![]()

ਕਰਜ਼ਾ ਰਾਹਤ ਯੋਜਨਾ ਅਧੀਨ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਲਾਭ ਪਾਤਰੀ ਕਿਸਾਨਾਂ ਨੂੰ ਮੈਬਰ ਲੋਕ ਸਭਾ ਵੱਲੋਂ ਰਾਹਤ ਸਰਟੀਫਿਕੇਟਾਂ ਦੀ ਵੰਡ
ਹੰਬਡ਼ਾ/ਮੁੱਲਾਂਪੁਰ, 28 ਜਨਵਰੀ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਿਸਾਨ ਕਰਜ਼ਾ ਰਾਹਤ ਯੋਜਨਾ ਤਹਿਤ ਤੀਜੇ ਗੇਡ਼ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਤਹਿਤ ਜ਼ਿਲਾ ਲੁਧਿਆਣਾ ਦੇ 7778 ਛੋਟੇ ਕਿਸਾਨਾਂ ਦਾ 64.44 ਕਰੋਡ਼ ਰੁਪਏ ਕਰਜ਼ਾ ਮੁਆਫ ਕੀਤਾ ਗਿਆ ਹੈ। ਇਨਾਂ ਕਰਜ਼ਾ ਰਾਹਤ ਸਰਟੀਫਿਕੇਟਾਂ ਦੀ ਵੰਡ ਅੱਜ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਸਬਾ ਹੰਬਡ਼ਾ, ਮੰਡੀ ਮੁੱਲਾਂਪੁਰ ਅਤੇ ਜਗਰਾਓ ਵਿਖੇ ਹੋਏ ਤਿੰਨ ਅਲੱਗ-ਅਲੱਗ ਸਮਾਗਮਾਂ ਮੌਕੇ ਕੀਤੀ।ਇਸ ਮੌਕੇ ਵੱਖ-ਵੱਖ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਿਸਾਨ ਕਰਜ਼ਾ ਰਾਹਤ ਯੋਜਨਾ ਦੇ ਤੀਜੇ ਗੇਡ਼ ਦੌਰਾਨ ਹਲਕਾ ਗਿੱਲ ਦੇ 861 ਕਿਸਾਨਾਂ ਨੂੰ 6.22 ਕਰੋਡ਼, ਹਲਕਾ ਦਾਖਾ ਦੇ 993ਕਿਸਾਨਾਂ ਨੂੰ 7.72 ਕਰੋਡ਼, ਜਗਰਾਓ ਦੇ 1208 ਕਿਸਾਨਾਂ ਨੂੰ 9.49 ਕਰੋਡ਼, ਸਾਹਨੇਵਾਲ ਦੇ 771 ਕਿਸਾਨਾਂ ਨੂੰ 7.33 ਕਰੋਡ਼, ਹਲਕਾ ਖੰਨਾ ਦੇ 553 ਕਿਸਾਨਾਂ ਨੂੰ 4.84 ਕਰੋਡ਼, ਪਾਇਲ ਦੇ 1478 ਕਿਸਾਨਾਂ ਨੂੰ 11.52 ਕਰੋਡ਼, ਰਾਏਕੋਟ ਦੇ 1176 ਕਿਸਾਨਾਂ ਨੂੰ 9. 31 ਕਰੋਡ਼, ਸਮਰਾਲਾ ਦੇ 798 ਕਿਸਾਨਾਂ ਨੂੰ 8.01 ਕਰੋਡ਼ ਦੇ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ 2 ਗੇਡ਼ਾਂ ਦੌਰਾਨ ਜ਼ਿਲਾ ਲੁਧਿਆਣਾ ਦੇ 38,432 ਕਿਸਾਨਾਂ ਨੂੰ 311.71ਕਰੋਡ਼ ਰੁਪਏ ਦੇ ਕਰਜ਼ਾ ਰਾਹਤ ਯੋਜਨਾ ਦੇ ਸਰਟੀਫਿਕੇਟ ਵੰਡੇ ਗਏ ਸਨ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਪੂਰੀ ਤਰਾਂ ਯਤਨਸ਼ੀਲ ਹੈ, ਉਨਾਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਵਿਕਾਸ ਵਿੱਚ ਪੰਜਾਬ ਸਰਕਾਰ ਦਾ ਪੂਰਨ ਸਹਿਯੋਗ ਕਰਨ। ਉਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਕਰਜ਼ਿਆਂ ਉੱਪਰ ਨਿਰਭਰ ਰਹਿਣ ਦੀ ਬਜਾਏ ਆਪਣੇ ਨਿੱਤ ਦਿਨ ਦੇ ਖਰਚਿਆਂ ਨੂੰ ਸੰਕੋਚ ਕੇ ਕਰਨ ਦੀ ਕੋਸ਼ਿਸ਼ ਕਰਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਦਲਿਤ ਭਾਈਚਾਰੇ ਦੇ ਬੇਜ਼ਮੀਨੇ ਖੇਤ ਮਜ਼ਦੂਰਾਂ ਦਾ ਵੀ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ।ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਮੇਜਰ ਸਿੰਘ ਭੈਣੀ, ਗੁਰਦੇਵ ਸਿੰਘ ਲਾਪਰਾ, ਮਨਜੀਤ ਸਿੰਘ ਹੰਬਡ਼ਾਂ,ਦਰਸ਼ਨ ਸਿੰਘ ਬੀਰਮੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਦਮਨਜੀਤ ਸਿੰਘ ਮਾਨ ਐਸ.ਡੀ.ਐਮ. (ਲੁਧਿਆਣਾ ਪੱਛਮੀ), ਕਰਨਜੀਤ ਸਿੰਘ ਸੋਨੀ ਗਾਲਿਬ ਜ਼ਿਲਾ ਪ੍ਰਧਾਨ ਕਾਂਗਰਸ ਕਮੇਟੀ (ਦਿਹਾਤੀ), ਆਨੰਦ ਸਰੂਪ ਸਿੰਘ ਮੋਹੀ, ਕੇ.ਕੇ.ਬਾਵਾ, ਰਛਪਾਲ ਸਿੰਘ ਤਲਵਾਡ਼ਾ,ਮੇਜਰ ਸਿੰਘ ਮੁੱਲਾਂਪੁਰ, ਕੌਂਸਲਰ ਹਰਕਰਨ ਸਿੰਘ ਵੈਦ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।