ਤਿੰਨ ਸੀ. ਈ. ਟੀ. ਪੀਜ਼ ਦਾ ਕੰਮ ਜਲਦ ਹੋਵੇਗਾ ਸ਼ੁਰੂ

Loading

 

 

ਡਿਪਟੀ ਕਮਿਸ਼ਨਰ ਵੱਲੋਂ ਵਿਧਾਇਕ ਤਲਵਾਡ਼ ਅਤੇ ਆਸ਼ੂ ਨਾਲ ਪ੍ਰੋਜੈਕਟਾਂ ਦਾ ਜਾਇਜ਼ਾ

ਲੁਧਿਆਣਾ,  23 ਸਤੰਬਰ  ( ਸਤ ਪਾਲ ਸੋਨੀ ) ਸਨਅਤੀ ਸ਼ਹਿਰ ਲੁਧਿਆਣਾ ਵਿੱਚ ਤਿੰਨ ਸੀ. ਈ. ਟੀ. ਪੀਜ਼ (ਸਾਂਝੇ ਪ੍ਰਦੂਸ਼ਿਤ ਪਾਣੀ ਸੋਧਕ ਪਲਾਂਟ) ਸਥਾਪਤ ਕਰਨ ਦਾ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦਿਸ਼ਾ ਵਿੱਚ ਤੇਜ਼ੀ ਲਿਆਉਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਹਲਕਾ ਲੁਧਿਆਣਾ (ਪੂਰਬੀ) ਦੇ ਵਿਧਾਇਕ ਸ੍ਰੀ ਸੰਜੇ ਤਲਵਾਡ਼ ਅਤੇ ਹਲਕਾ ਲੁਧਿਆਣਾ (ਪੱਛਮੀ) ਦੇ ਵਿਧਾਇਕ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਤਿੰਨੋਂ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਅਤੇ ਸੰਬੰਧਤ ਅਧਿਕਾਰੀਆਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ। ਦੱਸਣਯੋਗ ਹੈ ਕਿ ਇਨਾਂ  ਪ੍ਰੋਜੈਕਟਾਂ ਨੂੰ ਸਿਰੇ ਲਗਾਉਣ ਲਈ ਬੀਤੇ ਦਿਨੀਂ ਹੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਮੁੱਢਲੀ ਰਾਸ਼ੀ ਮਨਜੂਰ ਕਰਕੇ ਕੰਮ ਸ਼ੁਰੂ ਕਰਾਉਣ ਬਾਰੇ ਕਿਹਾ ਸੀ।

ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਲੁਧਿਆਣਾ ਵਿੱਚ 135 ਕਰੋਡ਼ ਰੁਪਏ ਦੀ ਲਾਗਤ ਨਾਲ ਤਿੰਨ ਸੀ. ਈ. ਟੀ. ਪੀ. (ਸਾਂਝੇ ਪ੍ਰਦੂਸ਼ਿਤ ਪਾਣੀ ਸੋਧਕ ਪਲਾਂਟ) ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਪਲਾਂਟ ਸ਼ਹਿਰ ਲੁਧਿਆਣਾ ਵਿੱਚ ਚੱਲ ਰਹੀਆਂ 260 ਟੈਕਸਟਾਈਲ ਡਾਇੰਗ ਸਨਅਤਾਂ ਵਿੱਚ ਆਪਣੇ ਪੱਧਰ ‘ਤੇ ਲਗਾਏ ਗਏ ਸੀ. ਈ. ਟੀ. ਪੀਜ਼ ਵੱਲੋਂ ਜਾਰੀ ਕੀਤੇ ਜਾ ਰਹੇ ਸੋਧਕ ਪਾਣੀ ‘ਤੇ ਮੋਨੀਟਰਿੰਗ ਕਰਨਗੇ।
ਉਨਾਂ  ਹੋਰ ਵੇਰਵਾ ਦਿੰਦਿਆਂ ਦੱਸਿਆ ਕਿ ਇਹ ਸੀ. ਈ. ਟੀ. ਪੀ ਤਾਜਪੁਰ ਸਡ਼ਕ ਤੇ ਰਾਹੋਂ ਸਡ਼ਕ ‘ਤੇ 50 ਐੱਮ.ਐੱਲ. ਡੀ., ਫੋਕਲ ਪੁਆਇੰਟ ਵਿੱਚ 40 ਐੱਮ. ਐੱਲ. ਡੀ. ਅਤੇ ਬਹਾਦਰਕੇ ਸਡ਼ਕ ‘ਤੇ 15 ਐੱਮ. ਐੱਲ. ਡੀ. ਕਪੈਸਟੀ (ਸਮਰੱਥਾ) ਦੇ ਲਗਾਏ ਜਾਣਗੇ। ਉਨਾਂ  ਕਿਹਾ ਕਿ 15 ਐੱਮ. ਐੱਲ. ਡੀ. ਸਮਰੱਥਾ ਵਾਲਾ ਸੀ. ਈ. ਟੀ. ਪੀ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ 23 ਕਰੋਡ਼ ਰੁਪਏ ਰਾਸ਼ੀ ਮਨਜੂਰ ਕਰ ਦਿੱਤੀ ਗਈ ਹੈ ਅਤੇ ਇਹ ਕੰਮ ਅਕਤੂਬਰ 2017 ਵਿੱਚ ਸ਼ੁਰੂ ਹੋ ਜਾਵੇਗਾ। ਦੂਜੇ ਦੋ ਸੀ. ਈ. ਟੀ. ਪੀਜ਼ ਵੀ ਮਨਜ਼ੂਰ ਹੋ ਚੁੱਕੇ ਹਨ ਅਤੇ ਇਨਾਂ ਦਾ ਕੰਮ ਵੀ ਅਗਲੇ ਸਾਲ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਸ੍ਰੀ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨਾਂ  ਪ੍ਰੋਜੈਕਟਾਂ ਨੂੰ ਜਲਦ ਮੁਕੰਮਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨਾਂ  ਉਮੀਦ ਜਤਾਈ ਕਿ ਇਨਾਂ  ਪ੍ਰੋਜੈਕਟਾਂ ਦੇ ਚਾਲੂ ਹੋਣ ਨਾਲ ਬੁੱਢਾ ਨਾਲ਼ਾ ਵਿੱਚ ਪ੍ਰਦੂਸ਼ਿਤ ਪਾਣੀ ਦੇ ਵਹਾਅ ਨੂੰ ਵੱਡੇ ਪੱਧਰ ‘ਤੇ ਕਾਬੂ ਕਰ ਲਿਆ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸ੍ਰੀ ਆਸ਼ੂ ਅਤੇ ਸ੍ਰੀ ਤਲਵਾਡ਼ ਨੇ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਲੁਧਿਆਣਾ ਦੇ ਵਿਕਾਸ ਨੂੰ ਅੱਗੇ ਤੋਰਨ ਦੇ ਨਾਲ-ਨਾਲ ਗੰਦੇ ਨਾਲੇ ਦੀ ਸਫ਼ਾਈ ਵਿੱਚ ਵੀ ਵੱਡਾ ਯੋਗਦਾਨ ਪਾਉਣਗੇ। ਜਿਸ ਨਾਲ ਲੁਧਿਆਣਾ ਸਮੇਤ ਮਾਲਵੇ ਦੇ ਲੋਕ ਵੱਖ-ਵੱਖ ਬਿਮਾਰੀਆਂ ਤੋਂ ਬਚਣਗੇ। ਉਨਾਂ  ਕਿਹਾ ਕਿ ਪੰਜਾਬ ਸਰਕਾਰ ਜਿੱਥੇ ਸੂਬੇ ਵਿੱਚ ਵੱਡੇ ਪ੍ਰੋਜੈਕਟ ਲਗਾਉਣ ਜਾ ਰਹੀ ਹੈ, ਉਥੇ ਕਿਸੇ ਨਾ ਕਿਸੇ ਕਾਰਨ ਰੁਕੇ ਪ੍ਰੋਜੈਕਟਾਂ ਨੂੰ ਵੀ ਮੁਡ਼ ਸ਼ੁਰੂ ਕੀਤਾ ਜਾ ਰਿਹਾ ਹੈ।

4920cookie-checkਤਿੰਨ ਸੀ. ਈ. ਟੀ. ਪੀਜ਼ ਦਾ ਕੰਮ ਜਲਦ ਹੋਵੇਗਾ ਸ਼ੁਰੂ

Leave a Reply

Your email address will not be published. Required fields are marked *

error: Content is protected !!