![]()
ਦੀਵਾਲੀ ਤੋਂ ਪਹਿਲਾਂ ਖਾਧ ਪਦਾਰਥਾਂ ਦੀ ਸ਼ਪੈਸ਼ਲ ਚੈਕਿੰਗ ਕੀਤੀ ਜਾਵੇ-ਏ.ਡੀ.ਸੀ.(ਵਿਕਾਸ)

ਲੁਧਿਆਣਾ, 30 ਅਕਤੂਬਰ ( ਸਤ ਪਾਲ ਸੋਨੀ ) :ਜ਼ਿਲਾ ਸਿਹਤ ਸੋਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਸ਼ੇਨਾ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਸਿਵਲ ਸਰਜਨ ਲੁਧਿਆਣਾ ਅਤੇ ਸਮੂਹ ਐਸ.ਐਮ.ਓਜ਼ ਨੂੰ ਆਦੇਸ਼ ਦਿੱਤੇ ਕਿ ਦੀਵਾਲੀ ਅਤੇ ਹੋਰ ਤਿਓਹਾਰਾਂ ਤੋਂ ਪਹਿਲਾਂ ਖਾਣ-ਪੀਣ ਦੀਆਂ ਵਸਤੂਆਂ ਦੀ ਸ਼ਪੈਸ਼ਲ ਚੈਕਿੰਗ ਕਰਨੀ ਯਕੀਨੀ ਬਣਾਈ ਜਾਵੇ ਅਤੇ ਸੈਂਪਲ ਭਰੇ ਜਾਣ ਤਾਂ ਜੋ ਲੋਕਾਂ ਨੂੰ ਮਿਆਰੀ ਅਤੇ ਸ਼ੁੱਧ ਵਸਤੂਆਂ ਮੁਹੱਈਆ ਕਰਵਾਈਆਂ ਜਾ ਸਕਣ। ਉਨਾਂ ਦੱਸਿਆ ਕਿ ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਨਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਸਮੂਹ ਐਸ.ਐਮ.ਓਜ਼ ਨੂੰ ਕਿਹਾ ਕਿ ਉਹ ਆਪਣੇ-ਆਪਣੇ ਏਰੀਏ ਦੇ ਦੁਕਾਨਦਾਰਾਂ, ਹਲਵਾਈਆਂ ਅਤੇ ਡੇਅਰੀ ਮਾਲਕਾਂ ਨਾਲ ਮੀਟਿੰਗਾਂ ਕਰਨ ਅਤੇ ਮਿਲਾਵਟ ਰਹਿਤ ਤੇ ਵਧੀਆ ਕੁਆਲਟੀ ਮਠਿਆਈਆਂ ਤੇ ਹੋਰ ਵਸਤੂਆਂ ਵੇਚਣ/ਤਿਆਰ ਕਰਨ ਲਈ ਪ੍ਰੇਰਿਤ ਕਰਨ। ਉਨਾਂ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲਾ ਵਾਸੀਆਂ ਨੂੰ ਸ਼ੁੱਧ ਤੇ ਮਿਲਾਵਟ ਰਹਿਤ ਖਾਣ-ਪੀਣ ਦੀਆਂ ਵਸਤੂਆਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਡੇਂਗੂ ਤੋਂ ਬਚਾਓ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਜ਼ਿਲਾ ਸਿੱਖਿਆ ਅਫਸਰ (ਐ ਅਤੇ ਸ) ਨੂੰ ਆਦੇਸ਼ ਦਿੱਤੇ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਸਵੇਰ ਦੀ ਪ੍ਰਰਾਥਨਾ ਸਭਾ ਵਿੱਚ ਜਾਗਰੂਕ ਕਰਨ ਦੇ ਨਾਲ-ਨਾਲ ਪੂਰੀਆਂ ਬਾਹਾਂ ਦੇ ਕਮੀਜ਼ ਪਹਿਨਣ ਦੇ ਹੁਕਮ ਜਾਰੀ ਕੀਤੇ ਜਾਣ। ਉਨਾਂ ਸਿਹਤ ਵਿਭਾਗ ਅਤੇ ਨਗਰ-ਨਿਗਮ ਅਧਿਕਾਰੀਆਂ ਨੂੰ ਡੇਂਗੂ ਦੇ ਜਿਆਦਾ ਕੇਸਾਂ ਵਾਲੇ ਏਰੀਏ ਵਿੱਚ ਰੋਜ਼ਾਨਾ ਸਵੇਰ-ਸ਼ਾਮ ਫੋਗਿੰਗ ਕਰਵਾਉਣ ਦੇ ਆਦੇਸ਼ ਦਿੱਤੇ। ਉਨਾਂ ਕਿਹਾ ਕਿ ਸ਼ਹਿਰ ਵਿੱਚ ਫੋਗਿੰਗ ਕਰਨ ਦੀ ਏਰੀਆਵਾਈਜ਼ ਰੋਜ਼ਾਨਾ ਦੀ ਰਿਪੋਰਟ ਉਨਾਂ ਨੂੰ ਭੇਜਣੀ ਯਕੀਨੀ ਬਣਾਈ ਜਾਵੇ। ਉਨਾਂ ਸਿਹਤ ਵਿਭਾਗ, ਡੀ.ਡੀ..ਪੀ.ਓਜ਼ ਅਤੇ ਜ਼ਿਲਾ ਸਮੂਹ ਈ.ਓਜ਼ ਨੂੰ ਆਪਣੇ-ਆਪਣੇ ਖੇਤਰ ਵਿੱਚ ਵੀ ਫੋਗਿੰਗ ਕਰਵਾਉਣ ਦੇ ਆਦੇਸ਼ ਦਿੱਤੇ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਨੈਸ਼ਨਲ ਰੂਰਲ ਹੈਲਥ ਮਿਸ਼ਨ ਤਹਿਤ ਬੱਚਿਆਂ ਅਤੇ ਔਰਤਾਂ ਦੀ ਸਿਹਤ ਵਿੱਚ ਸੁਧਾਰ ਲਿਆਉਣ ਲਈ ਪੇਂਡੂ ਖੇਤਰ ਅਤੇ ਸਲੱਮ ਏਰੀਏ ਵਿੱਚ ਗਰਭਵਤੀ ਔਰਤਾਂ ਤੇ ਬੱਚਿਆਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕੀਤੀ ਜਾਵੇ। ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਘਰਾਂ ਵਿੱਚ ਡਲਿਵਰੀਆਂ ਦੇ ਰੁਝਾਨ ਨੂੰ ਘੱਟ ਕੀਤਾ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਜਨਨੀ ਸਿਸ਼ੂ ਸੁਰੱਕਸ਼ਾ ਯੋਜਨਾ, ਪੀ.ਸੀ.ਪੀ.ਐਨ.ਡੀ.ਟੀ. ਯੋਜਨਾ, ਮੋਬਾਇਲ ਯੂਨਿਟ, ਟੀਕਾਕਰਨ, ਸਕੂਲ ਹੈਲਥ ਪ੍ਰੋਗਰਾਮ, ਟੀ.ਬੀ.ਕੰਟਰੋਲ ਪ੍ਰੋਗਰਾਮ, ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ, ਅਰਬਨ ਹੈਲਥ ਮਿਸ਼ਨ, ਨੈਸ਼ਨਲ ਵੈਕਟਰ ਬੋਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ, ਵਾਟਰ ਸੈਪਲਿੰਗ, ਭਗਤ ਪੂਰਨ ਸਿੰਘ ਬੀਮਾ ਯੋਜਨਾ, ਨਸ਼ਾ ਛੁਡਾਊ ਕੇਂਦਰ ਅਤੇ ਤੰਦਰੁਸਤ ਪੰਜਾਬ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਸਮੂਹ ਐਸ.ਐਮ.ਓਜ਼ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।