![]()

ਸਾਰੀਆਂ ਮੰਡੀਆਂ ਵਿੱਚ ਪਹੁੰਚੀ 4.47 ਲੱਖ ਮੀਟਰਕ ਟਨ ਕਣਕ ‘ਚੋਂ 4.16 ਲੱਖ ਮੀਟਰਕ ਟਨ ਦੀ ਨਿਰਧਾਰਤ ਸਮਾਂ ਸੀਮਾ ਵਿੱਚ ਹੋ ਚੁੱਕੀ ਹੈ ਖਰੀਦ
ਲੁਧਿਆਣਾ, 21 ਅਪ੍ਰੈੱਲ (ਸਤ ਪਾਲ ਸੋਨੀ ) : ਕਣਕ ਦੀ ਖਰੀਦ ਦੇ ਚੱਲਦਿਆਂ ਜ਼ਿਲਾ ਲੁਧਿਆਣਾ ਵਿੱਚ ਮਿਤੀ 20 ਅਪ੍ਰੈੱਲ ਤੱਕ 378.53 ਕਰੋਡ਼ ਰੁਪਏ ਦੀ ਅਦਾਇਗੀ ਆਨਲਾਈਨ ਵਿਧੀ ਰਾਹੀਂ ਕਰ ਦਿੱਤੀ ਗਈ ਹੈ, ਇਸ ਸਾਲ ਜ਼ਿਲਾ ਲੁਧਿਆਣਾ ਦੀਆਂ ਸਾਰੀਆਂ ਮੰਡੀਆਂ ਵਿੱਚ ਹੁਣ ਤੱਕ ਕੁੱਲ 447711 ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 416550 ਮੀਟਰਕ ਟਨ (94 ਫੀਸਦੀ) ਦੀ ਖਰੀਦ ਹੋ ਚੁੱਕੀ ਹੈ। ਖਰੀਦ, ਲਿਫਟਿੰਗ ਅਤੇ ਅਦਾਇਗੀ ਪ੍ਰਕਿਰਿਆ ਬਡ਼ੇ ਸੁਚੱਜੇ ਤਰੀਕੇ ਨਾਲ ਚੱਲ ਰਹੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਵਿਸ਼ੇਸ਼ ਨੀਤੀ ਤਹਿਤ ਜ਼ਿਲਾ ਲੁਧਿਆਣਾ ਵਿੱਚ ਕਣਕ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਪ੍ਰਕਿਰਿਆ ਬਡ਼ੇ ਸੁਚੱਜੇ ਤਰੀਕੇ ਨਾਲ ਚੱਲ ਰਹੀ ਹੈ। ਕਿਸਾਨਾਂ ਦੀ ਜਿਣਸ ਦੀ ਕੀਮਤ ਉਨਾਂ ਨੂੰ ਨਾਲ-ਨਾਲ ਖਰੀਦ ਤੋਂ 48 ਘੰਟੇ ਵਿੱਚ-ਵਿੱਚ ਕੀਤੀ ਜਾ ਰਹੀ ਹੈ, ਤਾਂ ਜੋ ਕਿਸਾਨਾਂ ਨੂੰ ਆਪਣੀ ਅਦਾਇਗੀ ਲਈ ਸਰਕਾਰੇ-ਦਰਬਾਰੇ ਪ੍ਰੇਸ਼ਾਨ ਨਾ ਹੋਣਾ ਪਵੇ। ਹੁਣ ਤੱਕ ਸਾਰੇ ਜ਼ਿਲਾ ਲੁਧਿਆਣਾ ਵਿੱਚ ਕੁੱਲ 378.53 ਕਰੋਡ਼ ਰੁਪਏ ਦੀ ਅਦਾਇਗੀ ਆਨਲਾਈਨ ਵਿਧੀ ਰਾਹੀਂ ਕੀਤੀ ਜਾ ਚੁੱਕੀ ਹੈ।
ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਦੀਆਂ ਵੱਖ-ਵੱਖ ਮੰਡੀਆਂ ਵਿੱਚ 20 ਅਪ੍ਰੈੱਲ ਤੱਕ ਪੁੱਜੀ 447711 ਮੀਟਰਕ ਟਨ ਕਣਕ ਵਿੱਚੋਂ ਪਨਗਰੇਨ ਨੇ 100060 ਮੀਟਰਕ ਟਨ, ਮਾਰਕਫੈੱਡ ਨੇ 101378 ਮੀਟਰਕ ਟਨ, ਪਨਸਪ ਨੇ 68306 ਮੀਟਰਕ ਟਨ, ਵੇਅਰਹਾਊਸ ਨੇ 46448 ਮੀਟਰਕ ਟਨ, ਪੰਜਾਬ ਐਗਰੋ ਨੇ 36208 ਮੀਟਰਕ ਟਨ, ਐੱਫ. ਸੀ. ਆਈ. ਨੇ 60992 ਮੀਟਰਕ ਟਨ ਅਤੇ ਨਿੱਜੀ ਆਡ਼ਤੀਆਂ ਨੇ 3158 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਹੈ, ਜੋ ਕਿ ਕੁੱਲ ਖਰੀਦ 416550 ਮੀਟਰਕ ਟਨ (94 ਫੀਸਦੀ) ਬਣਦੀ ਹੈ। ਉਨਾਂ ਦੱਸਿਆ ਕਿ ਖਰੀਦੀ ਕਣਕ ਦੀ ਲਿਫਟਿੰਗ ਵਿੱਚ ਵੀ ਦਿਨੋਂ ਦਿਨ ਤੇਜ਼ੀ ਆ ਰਹੀ ਹੈ, ਜਿਸ ਤਹਿਤ ਜ਼ਿਲੇ ਦੀਆਂ ਮੰਡੀਆਂ ਵਿੱਚੋਂ ਹੁਣ ਤੱਕ 115857 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਏਜੰਸੀਵਾਰ ਲਿਫਟਿੰਗ ਦਾ ਵੇਰਵਾ ਦਿੰਦਿਆਂ ਉਨਾਂ ਦੱਸਿਆ ਕਿ ਪਨਗਰੇਨ ਵੱਲੋਂ 24720 ਮੀਟਰਕ ਟਨ, ਮਾਰਕਫੈੱਡ ਵੱਲੋਂ 30330 ਮੀਟਰਕ ਟਨ, ਪਨਸਪ ਵੱਲੋਂ 22075 ਮੀਟਰਕ ਟਨ, ਵੇਅਰਹਾਊਸ ਵੱਲੋਂ 18840 ਮੀਟਰਕ ਟਨ, ਪੰਜਾਬ ਐਗਰੋ ਵੱਲੋਂ 9518 ਮੀਟਰਕ ਟਨ, ਐੱਫ. ਸੀ. ਆਈ. ਵੱਲੋਂ 7216 ਮੀਟਰਕ ਟਨ, ਨਿੱਜੀ ਆਡ਼ਤੀਆਂ ਵੱਲੋਂ 3158 ਮੀਟਰਕ ਟਨ ਲਿਫ਼ਟਿੰਗ ਕਰਵਾ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਸਾਰੀਆਂ ਏਜੰਸੀਆਂ ਰਾਹੀਂ ਪਿਛਲੇ ਸਾਲ ਖਰੀਦ ਕੀਤੀ ਗਈ 8.46 ਲੱਖ ਮੀਟਰਕ ਟਨ ਕਣਕ ਦੇ ਮੁਕਾਬਲੇ, ਇਸ ਸਾਲ 9 ਲੱਖ ਮੀਟਰਕ ਟਨ ਕਣਕ ਖਰੀਦ ਹੋਣ ਦਾ ਅੰਦਾਜ਼ਾ ਹੈ। ਏਸ਼ੀਆ ਮਹਾਂਦੀਪ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਸਮੇਤ ਸਾਰੀਆਂ ਮੰਡੀਆਂ ਵਿਖੇ ਕਣਕ ਦੀ ਖਰੀਦ ਜਾਰੀ ਹੈ।