ਡੇਪੋ’ ਪ੍ਰੋਗਰਾਮ ਤਹਿਤ ਜ਼ਿਲਾ ਲੁਧਿਆਣਾ ਵਿੱਚ ਹਜ਼ਾਰਾਂ ਵਿਅਕਤੀਆਂ ਨੇ ਚੁੱਕੀ ਨਸ਼ਿਆਂ ਖ਼ਿਲਾਫ਼ ਸਹੁੰ

Loading

ਡੈਪੋ ਵਲੰਟੀਅਰ ਕਰਨਗੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਬਚਾਅ ਬਾਰੇ ਜਾਗਰੂਕ

ਲੁਧਿਆਣਾ, 23 ਮਾਰਚ ( ਸਤ ਪਾਲ ਸੋਨੀ ) : -ਨਸ਼ਿਆਂ ਖਿਲਾਫ ਆਪਣੀ ਲੜਾਈ ਨੂੰ ਜਾਰੀ ਰੱਖਦੇ ਹੋਏ ਪੰਜਾਬ ਸਰਕਾਰ ਦੁਆਰਾ ਨਸ਼ੇ ਦੀ ਵਰਤੋਂ ਰੋਕਣ ਲਈ ਬਹੁਪੱਖੀ ਪ੍ਰੋਗਰਾਮ ‘ਡੇਪੋ’ (ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼) ਅੱਜ ਸ਼ੁਰੂ ਕਰ ਦਿੱਤਾ ਗਿਆ ਹੈ, ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡ ਖਟਕੜ ਕਲਾਂ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਤੋਂ ਸਮੂਹ ‘ਡੈਪੋ’ ਅਧਿਕਾਰੀਆਂ ਨੂੰ ਸਹੁੰ ਚੁਕਾਈ। ਇਸ ਸੰਬੰਧੀ ਜ਼ਿਲਾ ਲੁਧਿਆਣਾ ਵਿੱਚ ਜ਼ਿਲਾ ਪੱਧਰੀ ਸਮਾਗਮ ਸਥਾਨਕ ਇੰਡੋਰ ਸਟੇਡੀਅਮ ਵਿਖੇ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਪ੍ਰੋਗਰਾਮ ਤਹਿਤ ਨਾ ਸਿਰਫ਼ ਨਸ਼ਿਆਂ ਖਿਲਾਫ ਲੜਾਈ ਲੜੀ ਜਾਵੇਗੀ ਬਲਕਿ ਨਸ਼ਿਆਂ ਦੇ ਚੱਕਰ ‘ਚ ਫਸੇ ਨੌਜਵਾਨਾਂ ਨੂੰ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਅਤੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਡੇਪੋ ਪ੍ਰੋਗਰਾਮ ਦਾ ਮੁੱਖ ਮੰਤਵ ਨਸ਼ੇ ਮੁਕਤ ਮੁਹੱਲੇ ਬਣਾਉਣਾ ਹੈ ਅਤੇ ਇਸ ਤਹਿਤ ਕਈ ਜ਼ਿਲਿਆਂ ‘ਚ ਵਲੰਟੀਅਰਾਂ ਦੇ ਨਾਮ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਰਜਿਸਟਰਡ ਵਰਕਰਾਂ ਨੂੰ ‘ਡੈਪੋ’ ਦਾ ਦਰਜਾ ਦਿੱਤਾ ਜਾ ਰਿਹਾ ਹੈ ਅਤੇ ਉਹ ਅੱਗੇ ਲੋਕਾਂ ਨੂੰ ਨਸ਼ਿਆਂ ਦੀ ਰੋਕਥਾਮ ਬਾਰੇ ਜਾਗਰੂਕ ਕਰ ਰਹੇ ਹਨ। ਉਨਾਂ ਕਿਹਾ ਕਿ ਹਰ ਇੱਕ ਡੇਪੋ ਵਲੰਟੀਅਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਨਸ਼ਿਆਂ ਖਿਲਾਫ ਜਾਗਰੂਕਤਾ ਪੈਦਾ ਕਰੇ, ਨਸ਼ੇ ‘ਚ ਫਸੇ ਲੋਕਾਂ ਦੀ ਪਹਿਚਾਣ ਕਰਕੇ ਉਨਾਂ ਨੂੰ ਨਸ਼ਾ ਮੁਕਤੀ ਕੇਂਦਰ ਸਬੰਧੀ ਜਾਣਕਾਰੀ ਦੇਵੇ, ਆਪਣੇ ਇਲਾਕੇ ‘ਚ ਖੇਡਾਂ ਜਾਂ ਹੋਰ ਸਕਾਰਾਤਮਕ ਸਰਗਰਮੀਆਂ ਨੂੰ ਉਤਸ਼ਾਹਤ ਕਰੇ ਅਤੇ ਜ਼ਿਲਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰੇ।
ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਜ਼ਮੀਨੀ ਪੱਧਰ ‘ਤੇ ਸੁਚੱਜੇ ਤਰੀਕੇ ਨਾਲ ਲਾਗੂ ਕਰਨ ਲਈ ਮਿਸ਼ਨ ਟੀਮਾਂ ਵੀ ਬਣਾਈਆਂ ਜਾਣਗੀਆਂ। ਉਨਾਂ ਕਿਹਾ ਕਿ ਜੇਕਰ ਕੋਈ ਵੀ ਨਸ਼ਿਆਂ ਨੂੰ ਖ਼ਤਮ ਕਰਨ ‘ਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਉਹ ਡੇਪੋ ਵਲੰਟੀਅਰ ਵਜੋਂ ਆਪਣਾ ਪੰਜੀਕਰਨ ਕਰਵਾ ਸਕਦਾ ਹੈ। ਡੇਪੋ ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਸ਼ਨਾਖ਼ਤੀ ਕਾਰਡ ਵੀ ਜਾਰੀ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਡੇਪੋ ਵਲੰਟੀਅਰ ਬਨਣ ਲਈ ਫਾਰਮ ਸਾਂਝ ਕੇਂਦਰਾਂ ਜਾਂ ਵੈੱਬਸਾਈਟ www.ppsaanjh.in ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸਾਰੇ ਹੀ ਸਰਕਾਰੀ ਕਰਮਚਾਰੀ ਵੀ ਇਸ ਪ੍ਰੋਗਰਾਮ ‘ਚ ਆਫਿਸ਼ੀਅਲ ਵਲੰਟੀਅਰ ਮੰਨੇ ਜਾਣਗੇ।
ਉਨਾਂ ਦੱਸਿਆ ਕਿ ਨਸ਼ੇ ‘ਚ ਫਸੇ ਲੋਕਾਂ ਨੂੰ ਬਚਾਉਣ ਲਈ ਸਰਕਾਰ ਦੁਆਰਾ ਉਨਾਂ ਦਾ ਇਲਾਜ ਕਰਵਾਇਆ ਜਾਵੇਗਾ। ਇਨਾਂ ਮਰੀਜ਼ਾਂ ਨੂੰ ਸਰਕਾਰ ਖ਼ਾਸ ਤਰੀਕੇ ਦੇ ਕਾਰਡ ਜਾਰੀ ਕਰੇਗੀ। ਜਿਸ ਨਾਲ ਕਿ ਮਰੀਜ਼ਾਂ ਸਬੰਧੀ ਜਾਣਕਾਰੀ ਆਸਾਨੀ ਨਾਲ ਮੁਹੱਈਆ ਕਰਵਾਈ ਜਾ ਸਕੇਗੀ। ਉਨਾਂ ਦੱਸਿਆ ਕਿ ਇਨਾਂ ਮਰੀਜ਼ਾਂ ਨੂੰ ਆਊਟ ਪੇਸ਼ੰਟ ਓਪੀਓਡ ਐਸਿਟਿਡ ਟਰੀਟਮੈਂਟ ਰਾਹੀਂ ਇਲਾਜ ਮੁਹੱਈਆਂ ਕਰਵਾਇਆ ਜਾਵੇਗਾ। ਇਸ ਮੌਕੇ ਹਾਜ਼ਰ ‘ਡੈਪੋਜ਼’ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਦੇ ਇਸ ਪ੍ਰੋਗਰਾਮ ਨੂੰ ਪੂਰਨ ਤੌਰ ‘ਤੇ ਸਫ਼ਲ ਕੀਤਾ ਜਾਵੇਗਾ। ਇਸ ਮੌਕੇ ਸਮੂਹ ਹਾਜ਼ਰੀਨ ਵੱਲੋਂ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੀਆਂ ਤਸਵੀਰਾਂ ‘ਤੇ ਫੁੱਲ ਮਾਲਾਵਾਂ ਵੀ ਭੇਟ ਕੀਤੀਆਂ ਗਈਆਂ।
ਇਥੇ ਇਹ ਦੱਸਣਯੋਗ ਹੈ ਕਿ ਅੱਜ ਜ਼ਿਲਾ ਲੁਧਿਆਣਾ ਵਿੱਚ ਉਪਰੋਕਤ ਸਮਾਗਮ ਤੋਂ ਇਲਾਵਾ ਹਰੇਕ ਸਬ ਡਵੀਜ਼ਨ, ਹਰੇਕ ਅਦਾਰੇ ਅਤੇ ਸੰਸਥਾ ਵਿੱਚ ਅਜਿਹੇ ਸਮਾਗਮ ਕਰਵਾਏ ਗਏ, ਜਿਨਾਂ ਵਿੱਚ ਹਜ਼ਾਰਾਂ ਡੈਪੋਜ਼ ਨੇ ਨਸ਼ਿਆਂ ਖ਼ਿਲਾਫ਼ ਸਹੁੰ ਚੁੱਕੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੰਜੇ ਤਲਵਾੜ, ਪੁਲਿਸ ਕਮਿਸ਼ਨਰ ਆਰ. ਐੱਨ. ਢੋਕੇ, ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਜਸਕਿਰਨ ਸਿੰਘ, ਜ਼ਿਲਾ ਕਾਂਗਰਸ ਪ੍ਰਧਾਨ ਸ੍ਰ. ਗੁਰਦੇਵ ਸਿੰਘ ਲਾਪਰਾਂ, ਵਧੀਕ ਡਿਪਟੀ ਕਮਿਸ਼ਨਰ (ਵਿ) ਸ਼ੇਨਾ ਅਗਰਵਾਲ, ਵਧੀਕ ਕਮਿਸ਼ਨਰ ਨਗਰ ਨਿਗਮ . ਸਨਯਮ ਅਗਰਵਾਲ, ਡਿਪਟੀ ਕਮਿਸ਼ਨਰ ਪੁਲਿਸ ਅਸ਼ਵਨੀ ਕਪੂਰ ਅਤੇ ਗਗਨ ਅਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਸੰਦੀਪ ਗਰਗ, ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ ਅਤੇ ਹੋਰ ਅਫ਼ਸਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

15200cookie-checkਡੇਪੋ’ ਪ੍ਰੋਗਰਾਮ ਤਹਿਤ ਜ਼ਿਲਾ ਲੁਧਿਆਣਾ ਵਿੱਚ ਹਜ਼ਾਰਾਂ ਵਿਅਕਤੀਆਂ ਨੇ ਚੁੱਕੀ ਨਸ਼ਿਆਂ ਖ਼ਿਲਾਫ਼ ਸਹੁੰ

Leave a Reply

Your email address will not be published. Required fields are marked *

error: Content is protected !!