![]()

ਟਾਟਾ ਗਰੁੱਪ ਨੂੰ ਪ੍ਰਸਤਾਵਿਤ ਪ੍ਰੋਜੈਕਟ ਰਿਪੋਰਟ 10 ਮਾਰਚ ਤੱਕ ਪੇਸ਼ ਕਰਨ ਬਾਰੇ ਕਿਹਾ-ਰਵਨੀਤ ਸਿੰਘ ਬਿੱਟੂ
ਲੁਧਿਆਣਾ, 21 ਫਰਵਰੀ ( ਸਤ ਪਾਲ ਸੋਨੀ ) : ਟਾਟਾ ਗਰੁੱਪ ਨੇ ਸ਼ਹਿਰ ਵਿੱਚੋਂ ਲੰਘਦੇ ਬੁੱਢੇ ਨਾਲ਼ੇ ਨੂੰ ਸਾਫ਼ ਕਰਨ, ਇਸਦੇ ਸੁੰਦਰੀਕਰਨ ਅਤੇ ਪਾਣੀ ਨੂੰ ਮੁੜ ਵਰਤੋਂ ਯੋਗ ਬਣਾਉਣ ਦਾ ਪ੍ਰੋਜੈਕਟ ਲਗਾਉਣ ਦੀ ਇੱਛਾ ਪ੍ਰਗਟ ਕੀਤੀ ਹੈ। ਇਸ ਸੰਬੰਧੀ ਗਰੁੱਪ ਦੇ ਮਾਹਿਰਾਂ ਦੀ ਇੱਕ ਟੀਮ ਨੇ ਅੱਜ ਸਥਾਨਕ ਨਗਰ ਨਿਗਮ ਦੇ ਜ਼ੋਨ-ਡੀ ਦਫ਼ਤਰ ਵਿਖੇ ਇੱਕ ਪੇਸ਼ਕਾਰੀ ਵੀ ਦਿੱਤੀ, ਜਿਸ ਵਿੱਚ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਮੇਅਰ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ , ਕੌਂਸਲਰ ਮਮਤਾ ਆਸ਼ੂ ਅਤੇ ਜੈ ਪ੍ਰਕਾਸ਼ ਅਤੇ ਹੋਰਾਂ ਨੇ ਹਿੱਸਾ ਲਿਆ। ਟਾਟਾ ਗਰੁੱਪ ਦੇ ਉੱਪ ਪ੍ਰਧਾਨ ਮਨੀਸ਼ ਤ੍ਰਿਪਾਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਦੀ ਕੰਪਨੀ ਵੱਲੋਂ ਅਜਿਹੇ ਹੋਰ ਕਈ ਪ੍ਰੋਜੈਕਟਾਂ ‘ਤੇ ਪਹਿਲਾਂ ਹੀ ਕੰਮ ਕੀਤਾ ਜਾ ਰਿਹਾ ਹੈ, ਜਿਨਾਂ ਵਿੱਚ ਜੈਪੁਰ ਦੀ ਦਰਿਆਵਤੀ ਨਦੀ, ਪਟਿਆਲਾ ਦੀ ਬੜੀ ਨਦੀ ਅਤੇ ਛੋਟੀ ਨਦੀ ਆਦਿ ਸ਼ਾਮਿਲ ਹਨ। ਕੰਪਨੀ ਦੇ ਨੁਮਾਇੰਦਿਆਂ ਨੇ ਕਿਹਾ ਉਹ ਕੇਵਲ ਬੁੱਢੇ ਨਾਲ਼ੇ ਦੀ ਸਫਾਈ ਹੀ ਨਹੀਂ ਕਰਨਗੇ, ਸਗੋਂ ਪ੍ਰੋਜੈਕਟ ਤਹਿਤ ਕਿਨਾਰੇ ਬਣਾਉਣ, ਸਾਈਕਲ ਚਾਲਕਾਂ ਤੇ ਸੈਰ ਕਰਨ ਵਾਲਿਆਂ ਲਈ ਰਸਤਾ ਬਣਾਉਣ, ਸੁੰਦਰੀਕਰਨ, ਪੌਦੇ ਲਗਾਉਣ, ਗਰੀਨ ਬੈਲਟ ਵਿਕਸਤ ਕਰਨ, ਲੋੜ ਮੁਤਾਬਿਕ ਪਾਰਕਾਂ ਬਣਾਉਣ ਅਤੇ ਇਸਦੇ ਗੰਦੇ ਪਾਣੀ ਨੂੰ ਖੇਤੀਬਾਡ਼ੀ ਅਤੇ ਬਾਗਬਾਨੀ ਲਈ ਮੁੜ ਵਰਤੋਂ ਯੋਗ ਬਣਾਉਣ ਲਈ ਵੀ ਕੰਮ ਕਰਨਗੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਬੁੱਢੇ ਨਾਲ਼ੇ ਦੇ 14 ਕਿਲੋਮੀਟਰ ਲੰਮੇ ਖੇਤਰ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣਾ ਦਾ ਸਭ ਤੋਂ ਅਹਿਮ ਟੀਚਾ ਹੈ। ਉਨਾਂ ਨੇ ਟਾਟਾ ਗਰੁੱਪ ਨੂੰ ਇਸ ਪੂਰੇ ਕੰਮ ਦੀ ਇੱਕ ਪ੍ਰਤਾਵਿਤ ਰਿਪੋਰਟ ਤਿਆਰ ਕਰਨ ਅਤੇ ਮਿਤੀ 10 ਮਾਰਚ ਤੱਕ ਸੌਂਪਣ ਬਾਰੇ ਕਿਹਾ ਹੈ ਤਾਂ ਜੋ ਇਸ ਪ੍ਰੋਜੈਕਟ ਬਾਰੇ ਅੱਗੇ ਸੋਚਿਆ ਜਾ ਸਕੇ। ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਨਗਰ ਨਿਗਮ ਲੁਧਿਆਣਾ ਬੁੱਢੇ ਨਾਲ਼ੇ ਦੀ ਇਸ ਸਮੱਸਿਆ ਦਾ ਮੁਕੰਮਲ ਹੱਲ ਲੱਭਣ ਲਈ ਉਤਾਵਲੀ ਹੈ ਅਤੇ ਇਸ ਦਿਸ਼ਾ ਵਿੱਚ ਕਾਫੀ ਯਤਨ ਕੀਤੇ ਜਾ ਰਹੇ ਹਨ। ਬਿੱਟੂ ਨੇ ਸ਼ਹਿਰਵਾਸੀਆਂ, ਧਾਰਮਿਕ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨਾਲ਼ੇ ਦੀ ਸਫਾਈ ਅਤੇ ਸੁੰਦਰੀਕਰਨ ਲਈ ਸਹਿਯੋਗ ਕਰਨ। ਉਨਾਂ ਕਿਹਾ ਕਿ ਇਹ ਪ੍ਰੋਜੈਕਟ ਜਲਦ ਹੀ ਸ਼ੁਰੂ ਕੀਤਾ ਜਾਵੇਗਾ, ਜਦੋਂ ਇਹ ਪ੍ਰੋਜੈਕਟ ਸ਼ੁਰੂ ਹੋ ਗਿਆ ਤਾਂ ਕਿਸੇ ਵੀ ਵਿਅਕਤੀ ਨੂੰ ਇਸ ਨਾਲ਼ੇ ਵਿੱਚ ਗੰਦ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨਾਂ ਪੰਜਾਬ ਸਰਕਾਰ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਸਰਕਾਰ ਵੱਲੋਂ ਇਸ ਨਾਲ਼ੇ ਦੀ ਕਾਇਆ ਕਲਪ ਕਰਨ ਲਈ ਬਜਟ ਵਿੱਚ 4.38 ਕਰੋੜ ਰੁਪਏ ਵਿਸ਼ੇਸ਼ ਤੌਰ ‘ਤੇ ਰੱਖੇ ਗਏ ਹਨ। ਉਨਾਂ ਹੋਰ ਕਿਹਾ ਕਿ ਅਮਰੂਤ ਯੋਜਨਾ ਤਹਿਤ ਮੌਜੂਦਾ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੀ ਸਮਰੱਥਾ ਵਧਾਉਣ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਪੇਸ਼ਕਾਰੀ ਮੌਕੇ ਲੈੱਟ ਅਸ ਕਲੀਨ ਲੁਧਿਆਣਾ ਫਾਉਂਡੇਸ਼ਨ ਦੇ ਉੱਪ ਪ੍ਰਧਾਨ ਕਰਨਲ ਜੇ. ਐੱਸ. ਗਿੱਲ, ਵਧੀਕ ਕਮਿਸ਼ਨਰ ਨਗਰ ਨਿਗਮ ਸੰਯਮ ਅਗਰਵਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।