![]()

ਬੱਚਿਆਂ ਨੇ ਪੇਸ਼ ਕੀਤਾ ਸੱਭਿਆਚਾਰਕ ਪ੍ਰੋਗਰਾਮ
ਖੰਨਾ, ਲੁਧਿਆਣਾ, 2 ਮਈ ( ਸਤ ਪਾਲ ਸੋਨੀ ) : ਦਿੱਲੀ ਪਬਲਿਕ ਸਕੂਲ, ਖੰਨਾ ਵਿਖੇ ਬੀਤੇ ਦਿਨੀ ਮਜ਼ਦੂਰ ਦਿਵਸ ਸਮਾਗਮ ਮਨਾਇਆ ਗਿਆ। ਸਕੂਲ ਦੇ ਪ੍ਰਬੰਧਕਾਂ ਵੱਲੋਂ ਸਕੂਲ ਵਿੱਚ ਮਜ਼ਦੂਰਾਂ ਦਾ ਸਮਾਗਮ ‘ਚ ਸ਼ਾਮਲ ਹੋਣ ‘ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਚੇਅਰਮੈਨ ਧੰਨਵੀਰ ਸਿੰਘ ਬੈਂਸ ਨੇ ਸਕੂਲ ਵਿੱਚ ਇਕੱਤਰ ਹੋਏ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਪੂਰੇ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਦੀ ਸ਼ੁਰੂਆਤ 4 ਮਈ 1886 ਨੂੰ ਸ਼ਿਕਾਗੋ ਵਿੱਚ ਉਸ ਸਮੇਂ ਹੋਈ ਸੀ ਜਦੋਂ ਮਜ਼ਦੂਰਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਮਜ਼ਦੂਰ ਇਕੱਠੇ ਹੋ ਕੇ ਮੰਗ ਕਰ ਰਹੇ ਸਨ ਕਿ ਇੱਕ ਦਿਹਾਡ਼ੀ ਵਿੱਚ ਕੰਮ ਦੇ ਘੰਟੇ 8 ਹੋਣ ਅਤੇ ਹਫਤੇ ਵਿੱਚ ਇੱਕ ਦਿਨ ਦੀ ਛੁੱਟੀ ਹੋਵੇ। ਇਸੇ ਦੌਰਾਨ ਕਿਸੇ ਵਿਅਕਤੀ ਨੇ ਬੰਬ ਚਲਾ ਦਿੱਤਾ ਅਤੇ ਪੁਲਿਸ ਫਾਇਰਿੰਗ ਵਿੱਚ ਕੁੱਝ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਇਨਾਂ ਮਜ਼ਦੂਰਾਂ ਦੀ ਯਾਦ ਵਿੱਚ ਇੱਕ ਮਈ ਨੂੰ ਹਰ ਸਾਲ ਅੰਤਰ-ਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ।
ਉਨਾਂ ਨੇ ਮਜ਼ਦੂਰਾਂ ਵੱਲੋਂ ਖੂਬ ਮਿਹਨਤ ਨਾਲ ਕੀਤੇ ਜਾਂਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨਾਂ ਦੀ ਬਦੌਲਤ ਅੱਜ ਸਾਨੂੰ ਵੱਡੇ-ਵੱਡੇ ਹੋਟਲਾਂ, ਬਿਲਡਿੰਗਾਂ, ਕਾਰੋਬਾਰੀ ਦਫਤਰਾਂ ਵਿੱਚ ਰਹਿਣ ਦਾ ਬੈਠਣ ਦਾ ਮੌਕਾ ਮਿਲ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਵਿਚ ਲੱਖਾਂ ਦੀ ਤਦਾਦ ਵਿਚ ਕਿਰਤੀ ਕੰਮ ਦੀ ਤਲਾਸ਼ ਵਿਚ ਲੇਬਰ ਚੌਕਾਂ ਵਿਚ ਖਡ਼ੇ ਹੁੰਦੇ ਹਨ, ਜਿਥੇ ਉਨਾਂ ਨੂੰ ਧੁੱਪ, ਮੀਹ ਅਤੇ ਹਨੇਰੀ ਆਦਿ ਦਾ ਸਾਹਮਣਾ ਕਰਨਾ ਪੈਦਾ ਹੈ, ਉਨਾਂ ਮਜ਼ਦੂਰਾਂ ਦੀ ਇਸ ਅਣਥੱਕ ਮਿਹਨਤ ਅਤੇ ਨਿਰੰਤਰ ਕੋਸ਼ਿਸ਼ ਦੀ ਪ੍ਰਸੰਸਾ ਕੀਤੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਜ਼ਦੂਰ ਦਿਵਸ ਸਮਾਗਮ ‘ਤੇ ਭੰਗਡ਼ਾ, ਗਿੱਧਾ ਅਤੇ ਨਾਟਕ ਆਦਿ ਪੇਸ਼ ਕੀਤੇ ਗਏ। ਮਜ਼ਦੂਰਾਂ ਨੂੰ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਕਾਰਡ ਅਤੇ ਫੁੱਲ ਵੀ ਭੇਂਟ ਕੀਤੇ ਗਏ।
ਇਸ ਮੌਕੇ ਹਾਜ਼ਰ ਵਿਦਿਆਰਥੀਆਂ ਦੇ ਮਾਪਿਆਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਇਸ ਮਜ਼ਦੂਰ ਦਿਵਸ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ। ਸਕੂਲ ਦੇ ਪ੍ਰਿੰਸੀਪਲ ਮੁਖ਼ਰਜੀ ਨੇ ਵੀ ਇਸ ਮਜ਼ਦੂਰ ਦਿਵਸ ਸਮਾਗਮ ‘ਤੇ ਸੰਬੋਧਨ ਕਰਦਿਆਂ ਮਜ਼ਦੂਰਾਂ ਦੀ ਖੂਬ ਪ੍ਰਸੰਕੀਤੀ। ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਮਜ਼ਦੂਰਾਂ ਦੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।