ਡਵੀਜ਼ਨਲ ਕਮਿਸ਼ਨਰ ਵੱਲੋਂ ਢਹਿ ਢੇਰੀ ਹੋਈ ਅਮਰਸਨ ਪੋਲੀਮਰ ਫੈਕਟਰੀ ਦੀ  ਜਾਂਚ ਸ਼ੁਰੂ, ਘਟਨਾ ਸਥਾਨ ਦਾ ਦੌਰਾ

Loading

ਵੱਖ-ਵੱਖ ਵਿਭਾਗਾਂ ਤੋਂ ਰਿਪੋਰਟਾਂ ਮੰਗੀਆਂ, ਜ਼ੇਰੇ ਇਲਾਜ਼ ਮਰੀਜਾਂ ਨੂੰ ਮਿਲੇ

ਲੁਧਿਆਣਾ, 22 ਨਵੰਬਰ ( ਸਤ ਪਾਲ ਸੋਨੀ ) :  ਬੀਤੇ ਦਿਨੀਂ ਇਥੇ ਮੈਸਰਜ਼ ਅਮਰਸਨ ਪੋਲੀਮਰ ਫੈਕਟਰੀ ਦੇ ਅੱਗ ਕਾਰਨ ਢਹਿ ਢੇਰੀ ਹੋ ਜਾਣ ਅਤੇ ਕਈ ਵਿਅਕਤੀਆਂ ਦੇ ਮਾਰੇ ਜਾਣ ਦੀ ਘਟਨਾ ਦੀ ਜਾਂਚ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਵੀ. ਕੇ. ਮੀਨਾ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਉਨਾਂ ਅੱਜ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਇਸ ਹਾਦਸੇ ਵਿੱਚ ਜਖ਼ਮੀ ਹੋਏ ਮਰੀਜ਼ਾਂ ਦਾ ਸਥਾਨਕ ਸੀ. ਐੱਮ. ਸੀ. ਹਸਪਤਾਲ ਵਿਖੇ ਹਾਲ-ਚਾਲ ਪੁੱਛਿਆ। ਇਸ ਸੰਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਮੀਨਾ ਅਧਿਕਾਰੀਆਂ ਨੂੰ ਜਾਂਚ ਸੰਬੰਧੀ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ। ਉਨਾਂ ਨਗਰ ਨਿਗਮ ਲੁਧਿਆਣਾ ਤੋਂ ਢਹਿ ਢੇਰੀ ਹੋਈ ਇਮਾਰਤ ਦੇ ਹਾਊਸ ਟੈਕਸ/ਪ੍ਰਾਪਰਟੀ ਟੈਕਸ/ਬਿਲਡਿੰਗ ਪਲਾਨ/ਸੀਵਰੇਜ਼ ਅਤੇ ਵਾਟਰ ਸਪਲਾਈ ਸੰਬੰਧੀ ਰਿਕਾਰਡ ਅਤੇ ਰਜਿਸਟਰੇਸ਼ਨ ਨਾਲ ਸੰਬੰਧਤ ਹੋਰ ਸਾਰੇ ਦਸਤਾਵੇਜ਼ ਰਿਪੋਰਟ ਸਮੇਤ ਮੰਗੇ। ਇਸ ਤੋਂ ਇਲਾਵਾ ਸਨਅਤਾਂ ਬਾਰੇ ਵਿਭਾਗ ਤੋਂ ਅਲਾਟਮੈਂਟ ਪੱਤਰ ਅਤੇ ਬਿਲਡਿੰਗ ਪਲਾਨ ਸੰੰਬੰਧੀ ਰਿਪੋਰਟ ਮੰਗੀ ਗਈ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਕਿਹਾ ਗਿਆ ਹੈ ਕਿ ਉਹ ਵਿਭਾਗ ਵੱਲੋਂ ਜਾਰੀ ਇਤਰਾਜ਼ਹੀਣਤਾ ਸਰਟੀਫਿਕੇਟ ਅਤੇ ਮਨਜ਼ੂਰੀ ਪੱਤਰ ਪੇਸ਼ ਕਰਨ।
ਇਸੇ ਤਰਾਂ  ਫੈਕਟਰੀਜ਼ ਵਿਭਾਗ ਅਤੇ ਕਿਰਤ ਵਿਭਾਗ ਤੋਂ ਵੀ ਇਮਾਰਤ ਲਈ ਜਾਰੀ ਇਤਰਾਜ਼ਹੀਣਤਾ ਸਰਟੀਫਿਕੇਟ ਅਤੇ ਰਜਿਸਟਰੇਸ਼ਨ ਸਰਟੀਫਿਕੇਟ, ਪੁਲਿਸ ਵਿਭਾਗ ਤੋਂ ਇਸ ਮਾਮਲੇ ਸੰਬੰਧੀ ਐੱਫ਼. ਆਈ. ਆਰ. ਦੀ ਕਾਪੀ, ਅੱਗ ਬੁਝਾਊ ਵਿਭਾਗ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ ਦੇ ਨਾਲ-ਨਾਲ ਹੁਣ ਤੱਕ ਇਮਾਰਤ ਦੀ ਕੀਤੀ ਗਈ ਇੰਸਪੈਕਸ਼ਨ ਸੰਬੰਧੀ ਰਿਪੋਰਟ, ਬਿਜਲੀ ਵਿਭਾਗ ਤੋਂ ਇਮਾਰਤ ਵਿੱਚ ਲੱਗੇ ਬਿਜਲੀ ਦੇ ਕੁਨੈਕਸ਼ਨ ਅਤੇ ਉਸ ਦੇ ਲੋਡ ਸੰਬੰਧੀ ਰਿਪੋਰਟ, ਕਰ ਅਤੇ ਆਬਕਾਰੀ ਵਿਭਾਗ ਤੋਂ ਰਜਿਸਟਰੇਸ਼ਨ ਸਰਟੀਫਿਕੇਟ ਅਤੇ ਟੈਕਸ ਸੰਬੰਧੀ ਵੇਰਵਾ ਮੰਗਿਆ ਗਿਆ ਹੈ।
ਮੀਨਾ ਨੇ ਕਿਹਾ ਕਿ ਇਸ ਜਾਂਚ ਨੂੰ ਬਿਲਕੁਲ ਜ਼ਮੀਨੀ ਪੱਧਰ ‘ਤੇ ਜਾ ਕੇ ਕੀਤਾ ਜਾਵੇਗਾ, ਇਸ ਲਈ ਉਹ ਇਮਾਰਤ ਵਿੱਚ ਅੱਗ ਬੁਝਾਉਣ ਵਾਲੇ ਫਾਇਰ ਕਰਮੀਆਂ ਤੋਂ ਘਟਨਾ ਦੌਰਾਨ ਅੰਦਰ ਦੀ ਸਥਿਤੀ ਬਾਰੇ ਜਾਣਕਾਰੀ ਲੈਣਗੇ। ਉਹ ਜਲਦ ਹੀ ਅੱਗ ਬੁਝਾਉਣ ਵਾਲੇ ਕਰਮੀਆਂ ਨੂੰ ਵਿਸ਼ੇਸ਼ ਤੌਰ ‘ਤੇ ਮਿਲਣਗੇ। ਇਸ ਫੈਕਟਰੀ ਵਿੱਚ ਅਸਲ ਵਿੱਚ ਕੀ ਧੰਦਾ ਚੱਲਦਾ ਸੀ ਜਾਂ ਕੀ ਉਤਪਾਦ ਤਿਆਰ ਕੀਤੇ ਜਾਂਦੇ ਸਨ, ਇਸ ਸੰਬੰਧੀ ਅਸਲ ਤੱਥ ਜਾਨਣ ਲਈ ਸਮੇਂ-ਸਮੇਂ ‘ਤੇ ਇੰਸਪੈਕਸ਼ਨ ਕਰਨ ਵਾਲੇ ਵਿਭਾਗਾਂ ਨਾਲ ਗੱਲਬਾਤ ਕੀਤੀ ਜਾਵੇਗੀ। ਉਨਾਂ ਰਾਹਤ ਕਾਰਜਾਂ ਵਿੱਚ ਲੱਗੇ ਅਧਿਕਾਰੀਆਂ ਨੂੰ ਕਿਹਾ ਕਿ ਇਮਾਰਤ ਦੇ ਮਲਬੇ ਦੇ ਨਮੂਨੇ ਲੈ ਕੇ ਇਨਾਂ ਦੀ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇ ਤਾਂ ਜੋ ਇਹ ਪਤਾ ਲੱਗ ਸਕੇ ਕਿ ਅੱਗ ਦੌਰਾਨ ਧਮਾਕਾ ਕਿਸ ਕਾਰਨ ਹੋਇਆ। ਉਨਾਂ ਕਿਹਾ ਕਿ ਹੋ ਸਕਦਾ ਹੈ ਕਿ ਇਮਾਰਤ ਵਿੱਚ ਕੋਈ ਅਜਿਹਾ ਕੈਮੀਕਲ ਹੋਵੇ ਜੋ ਗੈਰ ਕਾਨੂੰਨੀ ਜਾਂ ਗੈਰਨਿਯਮੀ ਤਰੀਕੇ ਨਾਲ ਰੱਖਿਆ ਹੋਵੇ।

ਇਸ ਤੋਂ ਪਹਿਲਾਂ ਉਨਾਂ ਘਟਨਾ ਸਥਾਨ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਦਰਦਨਾਕ ਹਾਦਸੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਵੀ ਦੇਖਿਆ ਜਾਵੇਗਾ ਕਿ ਕੈਮੀਕਲ ਨੂੰ ਸਟੋਰ ਕਰਕੇ ਫੈਕਟਰੀ ਦੇ ਮਾਲਕ ਨੇ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ। ਅੱਜ ਇੱਥੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਰਾਹਤ ਅਤੇ ਬਚਾਊ ਕਾਰਵਾਈਆਂ ਦੀ ਜਾਣਕਾਰੀ ਹਾਸਲ ਕਰਦਿਆਂ ਉਨਾਂ ਕਿਹਾ ਕਿ ਨਿਰਮਾਣ ਨਿਯਮਾਂ ਸਬੰਧੀ ਉਲੰਘਣਾ ਦਾ ਵੀ ਜਾਂਚ ਦੌਰਾਨ ਪਤਾ ਲਾਇਆ ਜਾਵੇਗਾ। ਉਨਾਂ ਜ਼ਿਲਾ ਅਥਾਰਟੀ ਨੂੰ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਆਖਿਆ। ਪੀਡ਼ਤ ਪਰਿਵਾਰਾਂ ਦੇ ਮੈਂਬਰਾਂ ਨੂੰ ਦਿਲਾਸਾ ਦਿੰਦਿਆਂ ਉਨਾਂ ਕਿਹਾ ਕਿ ਮਲਬੇ ਹੇਠ ਅਜੇ ਵੀ ਦੱਬੇ ਹੋਏ ਵਿਅਕਤੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੇ ਜਾਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਦੱਸਣਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਸੀ। ਉਨਾਂ ਸਪੱਸ਼ਟ ਕੀਤਾ ਕਿ ਇਸ ਹਾਦਸੇ ਦੇ ਸਬੰਧ ਵਿੱਚ ਅਣਗਹਿਲੀ ਵਰਤਣ ਵਾਲੇ ਹਰੇਕ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਇਸ ਘਟਨਾ ਲਈ ਫੈਕਟਰੀ ਦਾ ਮਾਲਕ ਜਿੰਮੇਵਾਰ ਪਾਇਆ ਜਾਂਦਾ ਹੈ ਤਾਂ ਕਾਨੂੰਨ ਮੁਤਾਬਿਕ ਇਸ ਪੂਰੇ ਨੁਕਸਾਨ ਅਤੇ ਰਾਹਤ ਕਾਰਜਾਂ ‘ਤੇ ਆਏ ਖਰਚੇ ਦੀ ਭਰਪਾਈ ਫੈਕਟਰੀ ਮਾਲਕ ਤੋਂ ਵਸੂਲਣ ਦੀ ਸ਼ਿਫਾਰਸ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਉਨਾਂ ਨੂੰ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਡਿਪਟੀ ਕਮਿਸ਼ਨਰ ਆਫ਼ ਪੁਲੀਸ ਧਰੂਮਨ ਨਿੰਬਲੇ ਨੇ ਸੁਮੱਚੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਉਨਾਂ ਸਥਾਨਕ ਸੀ. ਐੱਮ. ਸੀ. ਹਸਪਤਾਲ ਵਿਖੇ ਜ਼ੇਰੇ ਇਲਾਜ਼ ਦੋ ਜਖ਼ਮੀਆਂ ਰੋਹਿਤ ਕੁਮਾਰ ਅਤੇ ਸੁਨੀਲ ਕੁਮਾਰ ਦਾ ਹਾਲ-ਚਾਲ ਜਾਣਿਆ। ਉਨਾਂ ਜਖ਼ਮੀਆਂ ਦੇ ਪਰਿਵਾਰਾਂ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਉਨਾਂ ਦੇ ਇਲਾਜ਼ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਉਠਾਇਆ ਜਾਵੇਗਾ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ ਖੰਨਾ ਅਜੇ ਸੂਦ, ਵਧੀਕ ਕਮਿਸ਼ਨਰ ਨਗਰ ਨਿਗਮ ਵਿਸ਼ੇਸ਼ ਸਾਰੰਗਲ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਰਤਨ ਸਿੰਘ ਬਰਾਡ਼, ਐੱਸ. ਡੀ. ਐੱਮ. ਲੁਧਿਆਣਾ ਪੂਰਬੀ ਅਮਰਜੀਤ ਸਿੰਘ ਬੈਂਸ ਅਤੇ ਹੋਰ ਹਾਜ਼ਰ ਸਨ।

8430cookie-checkਡਵੀਜ਼ਨਲ ਕਮਿਸ਼ਨਰ ਵੱਲੋਂ ਢਹਿ ਢੇਰੀ ਹੋਈ ਅਮਰਸਨ ਪੋਲੀਮਰ ਫੈਕਟਰੀ ਦੀ  ਜਾਂਚ ਸ਼ੁਰੂ, ਘਟਨਾ ਸਥਾਨ ਦਾ ਦੌਰਾ

Leave a Reply

Your email address will not be published. Required fields are marked *

error: Content is protected !!