![]()

ਮੁਸਲਮਾਨ ਸ਼ਰੀਅਤ ਮੁਤਾਬਿਕ ਜੀਵਨ ਬਤੀਤ ਕਰਣ
ਲੁਧਿਆਣਾ, 2 ਅਗਸਤ (ਸਤ ਪਾਲ ਸੋਨੀ) : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮੁਸਲਮਾਨਾਂ ਦੇ ਵਿਆਹ ਅਤੇ ਤਲਾਕ ਦੇ ਵਿਸ਼ੇ ‘ਚ ਬਣਾਏ ਗਏ ਤਿੰਨ ਤਲਾਕ ਦੇ ਬਿਲ ਨੂੰ ਅਧੂਰਾ ਦੱਸਦੇ ਹੋਏ ਮਜਲਿਸ ਅਹਿਰਾਰ ਇਸਲਾਮ ਹਿੰਦ ਨੇ ਇਸਨੂੰ ਅਫਸੋਸ ਨਾਕ ਕਰਾਰ ਦਿੱਤਾ ਹੈ, ਮਜਲਿਸ ਅਹਿਰਾਰ ਦੇ ਮੁੱਖ ਦਫਤਰ ਜਾਮਾ ਮਸਜਿਦ ਲੁਧਿਆਣਾ ਤੋਂ ਜਾਰੀ ਬਿਆਨ ‘ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਤਿੰਨ ਤਲਾਕ ‘ਤੇ ਬਣਾਇਆ ਗਿਆ ਕਨੂੰਨ ਦੇਸ਼ ਦੀ ਮੁਸਲਮਾਨ ਔਰਤਾਂ ਨੂੰ ਧੋਖਾ ਦੇਣ ਵਾਲਾ ਹੈ । ਸੰਸਦੀ ਕਮੇਟੀ ਨੇ ਮੁਸਲਮਾਨ ਬੁੱਧਿਜੀਵੀਆਂ ਵੱਲੋਂ ਬਿਲ ‘ਚ ਸੁਧਾਰ ਲਈ ਦਿੱਤੇ ਗਏ ਸਾਰੇ ਸੁਝਾਵਾਂ ਨੂੰ ਖਾਰਿਜ ਕਰ ਦਿੱਤਾ ਜਿਸ ਦੀ ਵਜਾ ਨਾਲ ਇਹ ਬਿਲ ਫਾਇਦੇ ਦੀ ਜਗਾ ਨੁਕਸਾਨ ਦੇਹ ਸਾਬਿਤ ਹੋਵੇਗਾ । ਸ਼ਾਹੀ ਇਮਾਮ ਨੇ ਕਿਹਾ ਕਿ ਪਤੀ-ਪਤਨੀ ਦੇ ਘਰੇਲੂ ਝਗੜੇ ‘ਚ ਪੰਚਾਇਤ ਦੇ ਲੋਕ ਬੈਠ ਕੇ ਗੱਲ ਕਰਦੇ ਹਨ ਤੇ ਤਕਰੀਬਨ 90 ਫੀਸਦੀ ਝਗੜੇ ਖਤਮ ਹੋ ਕੇ ਪਤੀ-ਪਤਨੀ ਵਾਪਿਸ ਇੱਕ ਹੋ ਜਾਂਦੇ ਹਨ, ਇਸ ਨਾਲ ਘਰ ਟੁੱਟਣ ਤੋਂ ਬੱਚ ਜਾਂਦਾ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਤਿੰਨ ਤਲਾਕ ‘ਤੇ ਬਣਾਏ ਗਏ ਕਨੂੰਨ ‘ਚ ਪਹਿਲੇ ਪੜਾਅ ‘ਤੇ ਹੀ ਐਫ. ਆਈ. ਆਰ ਦਰਜ ਕਰਕੇ ਸ਼ੌਹਰ ( ਪਤੀ ) ਦੀ ਗ੍ਰਿਫਤਾਰੀ ਦਾ ਆਦੇਸ਼ ਦੇ ਕੇ ਟੁੱਟ ਰਹੇ ਰਿਸ਼ਤਿਆਂ ਨੂੰ ਜੋੜਣ ਦੀ ਜਗਾ ਤੋੜਣ ਦਾ ਕੰਮ ਕੀਤਾ ਹੈ ।
ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਕੇਂਦਰ ਸਰਕਾਰ ਜੇਕਰ ਸੱਚ ‘ਚ ਮੁਸਲਮਾਨ ਔਰਤਾਂ ਦੀ ਹਮਦਰਦ ਹੈ ਤਾਂ ਉਸਨੂੰ ਮੁਸਲਮਾਨ ਪਰਸਨਲ ਲਾਅ – ਬੋਰਡ ਦੀਆਂ ਸਿਫਾਰਿਸ਼ਾਂ ਨੂੰ ਮੰਨ ਲੈਣਾ ਚਾਹੀਦਾ ਸੀ ਜਿਸ ‘ਚ ਮੁਸਲਮਾਨ ਵਿਦਵਾਨ ਵੀ ਚਾਹੁੰਦੇ ਸਨ ਕਿ ਤਿੰਨ ਤਲਾਕ ਦੀ ਬਿੱਦਤ ਖਤਮ ਹੋਵੇ ਲੇਕਿਨ ਘਰਾਂ ਨੂੰ ਹਮੇਸ਼ਾ ਲਈ ਟੁੱਟਣ ਨਾ ਦਿੱਤਾ ਜਾਵੇ । ਸ਼ਾਹੀ ਇਮਾਮ ਨੇ ਕਿਹਾ ਕਿ ਸਿਆਸੀ ਪਾਰਟੀ ਕੀ ਕਹਿੰਦੀ ਹੈ ਇਹ ਬਾਅਦ ਦੀ ਗੱਲ ਹੈ ਮੁਸਲਮਾਨਾਂ ਲਈ ਬਣਾਏ ਗਏ ਕਨੂੰਨ ਦੇ ਵਿਸ਼ੇ ‘ਚ ਮੁਸਲਮਾਨ ਕੀ ਕਹਿੰਦੇ ਹਨ ਇਹ ਜ਼ਿਕਰਯੋਗ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਮੁਸਲਮਾਨਾਂ ਨੂੰ ਆਪਣਾ ਜੀਵਨ ਬਤੀਤ ਕਰਣ ਲਈ ਸ਼ਰੀਅਤ ਹੀ ਕਾਫ਼ੀ ਹੈ ਇਹੀ ਵਜਾ ਹੈ ਕਿ ਦੇਸ਼ ਭਰ ਦੀਆਂ ਅਦਾਲਤਾਂ ‘ਚ ਮੁਸਲਮਾਨਾਂ ਵਲੋਂ ਸਬੰਧਿਤ ਤਲਾਕ ਦੇ ਮੁਕੱਦਮੇ ਸੱਭ ਤੋਂ ਘੱਟ ਹਨ । ਸ਼ਾਹੀ ਇਮਾਮ ਨੇ ਕਿਹਾ ਕਿ ਨਿਕਾਹ ਅਤੇ ਤਲਾਕ ਦੇ ਅਕਸਰ ਮਸਲੇ ਮਸਜਿਦਾਂ ‘ਚ ਹੱਲ ਕੀਤੇ ਜਾਂਦੇ ਹਨ ਅਤੇ ਇਸ ‘ਚ ਜੇਕਰ ਕੋਈ ਅਸੰਤੁਸ਼ਟ ਜੋੜਾ ਕਾਨੂੰਨੀ ਕਾਰਵਾਈ ਕਰਦਾ ਹੈ ਤਾਂ ਉਸਨੂੰ ਨਵੇਂ ਬਣਾਏ ਗਏ ਕਨੂੰਨ ਤੋਂ ਘਰ ਵਸਣ ਦੀ ਉਂਮੀਦ ਨਹੀਂ ਰਖ਼ਨੀ ਚਾਹੀਦੀ ਹੈ । ਇੱਕ ਸਵਾਲ ਦੇ ਜਵਾਬ ‘ਚ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਬਿਲ ਦੀਆਂ ਕਮੀਆਂ ਨੂੰ ਦੂਰ ਕਰਕੇ ਇਸਨੂੰ ਮੁਸਲਮਾਨ ਔਰਤਾਂ ਲਈ ਸਿਆਸੀ ਪੈਂਤਰੇ ਦੀ ਬਜਾਏ ਘਰਾਂ ਨੂੰ ਜੋੜਣ ਵਾਲਾ ਰਾਸਤਾ ਬਣਾਉਣ ।