । ਸ਼ਾਹੀ ਇਮਾਮ ਨੇ ਕਿਹਾ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਲਈ ਸਜਾ–ਏ– ਮੌਤ ਦਾ ਕਨੂੰਨ ਬਣਾਏ ਤਾਂ ਜੋ ਅਜਿਹੀ ਨਾਪਾਕ ਹਰਕਤ ਕਰਨ ਵਾਲਿਆਂ ਨੂੰ ਨਕੇਲ ਪਾਈ ਜਾ ਸਕੇ ।
ਸ਼ਾਹੀ ਇਮਾਮ ਨੇ ਕਿਹਾ ਕਿ ਨਕੋਦਰ ਦੇ ਪਿੰਡ ਖਾਨਪੁਰ ‘ਚ ਕੁਰਾਨ ਪਾਕ ਦੀ ਸ਼ਾਨ ‘ਚ ਜਿਨਾਂ ਲੋਕਾਂ ਨੇ ਵੀ ਗੁਸਤਾਖੀ ਕੀਤੀ ਹੈ ਉਹ ਬਖਸ਼ੇ ਨਹੀਂ ਜਾ ਸਕਦੇ, ਉਨਾਂ ਨੂੰ ਹਰ ਹਾਲ ‘ਚ ਜੇਲ ਦੀਆਂ ਸਲਾਖਾਂ ਦੇ ਪਿੱਛੇ ਜਾਣਾ ਪਵੇਗਾ । ਉਨਾਂ ਕਿਹਾ ਕਿ ਜਲੰਧਰ ਦੇਹਾਤੀ ਦਾ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਨੂੰ ਹਲਕਾ ਸਮਝ ਰਿਹਾ ਹੈ ਇਸ ਲਈ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਪ੍ਰਸ਼ਾਸ਼ਨ ਸਮਝ ਲਵੇਂ ਕਿ ਪੰਜਾਬ ਭਰ ਦੇ ਮੁਸਲਮਾਨਾਂ ਦੇ ਜਜਬਾਤ ਇਸ ਕਾਂਡ ਨਾਲ ਮਜਰੂਹ ਹੋਏ ਹਨ ਇਸ ਲਈ ਇਸ ਮਾਮਲੇ ‘ਚ ਜ਼ਿਆਦਾ ਦੇਰੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ । ਇਸ ਮੌਕੇ ‘ਤੇ ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਅਹਿਰਾਰੀ ਨੇ ਦੱਸਿਆ ਕਿ ਘਟਨਾ ਦੀ ਖਬਰ ਮਿਲਦੇ ਹੀ ਉਹ ਉਸੇ ਦਿਨ ਸ਼ਾਹੀ ਇਮਾਮ ਸਾਹਿਬ ਦੇ ਆਦੇਸ਼ ‘ਤੇ ਖਾਨਪੁਰ ਗਏ ਸਨ । ਮੁਸਤਕੀਮ ਨੇ ਦੱਸਿਆ ਕਿ ਇਸ ਮਾਮਲੇ ‘ਚ ਗੁਨਹਗਾਰਾਂ ਦੀ ਗ੍ਰਿਫਤਾਰੀ ਦੇ ਸੰਬੰਧ ‘ਚ ਜਲਦੀ ਹੀ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗੁਵਾਈ ‘ਚ ਇੱਕ ਵਫਦ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮਿਲੇਗਾ ।